Women's Asia Cup 2024: ਏਸ਼ੀਆ ਕੱਪ ਦੇ ਫਾਈਨਲ 'ਚ ਪਹੁੰਚੀ ਟੀਮ ਇੰਡੀਆ, ਬੰਗਲਾ ਦੇਸ਼ ਨੂੰ ਹਰਾਇਆ

ਭਾਰਤੀ ਟੀਮ ਨੇ ਮਹਿਲਾ ਏਸ਼ੀਆ ਕੱਪ 2024 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਦਾਂਬੁਲਾ 'ਚ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ। ਭਾਰਤ ਦੀ ਜਿੱਤ ਵਿੱਚ ਰੇਣੂਕਾ ਸਿੰਘ, ਸਮ੍ਰਿਤੀ ਮੰਧਾਨਾ ਅਤੇ ਰਾਧਾ ਯਾਦਵ ਨੇ ਅਹਿਮ ਭੂਮਿਕਾ ਨਿਭਾਈ।

Update: 2024-07-26 12:04 GMT

Women's Asia Cup 2024: ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹਿਲਾ ਏਸ਼ੀਆ ਕੱਪ 2024 ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਸ਼ੁੱਕਰਵਾਰ (26 ਜੁਲਾਈ) ਨੂੰ ਰੰਗੀਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ 'ਚ ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾ ਦਿੱਤਾ।

ਇਸ ਮੈਚ 'ਚ ਭਾਰਤ ਨੂੰ ਜਿੱਤ ਲਈ ਸਿਰਫ 81 ਦੌੜਾਂ ਦਾ ਟੀਚਾ ਸੀ, ਜੋ ਉਸ ਨੇ ਸਿਰਫ 11 ਓਵਰਾਂ 'ਚ ਹੀ ਹਾਸਲ ਕਰ ਲਿਆ। ਫਾਈਨਲ 'ਚ ਭਾਰਤੀ ਟੀਮ ਦਾ ਸਾਹਮਣਾ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਮੈਚ ਦੀ ਜੇਤੂ ਟੀਮ ਨਾਲ ਹੋਵੇਗਾ। ਟੂਰਨਾਮੈਂਟ ਦਾ ਫਾਈਨਲ 28 ਜੁਲਾਈ ਨੂੰ ਖੇਡਿਆ ਜਾਵੇਗਾ।

ਸਮ੍ਰਿਤੀ ਨੇ ਤੂਫਾਨੀ ਲਗਾਇਆ ਅਰਧ ਸੈਂਕੜਾ

ਭਾਰਤ ਲਈ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 39 ਗੇਂਦਾਂ 'ਤੇ ਨਾਬਾਦ 55 ਦੌੜਾਂ ਬਣਾਈਆਂ, ਜਿਸ 'ਚ 9 ਚੌਕੇ ਅਤੇ ਇਕ ਛੱਕਾ ਸ਼ਾਮਲ ਸੀ। ਜਦਕਿ ਸ਼ੈਫਾਲੀ ਵਰਮਾ 26 ਦੌੜਾਂ ਬਣਾ ਕੇ ਅਜੇਤੂ ਰਹੀ। ਸ਼ੈਫਾਲੀ ਨੇ 28 ਗੇਂਦਾਂ ਦੀ ਆਪਣੀ ਪਾਰੀ 'ਚ 2 ਚੌਕੇ ਲਗਾਏ। ਦੋਵਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੂੰ ਮੈਚ 'ਚ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ।

ਰਾਧਾ-ਰੇਣੁਕਾ ਦੀ ਕਾਤਲ ਗੇਂਦਬਾਜ਼ੀ

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਬੰਗਲਾਦੇਸ਼ ਦੀ ਟੀਮ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ 'ਤੇ 80 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਲਈ ਕਪਤਾਨ ਨਿਗਾਰ ਸੁਲਤਾਨਾ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਿਰਫ਼ ਸ਼ੌਰਨਾ ਅਖਤਰ (ਅਜੇਤੂ 19 ਦੌੜਾਂ) ਹੀ ਦੋਹਰੇ ਅੰਕ ਤੱਕ ਪਹੁੰਚ ਸਕੀ। ਭਾਰਤ ਲਈ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਅਤੇ ਸਪਿਨਰ ਰਾਧਾ ਯਾਦਵ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਜਦੋਂ ਕਿ ਪੂਜਾ ਵਸਤਰਕਾਰ ਅਤੇ ਦੀਪਤੀ ਸ਼ਰਮਾ ਨੂੰ ਇਕ-ਇਕ ਸਫਲਤਾ ਮਿਲੀ।

Tags:    

Similar News