ਟੋਰਾਂਟੋ ਦੀ ਇਤਿਹਾਸਕ ਚਰਚ ਸੜ ਕੇ ਸੁਆਹ ਹੋਈ
ਟੋਰਾਂਟੋ ਦੀ ਇਤਿਹਾਸਕ ਚਰਚ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਹਾਦਸੇ ਵੇਲੇ ਚਰਚ ਵਿਚ ਕੋਈ ਨਹੀਂ ਸੀ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ।
ਟੋਰਾਂਟੋ : ਟੋਰਾਂਟੋ ਦੀ ਇਤਿਹਾਸਕ ਚਰਚ ਅਚਾਨਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਹਾਦਸੇ ਵੇਲੇ ਚਰਚ ਵਿਚ ਕੋਈ ਨਹੀਂ ਸੀ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਟੋਰਾਂਟੋ ਪੁਲਿਸ ਵੱਲੋਂ ਇਕ ਆਨਲਾਈਨ ਪੋਰਟਲ ਕਾਇਮ ਕਰਦਿਆਂ ਲੋਕਾਂ ਨੂੰ ਅੱਗ ਨਾਲ ਸਬੰਧਤ ਤਸਵੀਰਾਂ ਅਤੇ ਵੀਡੀਓ ਮੁਹੱਈਆ ਕਰਵਾਉਣ ਲਈ ਆਖਿਆ ਗਿਆ ਹੈ।
ਸ਼ਹਿਰ ਦੇ ਲਿਟਲ ਪੁਰਤਗਾਲ ਇਲਾਕੇ ਵਿਚ ਸਥਿਤ ਚਰਚ ਦਾ ਉਸਾਰੀ 1907 ਤੋਂ 1908 ਦਰਮਿਆਨ ਕੀਤੀ ਗਈ ਅਤੇ 1996 ਵਿਚ ਟੋਰਾਂਟੋ ਦੀ ਵਿਰਾਸਤ ਦਾ ਦਰਜਾ ਦਿਤਾ ਗਿਆ। ਈਸਾਈ ਭਾਈਚਾਰੇ ਦੇ ਧਾਰਮਿਕ ਸਥਾਨ ਵਿਚ ਕੋਈ ਪੁਰਾਤਨ ਕਲਾਕ੍ਰਿਤਾਂ ਵੀ ਸਾਂਭੀਆਂ ਹੋਈਆਂ ਸਨ ਜੋ ਅੱਗ ਦੀ ਭੇਟ ਚੜ੍ਹ ਗਈਆਂ। ਵਾਰਡ 9 ਤੋਂ ਕੌਂਸਲਰ ਐਲਹੈਂਦਰੋ ਬਰਾਵੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀਆਂ ਇਤਿਹਾਸਕ ਇਮਾਰਤਾਂ ਦਾ ਕੋਈ ਬਦਲ ਨਹੀਂ ਹੋ ਸਕਦਾ।
ਇਥੇ ਨਾ ਸਿਰਫ ਰੂਹਾਨੀ ਸਕੂਨ ਮਿਲਦਾ ਸੀ ਬਲਕਿ ਭਾਈਚਾਰਕ ਸਾਂਝ ਮਜ਼ਬੂਤ ਕਰਨ ਵਿਚ ਵੀ ਚਰਚ ਯੋਗਦਾਨ ਪਾ ਰਹੀ ਸੀ। ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਅਤੇ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਵੱਲੋਂ ਵੀ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਈਚਾਰੇ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਇਤਿਹਾਸਕ ਇਮਾਰਤਾਂ ਨੂੰ ਨਵੇਂ ਸਿਰੇ ਤੋਂ ਉਸਾਰਨਾ ਸੰਭਵ ਨਹੀਂ ਜੋ ਲੰਮੇ ਸਮੇਂ ਤੋਂ ਸਾਨੂੰ ਸੇਧ ਦਿੰਦੀਆਂ ਆ ਰਹੀਆਂ ਸਨ। ਦੱਸ ਦੇਈਏ ਕਿ ਫਿਲਹਾਲ ਅੱਗ ਲੱਗਣ ਦੇ ਬੁਨਿਆਦੀ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਟੋਰਾਂਟੋ ਫਾਇਰ ਸਰਵਿਸ ਹਰ ਪਹਿਲੂ ਤੋਂ ਮਾਮਲੇ ਨੂੰ ਘੋਖ ਰਹੀ ਹੈ।