Sachin Tendulkar: ਸਚਿਨ ਤੇਂਦੁਲਕਰ ਬਣਨਗੇ ਅਗਲੇ ਬੀਸੀਸੀਆਈ ਪ੍ਰਧਾਨ? ਜਾਣੋ ਸਾਬਕਾ ਕ੍ਰਿਕਟਰ ਕੀ ਬੋਲੇ
ਅਫਵਾਹਾਂ ਦੇ ਮੁਤਾਬਕ ਜਲਦ ਸੰਭਾਲ ਸਕਦੇ ਹਨ ਅਹੁਦਾ
Sachin Tendulkar New BCCI Chief: ਮਹਾਨ ਬੱਲੇਬਾਜ਼ ਅਤੇ ਸਾਬਕਾ ਭਾਰਤੀ ਕਪਤਾਨ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਅਗਲੇ ਪ੍ਰਧਾਨ ਬਣਨ ਦੀ ਦੌੜ ਵਿੱਚ ਹਨ। ਉਨ੍ਹਾਂ ਦੀ ਮੈਨੇਜਮੈਂਟ ਫਰਮ ਨੇ ਅਜਿਹੀਆਂ ਸਾਰੀਆਂ ਗੱਲਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਤੇਂਦੁਲਕਰ ਦੀ ਮੈਨੇਜਮੈਂਟ ਫਰਮ ਨੇ ਉਨ੍ਹਾਂ ਵੱਲੋਂ ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਅਟਕਲਾਂ ਨੂੰ ਖਤਮ ਕਰ ਦਿੱਤਾ ਹੈ ਕਿ ਉਹ ਰੋਜਰ ਬਿੰਨੀ ਦੇ ਸੰਭਾਵੀ ਉੱਤਰਾਧਿਕਾਰੀ ਹੋ ਸਕਦੇ ਹਨ। ਬਿੰਨੀ ਦਾ ਕਾਰਜਕਾਲ ਜੁਲਾਈ ਵਿੱਚ ਖਤਮ ਹੋ ਗਿਆ ਸੀ ਜਦੋਂ ਉਹ 70 ਸਾਲ ਦੇ ਹੋ ਗਏ ਸਨ।
ਸਚਿਨ ਦੀ ਪੀ ਆਰ ਕੰਪਨੀ ਨੇ ਕੀਤਾ ਅਫਵਾਹਾਂ ਦਾ ਖੰਡਨ
ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, 'ਸਾਡੇ ਧਿਆਨ ਵਿੱਚ ਆਇਆ ਹੈ ਕਿ ਸਚਿਨ ਤੇਂਦੁਲਕਰ ਦੇ ਨਾਮ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਅਹੁਦੇ ਲਈ ਵਿਚਾਰ ਕੀਤੇ ਜਾਣ ਜਾਂ ਨਾਮਜ਼ਦ ਕੀਤੇ ਜਾਣ ਬਾਰੇ ਕੁਝ ਖ਼ਬਰਾਂ ਅਤੇ ਅਫਵਾਹਾਂ ਫੈਲ ਰਹੀਆਂ ਹਨ। ਅਸੀਂ ਸਪੱਸ਼ਟ ਤੌਰ 'ਤੇ ਦੱਸਣਾ ਚਾਹੁੰਦੇ ਹਾਂ ਕਿ ਅਜਿਹਾ ਕੁਝ ਨਹੀਂ ਹੋਇਆ ਹੈ। ਅਸੀਂ ਸਾਰੀਆਂ ਸਬੰਧਤ ਧਿਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਬੇਬੁਨਿਆਦ ਅਟਕਲਾਂ ਵੱਲ ਧਿਆਨ ਨਾ ਦੇਣ।'
ਬੀਸੀਸੀਆਈ ਦੀ ਸਾਲਾਨਾ ਆਮ ਮੀਟਿੰਗ 28 ਸਤੰਬਰ ਨੂੰ ਹੋਵੇਗੀ
ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਦੀ 28 ਸਤੰਬਰ ਨੂੰ ਆਪਣੀ ਸਾਲਾਨਾ ਆਮ ਮੀਟਿੰਗ ਵਿੱਚ ਚੋਣਾਂ ਹੋਣੀਆਂ ਹਨ। ਬਿੰਨੀ ਨੂੰ ਅਕਤੂਬਰ 2022 ਵਿੱਚ ਬੀਸੀਸੀਆਈ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ ਬੋਰਡ ਦੇ ਸੰਵਿਧਾਨ ਵਿੱਚ ਇਸ ਅਹੁਦੇ ਲਈ 70 ਸਾਲ ਦੀ ਉਮਰ ਸੀਮਾ ਨਿਰਧਾਰਤ ਕੀਤੀ ਗਈ ਹੈ। ਬੀਸੀਸੀਆਈ ਲੋਕਪਾਲ ਅਤੇ ਆਚਰਣ ਅਧਿਕਾਰੀ ਦੀ ਨਿਯੁਕਤੀ ਵੀ ਸਾਲਾਨਾ ਆਮ ਮੀਟਿੰਗ ਦੌਰਾਨ ਕੀਤੀ ਜਾਵੇਗੀ ਜਦੋਂ ਕਿ ਆਈਸੀਸੀ ਵਿੱਚ ਬੋਰਡ ਦੇ ਪ੍ਰਤੀਨਿਧੀ ਦੀ ਵੀ ਨਿਯੁਕਤੀ ਕੀਤੀ ਜਾਵੇਗੀ।