ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (26 ਜੁਲਾਈ 2024)

ਹੇ ਨਾਨਕ! (ਪ੍ਰਭੂ ਦੀ) ਸਿਫ਼ਤਿ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤਿ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ।੧। ਗੁਰੂ ਦੇ ਸ਼ਬਦ ਦੁਆਰਾ ‘ਵਾਹੁ ਵਾਹੁ’ ਆਖਦੀ ਜੀਭ ਸੋਹਣੀ ਲੱਗਦੀ ਹੈ ।

Update: 2024-07-25 23:56 GMT

ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥ ਮਃ ੩ ॥ ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥ ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥ ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥ ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨੑ ਕਉ ਪਰਜਾ ਪੂਜਣ ਆਈ ॥ ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥ ਪਉੜੀ ॥ ਬਜਰ ਕਪਾਟ ਕਾਇਆ ਗੜੑ ਭੀਤਰਿ ਕੂੜੁ ਕੁਸਤੁ ਅਭਿਮਾਨੀ ॥ ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥ ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥ ਗੁਰ ਸਬਦੀ ਖੋਲਾਈਅਨਿੑ ਹਰਿ ਨਾਮੁ ਜਪਾਨੀ ॥ ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥

ਅਰਥ : ਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ ‘ਵਾਹ ਵਾਹ’ ਆਖਣਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਹੈ, ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਪਾਸੋਂ) ‘ਵਾਹੁ ਵਾਹੁ’ ਅਖਵਾਂਦਾ ਹੈ (ਭਾਵ, ਸਿਫ਼ਤਿ-ਸਾਲਾਹ ਕਰਾਂਦਾ ਹੈ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ । ਹੇ ਨਾਨਕ! (ਪ੍ਰਭੂ ਦੀ) ਸਿਫ਼ਤਿ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤਿ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ।੧। ਗੁਰੂ ਦੇ ਸ਼ਬਦ ਦੁਆਰਾ ‘ਵਾਹੁ ਵਾਹੁ’ ਆਖਦੀ ਜੀਭ ਸੋਹਣੀ ਲੱਗਦੀ ਹੈ, ਪ੍ਰਭੂ ਮਿਲਦਾ ਹੀ ਗੁਰੂ ਦੇ ਪੂਰਨ ਸ਼ਬਦ ਦੀ ਰਾਹੀਂ ਹੈ । ਵੱਡੇ ਭਾਗਾਂ ਵਾਲਿਆਂ ਦੇ ਮੂੰਹ ਵਿਚੋਂ ਪ੍ਰਭੂ ‘ਵਾਹੁ ਵਾਹੁ’ ਅਖਵਾਉਂਦਾ ਹੈ, ਜੋ ਮਨੁੱਖ ‘ਵਾਹੁ ਵਾਹੁ’ ਕਰਦੇ ਹਨ, ਉਹ ਸੋਹਣੇ ਲੱਗਦੇ ਹਨ ਤੇ ਸਾਰੀ ਦੁਨੀਆ ਉਹਨਾਂ ਦੇ ਚਰਨ ਪਰਸਣ ਆਉਂਦੀ ਹੈ । ਹੇ ਨਾਨਕ! ਪ੍ਰਭੂ ਦੀ ਮੇਹਰ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਹੁੰਦੀ ਹੈ ਤੇ ਸੱਚੇ ਦਰ ਤੇ ਸੋਭਾ ਮਿਲਦੀ ਹੈ ।੨। ਅਹੰਕਾਰੀ ਮਨੁੱਖਾਂ ਦੇ ਸਰੀਰ-ਰੂਪ ਕਿਲੇ੍ਹ ਵਿਚ ਕੂੜ ਤੇ ਕੁਸੱਤ-ਰੂਪ ਕਰੜੇ ਫਾਟਕ ਲੱਗੇ ਹੋਏ ਹਨ, ਪਰ ਅੰਨ੍ਹੇ ਤੇ ਅਗਿਆਨੀ ਮਨਮੁਖਾਂ ਨੂੰ ਭਰਮ ਵਿਚ ਭੁੱਲੇ ਹੋਣ ਕਰ ਕੇ ਦਿੱਸਦੇ ਨਹੀਂ ਹਨ । ਭੇਖ ਕਰਨ ਵਾਲੇ ਲੋਕ ਭੇਖ ਕਰ ਕਰ ਕੇ ਥੱਕ ਗਏ ਹਨ, ਪਰ ਉਹਨਾਂ ਨੂੰ ਭੀ ਕਿਸੇ ਉਪਾਉ ਕਰਨ ਨਾਲ (ਇਹ ਫਾਟਕ) ਨਹੀਂ ਦਿੱਸੇ, (ਹਾਂ) ਜੋ ਮਨੁੱਖ ਹਰੀ ਦਾ ਨਾਮ ਜਪਦੇ ਹਨ, ਉਹਨਾਂ ਦੇ ਕਪਾਟ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖੁਲ੍ਹਦੇ ਹਨ । ਪ੍ਰਭੂ (ਦਾ ਨਾਮ) ਅੰਮ੍ਰਿਤ ਦਾ ਰੁੱਖ ਹੈ, ਜਿਨ੍ਹਾਂ ਨੇ (ਇਸ ਦਾ ਰਸ) ਪੀਤਾ ਹੈ ਉਹ ਰੱਜ ਗਏ ਹਨ ।੧੪।

Tags:    

Similar News