ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ਦੇ ਸਮਰੱਥ ਬਣਾਉਣ ਲਈ ਲੇਖਕ ਅੱਗੇ ਆਉਣ-ਜਸਵੰਤ ਸਿੰਘ ਜ਼ਫ਼ਰ
ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ਦੇ ਸਮਰੱਥ ਬਣਾਉਣ ਲਈ ਲੇਖਕ ਅੱਗੇ ਆਉਣ-ਜਸਵੰਤ ਸਿੰਘ ਜ਼ਫ਼ਰ;
ਪਟਿਆਲਾ 11 ਸਤੰਬਰ:
ਅਜੋਕੇ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਵਿੱਚ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਕਾਇਮ ਰੱਖਣ ਲਈ ਹਰ ਵਿਧਾ ਦੇ ਲੇਖਕ ਨੂੰ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਪੰਜਾਬੀ ਬੋਲੀ ਦੀਆਂ ਵੱਖ-ਵੱਖ ਵਿਧਾਵਾਂ ਦੇ ਲੇਖਕਾਂ ਨੂੰ ਅਪੀਲ ਕੀਤੀ ਹੈ ਕਿ ਮਸ਼ੀਨੀ ਬੁੱਧੀਮਾਨਤਾ ਹਰ ਭਾਸ਼ਾ ਦਾ ਦਾਇਰਾ ਵਿਸ਼ਾਲ ਤੇ ਸਦੀਵੀ ਬਣਾਉਣ ਦਾ ਬਹੁਤ ਵੱਡਾ ਸਾਧਨ ਹੈ। ਇਸ ਕਰਕੇ ਸਾਰੇ ਲਿਖਾਰੀਆਂ ਨੂੰ ਆਪਣੀ ਰਚਨਾਵਾਂ/ਪੁਸਤਕਾਂ ਵੱਖ-ਵੱਖ ਇੰਟਰਨੈੱਟ ਪਲੇਟਫਾਰਮਾਂ ਰਾਹੀਂ ਦੁਨੀਆ ਭਰ ’ਚ ਬੈਠੇ ਪਾਠਕਾਂ ਤੱਕ ਪਹੁੰਚਾਉਣ ਲਈ ਡਿਜੀਟਲ ਰੂਪ ’ਚ (ਪੀਡੀਐਫ ਨਹੀਂ) ਵੀ ਤਿਆਰ ਕਰਨੀਆਂ ਚਾਹੀਦੀਆਂ ਹਨ। ਇਹ ਰਚਨਾਵਾਂ ਕੰਪਿਊਟਰ ਦੀ ਭਾਸ਼ਾ ਵਿੱਚ ਸਾਫਟ ਕਾਪੀ ਦੇ ਰੂਪ ’ਚ (ਤਸਵੀਰ ਨਹੀਂ) ਵੈਬਸਾਈਟਾਂ, ਬਲੌਗਜ਼, ਵਿਕੀਪੀਡੀਆ ਤੇ ਹੋਰਨਾਂ ਸਾਧਨਾਂ ਰਾਹੀਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਜਾਣ। ਅਜਿਹਾ ਕਰਨ ਨਾਲ ਲੇਖਕਾਂ ਦੇ ਪਾਠਕਾਂ ਦਾ ਘੇਰਾ ਵੀ ਵਧੇਗਾ ਅਤੇ ਆਪਣੀ ਬੋਲੀ ਦੀ ਸਹੀ ਅਰਥਾਂ ਵਿੱਚ ਸੇਵਾ ਵੀ ਹੋਵੇਗੀ।
ਸ. ਜਸਵੰਤ ਸਿੰਘ ਜ਼ਫਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਆਪਣੀ ਮਾਂ ਬੋਲੀ ਦੀ ਆਧੁਨਿਕ ਸੰਚਾਰ ਸਾਧਨਾਂ ’ਚ ਹੋਂਦ ਕਾਇਮ ਰੱਖਣ ਲਈ ਸਮੇਂ ਦੇ ਹਾਣ ਦੇ ਉਪਰਾਲੇ ਕੀਤੇ ਜਾਣ, ਜਿਨ੍ਹਾਂ ਸਦਕਾ ਹੀ ਸਾਡੀ ਭਾਸ਼ਾ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਣ ਦੇ ਸਮਰੱਥ ਬਣੇਗੀ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਪੰਜਾਬ ਸਰਕਾਰ ਦੇ ਟੀਚਿਆਂ ਅਨੁਸਾਰ ਭਾਸ਼ਾ ਵਿਭਾਗ ਵੱਲੋਂ ਪੁਸਤਕਾਂ ਦੇ ਡਿਜੀਟਲਕਰਨ ਲਈ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਦੇ ਨਤੀਜੇ ਜਲਦ ਹੀ ਸਾਹਮਣੇ ਆ ਜਾਣਗੇ। ਸ. ਜ਼ਫ਼ਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ ’ਚ ਸਥਾਪਤ ਕਰਨ ਲਈ ਭਾਸ਼ਾ ਵਿਭਾਗ ਪੰਜਾਬ ਲੇਖਕਾਂ ਨੂੰ ਅਗਵਾਈ ਜਾਂ ਜਾਣਕਾਰੀ ਦੇਣ ਲਈ ਹਰ ਸਮੇਂ ਤੱਤਪਰ ਹੈ। ਇਸ ਸਬੰਧੀ ਵਿਭਾਗ ਵੱਲੋਂ ਵਿਸ਼ੇਸ਼ ਵਿੰਗ ਤਿਆਰ ਕੀਤਾ ਜਾ ਚੁੱਕਿਆ ਹੈ ਜੋ ਪੰਜਾਬੀ ਅਤੇ ਪੰਜਾਬੀ ’ਚ ਅਨੁਵਾਦ ਵਿਸ਼ਵ ਦੀਆਂ ਹੋਰਨਾਂ ਭਾਸ਼ਾਵਾਂ ਦੇ ਮਿਆਰੀ ਸਾਹਿਤ ਨੂੰ ਡਿਜੀਟਲ ਰੂਪ ’ਚ ਪਾਠਕਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਪ੍ਰੋਜੈਕਟਾਂ ’ਤੇ ਕੰਮ ਕਰ ਰਿਹਾ ਹੈ।