9 ਸਾਲ ਬਾਅਦ ਦੂਜੀ ਵਾਰ ਟੈਸਟ ਸੀਰੀਜ਼ ਨੂੰ ਕਰਨਾ ਪਿਆ ਰੱਦ
ਕਾਨਪੁਰ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਖੇਡਿਆ ਜਾ ਰਿਹਾ ਸੀ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਦਾ ਖੇਡ ਲਗਾਤਾਰ ਮੀਂਹ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਸਵੇਰੇ ਹਲਕੀ ਬਾਰਿਸ਼ ਤੋਂ ਬਾਅਦ ਤੇਜ਼ ਬਾਰਿਸ਼ ਸ਼ੁਰੂ ਹੋ ਗਈ, ਜਿਸ ਕਾਰਨ ਗ੍ਰੀਨ ਪਾਰਕ ਸਟੇਡੀਅਮ 'ਚ ਦੂਜੇ ਦਿਨ ਕੋਈ ਖੇਡ ਨਹੀਂ ਹੋ ਸਕੀ। ਪਹਿਲੇ ਦਿਨ ਵੀ ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਅਤੇ 35 ਓਵਰਾਂ ਦੀ ਖੇਡ ਤੋਂ ਬਾਅਦ ਮੀਂਹ ਕਾਰਨ ਅੱਗੇ ਦੀ ਖੇਡ ਰੱਦ ਕਰਨੀ ਪਈ। ਇਸ ਤੋਂ ਪਹਿਲਾਂ ਅਜਿਹਾ 2015 'ਚ ਹੋਇਆ ਸੀ, ਜਦੋਂ ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ 'ਚ ਪੂਰਾ ਦਿਨ ਨਹੀਂ ਖੇਡਿਆ ਜਾ ਸਕਿਆ ਸੀ।
2015 'ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੈਚ 'ਚ ਮੀਂਹ ਕਾਰਨ ਮੈਚ ਡਰਾਅ ਰਿਹਾ ਸੀ। ਬੈਂਗਲੁਰੂ 'ਚ ਖੇਡੇ ਗਏ ਮੈਚ 'ਚ ਭਾਰਤੀ ਕਪਤਾਨ ਨੇ ਟਾਸ ਜਿੱਤ ਕੇ ਉਥੇ ਵੀ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਰੀਕਾ ਨੇ ਪਹਿਲੀ ਪਾਰੀ ਵਿੱਚ 59 ਓਵਰਾਂ ਵਿੱਚ ਸਾਰੀਆਂ ਵਿਕਟਾਂ ਗੁਆ ਕੇ 214 ਦੌੜਾਂ ਬਣਾਈਆਂ। ਭਾਰਤ ਨੇ 22 ਓਵਰਾਂ ਵਿੱਚ 80 ਦੌੜਾਂ ਬਣਾਈਆਂ ਸਨ ਪਰ ਇਸ ਤੋਂ ਬਾਅਦ ਮੈਚ ਨੂੰ ਡਰਾਅ ਕਰਨਾ ਪਿਆ।
ਭਾਰਤ ਬਨਾਮ ਬੰਗਲਾਦੇਸ਼ ਮੈਚ ਦੀ ਗੱਲ ਕਰੀਏ ਤਾਂ ਦੂਜੇ ਦਿਨ 11:15 ਦੇ ਕਰੀਬ ਮੀਂਹ ਰੁਕਣ 'ਤੇ ਗਰਾਊਂਡਮੈਨਾਂ ਨੇ ਤਿੰਨ ਸੁਪਰ ਸੋਪਰ ਲਗਾਏ। ਰੋਸ਼ਨੀ ਵੀ ਸਾਫ਼ ਨਹੀਂ ਸੀ ਇਸ ਲਈ ਖੇਡ ਨੂੰ ਅਧਿਕਾਰਤ ਤੌਰ 'ਤੇ 2:15 'ਤੇ ਰੱਦ ਕਰਨਾ ਪਿਆ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਸੋਮਵਾਰ ਅਤੇ ਮੰਗਲਵਾਰ ਨੂੰ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਹੈ। ਅਜਿਹੇ 'ਚ ਮੈਚ ਡਰਾਅ ਵੱਲ ਵਧਦਾ ਨਜ਼ਰ ਆ ਰਿਹਾ ਹੈ।
ਪਹਿਲੇ ਦਿਨ ਬੰਗਲਾਦੇਸ਼ ਨੇ ਤਿੰਨ ਵਿਕਟਾਂ ’ਤੇ 107 ਦੌੜਾਂ ਬਣਾਈਆਂ ਸਨ ਜਦੋਂ ਮੀਂਹ ਕਾਰਨ ਸਿਰਫ਼ 35 ਓਵਰ ਹੀ ਸੁੱਟੇ ਜਾ ਸਕੇ ਸਨ। ਭਾਰਤੀ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੇ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਅਤੇ ਸ਼ਾਦਮਾਨ ਇਸਲਾਮ ਨੂੰ ਆਊਟ ਕੀਤਾ ਸੀ ਜਦਕਿ ਰਵੀਚੰਦਰਨ ਅਸ਼ਵਿਨ ਨੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਦਾ ਵਿਕਟ ਲਿਆ ਸੀ। ਭਾਰਤ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ।