ਅਮਰੀਕਾ ’ਚ 17 ਹਜ਼ਾਰ ਕੱਚੇ ਡਰਾਈਵਰਾਂ ਨੂੰ ਮੁੜ ਮਿਲਣਗੇ ਲਾਇਸੰਸ
ਅਮਰੀਕਾ ਵਿਚ ਹਜ਼ਾਰਾਂ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਬਾਛਾਂ ਖਿੜ ਗਈਆਂ ਜਦੋਂ ਕੈਲੇਫੋਰਨੀਆ ਸੂਬੇ ਵੱਲੋਂ 17 ਹਜ਼ਾਰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਮੁੜ ਜਾਰੀ ਕਰਨ ਦਾ ਐਲਾਨ ਕਰ ਦਿਤਾ ਗਿਆ
ਸੈਕਰਾਮੈਂਟੋ : ਅਮਰੀਕਾ ਵਿਚ ਹਜ਼ਾਰਾਂ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਬਾਛਾਂ ਖਿੜ ਗਈਆਂ ਜਦੋਂ ਕੈਲੇਫੋਰਨੀਆ ਸੂਬੇ ਵੱਲੋਂ 17 ਹਜ਼ਾਰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਮੁੜ ਜਾਰੀ ਕਰਨ ਦਾ ਐਲਾਨ ਕਰ ਦਿਤਾ ਗਿਆ। ਟਰੰਪ ਸਰਕਾਰ ਦੇ ਹੁਕਮਾਂ ’ਤੇ ਅਮਰੀਕਾ ਵਿਚ ਇੰਮੀਗ੍ਰੇਸ਼ਨ ਪੱਖੋਂ ਕੱਚੇ ਡਰਾਈਵਰਾਂ ਦੇ ਲਾਇਸੰਸ ਰੱਦ ਕਰਨ ਦੇ ਹੁਕਮ ਦਿਤੇ ਗਏ ਸਨ ਪਰ ਡੀ.ਸੀ. ਦੀ ਅਪੀਲ ਅਦਾਲਤ ਵੱਲੋਂ ਐਮਰਜੰਸੀ ਨਿਯਮ ’ਤੇ ਰੋਕ ਲਾ ਦਿਤੀ ਗਈ ਹੈ। ਅਪੀਲ ਅਦਾਲਤ ਦੀਆਂ ਹਦਾਇਤਾਂ ਮਗਰੋਂ ਕੈਲੇਫੋਰਨੀਆ ਦੇ ਟ੍ਰਾਂਸਪੋਰਟ ਵਿਭਾਗ ਨੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਮੁੜ ਜਾਰੀ ਕਰਨ ਦੀ ਯੋਜਨਾ ਆਰੰਭ ਦਿਤੀ ਅਤੇ ਇਸ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਫ਼ਿਲਹਾਲ ਅਮਰੀਕਾ ਦੇ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਵੱਲੋਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਉਧਰ ਕੈਲੇਫੋਰਨੀਆ ਵਿਚ ਮੌਜੂਦ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁੜ ਲਾਇਸੰਸ ਜਾਰੀ ਕਰਨ ਬਾਰੇ ਕੋਈ ਲਿਖਤੀ ਜਾਣਕਾਰੀ ਨਹੀਂ ਮਿਲੀ।
ਅਪੀਲ ਅਦਾਲਤ ਦੇ ਫੈਸਲੇ ਮਗਰੋਂ ਕੈਲੇਫੋਰਨੀਆ ਸੂਬੇ ਦਾ ਐਲਾਨ
ਕੈਲੇਫੋਰਨੀਆ ਸਰਕਾਰ ਵੱਲੋਂ ਲਾਇਸੰਸ ਰੱਦ ਕਰਨ ਹੁਕਮ ਸਾਹਮਣੇ ਆਉਣ ਮਗਰੋਂ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੇ ਕਿਹਾ ਸੀ ਕਿ ਝੂਠ ਦਾ ਪਰਦਾ ਫ਼ਾਸ਼ ਹੋ ਚੁੱਕਾ ਹੈ ਅਤੇ ਹੁਣ ਕੈਲੇਫੋਰਨੀਆ ਸਰਕਾਰ ਗੈਰਕਾਨੂੰਨੀ ਤਰੀਕੇ ਨਾਲ ਜਾਰੀ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਰੱਦ ਕਰ ਰਹੀ ਹੈ। ਦੂਜੇ ਪਾਸੇ ਗਵਰਨਰ ਗੈਵਿਨ ਨਿਊਸਮ ਦੇ ਬੁਲਾਰੇ ਬਰੈਂਡਨ ਰਿਚਰਡਜ਼ ਨੇ ਆਖਿਆ ਕਿ ਇਕ ਵਾਰ ਫਿਰ ਸ਼ੌਨ ਡਫ਼ੀ ਕੋਰਾ ਝੂਠ ਬੋਲ ਰਹੇ ਹਨ ਅਤੇ ਸੱਚ ਲੁਕਾਇਆ ਜਾ ਰਿਹਾ ਹੈ। ਰਿਚਰਡਜ਼ ਨੇ ਦਲੀਲ ਦਿਤੀ ਕਿ ਜਿਹੜੇ ਡਰਾਈਵਰਾਂ ਦੇ ਲਾਇਸੰਸ ਰੱਦ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਫ਼ੈਡਰਲ ਸਰਕਾਰ ਤੋਂ ਕੰਮ ਕਰਨ ਦਾ ਹੱਕ ਮਿਲਿਆ ਹੋਇਆ ਹੈ ਅਤੇ ਕੋਈ ਵੀ ਗੈਰਕਾਨੂੰਨੀ ਤੌਰ ’ਤੇ ਮੌਜੂਦ ਨਹੀਂ। ਰਿਚਰਡਜ਼ ਨੇ ਅੱਗੇ ਕਿਹਾ ਕਿ ਜਦੋਂ ਲਾਇਸੰਸ ਜਾਰੀ ਕੀਤੇ ਗਏ, ਉਸ ਵੇਲੇ ਨਵੀਆਂ ਫ਼ੈਡਰਲ ਸ਼ਰਤਾਂ ਲਾਗੂ ਨਹੀਂ ਸਨ। ਕੈਲੇਫੋਰਨੀਆ ਸਰਕਾਰ ਨੇ ਸ਼ੌਨ ਡਫ਼ੀ ਦੇ ਉਸ ਦਾਅਵੇ ਨੂੰ ਵੀ ਥੋਥਾ ਕਰਾਰ ਦਿਤਾ ਜਿਸ ਵਿਚ ਕਿਹਾ ਗਿਆ ਕਿ ਸੂਬੇ ਨਾਲ ਸਬੰਧਤ ਕਮਰਸ਼ੀਅਲ ਡਰਾਈਵਰ ਸਭ ਤੋਂ ਵੱਧ ਜਾਨਲੇਵਾ ਸੜਕ ਹਾਦਸਿਆਂ ਨੂੰ ਅੰਜਾਮ ਦਿੰਦੇ ਹਨ।
ਹਜ਼ਾਰਾਂ ਪੰਜਾਬੀ ਡਰਾਈਵਰਾਂ ਦੀ ਰੋਜ਼ੀ-ਰੋਟੀ ਮੁੜ ਹੋਵੇਗੀ ਸ਼ੁਰੂ
ਰਿਚਰਡਜ਼ ਨੇ ਤੱਥਾਂ ਦੇ ਆਧਾਰ ’ਤੇ ਦੱਸਿਆ ਕਿ ਅਮਰੀਕਾ ਵਿਚ ਸੜਕ ਹਾਦਸਿਆਂ ਦੀ ਕੌਮੀ ਔਸਤ ਦੇ ਮੁਕਾਬਲੇ ਕੈਲੇਫੋਰਨੀਆ ਵਿਚ ਘੱਟ ਹਾਦਸੇ ਵਾਪਰਦੇ ਹਨ ਜਦਕਿ ਟੈਕਸਸ ਵਿਚ ਵਾਪਰਦੇ ਖ਼ਤਰਨਾਕ ਹਾਦਸਿਆਂ ਦੀ ਗਿਣਤੀ ਕੈਲੇਫੋਰਨੀਆ ਤੋਂ 50 ਫ਼ੀ ਸਦੀ ਵੱਧ ਬਣਦੀ ਹੈ। ਚੇਤੇ ਰਹੇ ਕਿ ਟਰੰਪ ਸਰਕਾਰ ਵੱਲੋਂ ਲਿਆਂਦੇ ਨਵੇਂ ਇੰਮੀਗ੍ਰੇਸ਼ਨ ਨਿਯਮਾਂ ਤਹਿਤ ਵਰਕ ਪਰਮਿਟ ’ਤੇ ਚੱਲ ਰਹੇ 2 ਲੱਖ ਡਰਾਈਵਰਾਂ ਵਿਚੋਂ ਸਿਰਫ਼ 10 ਹਜ਼ਾਰ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਬਚ ਸਕਦੇ ਹਨ ਜਿਨ੍ਹਾਂ ਕੋਲ ਐਚ-2 ਏ, ਐਚ-2 ਬੀ ਜਾਂ ਈ-2 ਵੀਜ਼ਾ ਮੌਜੂਦ ਹੈ। ਐਚ-2 ਏ ਵੀਜ਼ਾ ਆਰਜ਼ੀ ਖੇਤੀ ਕਾਮਿਆਂ ਨੂੰ ਦਿਤਾ ਜਾਂਦਾ ਹੈ ਜਦਕਿ ਐਚ-2 ਬੀ ਵੀਜ਼ਾ ਆਰਜ਼ੀ ਗੈਰ ਖੇਤੀ ਕਾਮਿਆਂ ਨੂੰ ਦਿਤਾ ਜਾਂਦਾ ਹੈ। ਈ-2 ਵੀਜ਼ਾ ਅਮਰੀਕਾ ਵਿਚ ਵੱਡਾ ਨਿਵੇਸ਼ ਕਰਨ ਵਾਲਿਆਂ ਨੂੰ ਮਿਲਦਾ ਹੈ। ਪਰ 1 ਲੱਖ 90 ਹਜ਼ਾਰ ਡਰਾਈਵਰ ਉਦੋਂ ਤੱਕ ਟਰੱਕ ਚਲਾ ਸਕਦੇ ਹਨ ਜਦੋਂ ਤੱਕ ਲਾਇਸੰਸ ਨਵਿਆਉਣ ਦੀ ਨੌਬਤ ਨਹੀਂ ਆਉਂਦੀ। ਇਹ ਵੀ ਪਤਾ ਲੱਗਾ ਹੈ ਕਿ ਕੈਲੇਫੋਰਨੀਆ ਸਰਕਾਰ ਵੱਲੋਂ ਤਾਜ਼ਾ ਕਾਰਵਾਈ ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦੀ ਸਹਿਮਤੀ ਨਾਲ ਕੀਤੀ ਜਾ ਰਹੀ ਹੈ।