ਸੋਨਾ ਲੱਭਣ ਡੂੰਘੀ ਖਾਣ ਵਿਚ ਦਾਖਲ ਹੋਏ 100 ਲੋਕਾਂ ਦੀ ਮੌਤ
ਦੱਖਣੀ ਅਫ਼ਰੀਕਾ ਵਿਚ ਸੋਨੇ ਦੀ ਭਾਲ ਕਰ ਰਹੇ 400 ਲੋਕਾਂ ਵਿਚੋਂ 100 ਤੋਂ ਵੱਧ ਭੁੱਖ-ਪਿਆਸ ਨਾਲ ਦਮ ਤੋੜ ਗਏ।;
ਕੇਪ ਟਾਊਨ : ਦੱਖਣੀ ਅਫ਼ਰੀਕਾ ਵਿਚ ਸੋਨੇ ਦੀ ਭਾਲ ਕਰ ਰਹੇ 400 ਲੋਕਾਂ ਵਿਚੋਂ 100 ਤੋਂ ਵੱਧ ਭੁੱਖ-ਪਿਆਸ ਨਾਲ ਦਮ ਤੋੜ ਗਏ। ਮੀਡੀਆ ਰਿਪੋਰਟਾਂ ਮੁਤਾਬਕ ਗੈਰਕਾਨੂੰਨੀ ਤਰੀਕੇ ਨਾਲ ਸੋਨਾ ਕੱਢਣ ਦੇ ਯਤਨ ਰਹੇ ਸੈਂਕੜੇ ਲੋਕ ਦੋ ਮਹੀਨੇ ਤੋਂ ਖਾਣ ਵਿਚ ਫਸੇ ਹੋਏ ਸਨ ਅਤੇ ਸਭਨਾਂ ਨੂੰ ਸੁਰੱਖਿਅਤ ਬਾਹਰ ਨਾ ਕੱਢਿਆ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਇਕ ਬੰਦ ਹੋ ਚੁੱਕੀ ਖਾਣ ਵਿਚੋਂ ਸੋਨਾ ਕੱਢਣ ਦਾ ਲਾਲਚ ਸੈਂਕੜੇ ਲੋਕਾਂ ਨੂੰ ਧਰਤੀ ਦੇ ਹੇਠਾਂ ਲੈ ਗਿਆ।
ਦੱਖਣੀ ਅਫ਼ਰੀਕਾ ਵਿਚ 400 ਜਣੇ ਕਈ ਹਫ਼ਤੇ ਤੋਂ ਸਨ ਭੁੱਖੇ-ਪਿਆਸੇ
ਉਹ ਕਾਨੂੰਨੀ ਤੌਰ ’ਤੇ ਸੋਨਾ ਕੱਢਣ ਵਾਸਤੇ ਅਧਿਕਾਰਤ ਨਹੀਂ ਸਨ ਅਤੇ ਇਸ ਨਾਜਾਇਜ਼ ਪ੍ਰਕਿਰਿਆ ਦੌਰਾਨ ਖਾਣ ਦੇ ਅੰਦਰੂਨੀ ਹਿੱਸਿਆਂ ਵਿਚ ਫਸ ਗਏ। ਰਾਹਤ ਟੀਮਾਂ ਨੂੰ ਬਚਾਅ ਕਾਰਜਾਂ ਵਾਸਤੇ ਰਵਾਨਾ ਕੀਤਾ ਗਿਆ ਪਰ ਬਗੈਰ ਪਾਣੀ ਤੋਂ ਲੰਮੀ ਉਡੀਕ ਕਹਿਰ ਢਾਹੁਣ ਲੱਗੀ। ਖਾਣ ਵਿਚੋਂ ਬਾਹਰ ਕੱਢੇ ਗਏ ਲੋਕਾਂ ਵਿਚੋਂ ਇਕ ਦੇ ਸੈਲਫੋਨ ਵਿਚੋਂ ਦੋ ਵੀਡੀਓ ਮਿਲੀਆਂ ਜਿਨ੍ਹਾਂ ਵਿਚ ਦਰਜਨਾਂ ਲਾਸ਼ਾਂ ਨਜ਼ਰ ਆ ਰਹੀਆਂ ਸਨ। ਖਾਣ ਮਜ਼ਦੂਰਾਂ ਨਾਲ ਸਬੰਧਤ ਸਮਾਜਿਕ ਜਥੇਬੰਦੀ ‘ਮਾਇਨਿੰਗ ਅਫੈਕਟਡ ਕਮਿਊਨਿਟੀਜ਼ ਯੂਨਾਈਟਡ ਇਨ ਐਕਸ਼ਨ’ ਨੇ ਦੱਸਿਆ ਕਿ ਨਾਜਾਇਜ਼ ਤਰੀਕੇ ਨਾਲ ਸੋਨਾ ਲੱਭਣ ਦਾ ਯਤਨ ਕਰਨ ਵਾਲਿਆਂ ਵਿਰੁੱਧ ਸਥਾਨਕ ਪੁਲਿਸ ਵੱਲੋਂ ਨਵੰਬਰ ਵਿਚ ਕਾਰਵਾਈ ਆਰੰਭੀ ਗਈ। ਪੁਲਿਸ ਨੇ ਇਕ ਖਾਣ ਨੂੰ ਸੀਲ ਕਰਨ ਦਾ ਯਤਨ ਕੀਤਾ ਅਤੇ ਲੋਕਾਂ ਨੂੰ ਬਾਹਰ ਆਉਣ ਦਾ ਸੱਦਾ ਦਿਤਾ ਗਿਆ ਪਰ ਗ੍ਰਿਫ਼ਤਾਰੀ ਦੇ ਡਰੋਂ ਉਨ੍ਹਾਂ ਨੇ ਬਾਹਰ ਆਉਣ ਤੋਂ ਨਾਂਹ ਕਰ ਦਿਤੀ। ਮਜ਼ਦੂਰਾਂ ਦੇ ਇਨਕਾਰ ਮਗਰੋਂ ਪੁਲਿਸ ਨੇ ਖਾਣ ਦੇ ਅੰਦਰ ਜਾਣ ਅਤੇ ਬਾਹਰ ਆਉਣ ਲਈ ਵਰਤੀ ਜਾਣ ਵਾਲੀ ਰੱਸੀ ਅਤੇ ਪੁਲੀ ਹਟਾ ਦਿਤੀ ਜਿਸ ਮਗਰੋਂ ਹਾਲਾਤ ਗੁੰਝਲਦਾਰ ਬਣ ਗਏ।
ਪੁਲਿਸ ਨੇ ਬਾਹਰ ਆਉਣ ਦਾ ਰਾਹ ਕਰ ਦਿਤਾ ਸੀ ਬੰਦ
ਦੱਖਣੀ ਅਫ਼ਰੀਕਾ ਦੇ ਅਖਬਾਰ ਸੰਡੇ ਟਾਈਮਜ਼ ਮੁਤਾਬਕ ਰਾਹਤ ਟੀਮਾਂ ਵੱਲੋਂ ਇਕ ਪਿੰਜਰਾ ਤਿਆਰ ਕੀਤਾ ਗਿਆ ਹੈ ਜਿਸ ਰਾਹੀਂ ਬਚੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਕਿਸੇ ਜਗ੍ਹਾ ਸੋਨੇ ਦੀ ਮੌਜੂਦਗੀ ਦੇ ਪੱਕੇ ਸਬੂਤ ਹੋਣ ਤੋਂ ਬਾਅਦ ਵੀ ਚਮਕੀਲੀ ਅਤੇ ਮਹਿੰਗੀ ਧਾਤ ਕੱਢਣ ਲਈ ਵੱਡੀਆਂ ਮੁਸ਼ਕਲਾਂ ਦਾ ਟਾਕਰਾ ਕਰਨਾ ਪੈਂਦਾ ਹੈ। ਸੋਨਾ ਮਿਲਣ ਦੇ ਆਸਾਰ 1 ਫੀ ਸਦੀ ਤੋਂ ਵੀ ਘੱਟ ਹੈ ਅਤੇ ਇਹੀ ਵੱਡਾ ਕਾਰਨ ਹੈ ਕਿ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਮੌਜੂਦ ਸੋਨੇ ਦੀਆਂ ਖਾਣਾਂ ਵਿਚੋਂ ਸਿਰਫ਼ 10 ਫ਼ੀ ਸਦੀ ਵਿਚੋਂ ਹੀ ਸੋਨਾ ਕੱਢਿਆ ਜਾ ਰਿਹਾ ਹੈ। ਇਕ ਖਾਣ ਵਿਚੋਂ ਸੋਨਾ ਕੱਢਣ ਦੀਆਂ ਤਿਆਰੀਆਂ ਕਰਨ ਵਿਚ ਹੀ ਇਕ ਸਾਲ ਤੋਂ ਪੰਜ ਸਾਲ ਤੱਕ ਦਾ ਸਮਾਂ ਲੱਗ ਜਾਂਦਾ ਹੈ। 10 ਸਾਲ ਤੋਂ 30 ਸਾਲ ਤੱਕ ਸੋਨੇ ਕੱਢਣ ਮਗਰੋਂ ਉਸ ਖਾਣ ਨੂੰ ਲਾਵਾਰਿਸ ਨਹੀਂ ਛੱਡਿਆ ਜਾ ਸਕਦਾ ਅਤੇ ਬੰਦ ਕਰਨ ਦੀ ਜ਼ਿੰਮੇਵਾਰੀ ਵੀ ਸਬੰਧਤ ਕੰਪਨੀ ਦੀ ਹੁੰਦੀ ਹੈ।