ਅੰਤਰ ਜ਼ਿਲ੍ਹਾ ਸਕੂਲ ਕੁਸ਼ਤੀ ਮੁਕਾਬਲਿਆਂ ਵਿੱਚ ਹਲਕਾ ਘਨੌਰ ਦੇ ਵਿਧਾਇਕ ਅਤੇ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੇ ਪਹਿਲਵਾਨਾਂ ਦਾ ਹੌਂਸਲਾ ਵਧਾਇਆ
ਅੰਤਰ ਜ਼ਿਲ੍ਹਾ ਸਕੂਲ ਕੁਸ਼ਤੀ ਮੁਕਾਬਲਿਆਂ ਵਿੱਚ ਹਲਕਾ ਘਨੌਰ ਦੇ ਵਿਧਾਇਕ ਅਤੇ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੇ ਪਹਿਲਵਾਨਾਂ ਦਾ ਹੌਂਸਲਾ ਵਧਾਇਆ;
ਪਟਿਆਲਾ 20 ਸਤੰਬਰ:
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਮੂਹ ਸਕੂਲਾਂ ਦੇ ਵਿਦਿਆਰਥੀਆਂ ਦੀ ਤੰਦਰੁਸਤੀ ਲਈ ਖੇਡਾਂ ਵਿੱਚ ਸ਼ਮੂਲੀਅਤ ਕਰਵਾਉਣਾ ਸ਼ਲਾਘਾਯੋਗ ਕਦਮ ਹੈ। ਇਸ ਨਾਲ ਵਿਦਿਆਰਥੀਆਂ ਦੀ ਊਰਜਾ ਦਾ ਸਾਕਾਰਾਤਮਕ ਸੰਚਾਰ ਹੁੰਦਾ ਹੈ ਅਤੇ ਖੇਡ ਭਾਵਨਾ ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਹੁੰਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਸਰਕਾਰੀ ਕੋ ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਆਯੋਜਿਤ ਹੋ ਰਹੀਆਂ 68ਵੀਆਂ ਸਕੂਲ ਖੇਡਾਂ ਦੇ ਕੁਸ਼ਤੀ ਫਰੀ ਸਟਾਈਲ ਮੁਕਾਬਲਿਆਂ ਵਿੱਚ ਲੜਕਿਆਂ ਦੇ ਵੱਖ-ਵੱਖ ਭਾਰ ਵਰਗ ਮੁਕਾਬਲਿਆਂ ਵਿੱਚ ਉਚੇਚੇ ਤੌਰ ਤੇ ਪਹੁੰਚ ਕੇ ਪਹਿਲਵਾਨਾਂ ਦਾ ਹੌਸਲਾ ਵਧਾਉਂਦਿਆਂ ਕੀਤਾ।
ਇਸ ਮੌਕੇ ਉਹਨਾਂ ਨਾਲ ਡੀ ਐਸ ਪੀ ਕਰਨੈਲ ਸਿੰਘ, ਡਾ: ਰਾਜਿੰਦਰ ਸਿੰਘ ਸੈਣੀ ਲੈਕਚਰਾਰ ਫਿਜੀਕਲ ਐਜੂਕੇਸ਼ਨ ਵੀ ਮੌਜੂਦ ਸਨ। ਟੂਰਨਾਮੈਂਟ ਦੌਰਾਨ ਕੁਸ਼ਤੀ ਦੇ ਪਹਿਲਵਾਨ ਅਤੇ ਏਸ਼ੀਆਈ ਖੇਡਾਂ ਦੇ ਮੈਡਲਿਸਟ ਗੁਰਮੁੱਖ ਸਿੰਘ ਨੇ ਵੀ ਖਿਡਾਰੀਆਂ ਦਾ ਹੌਂਸਲਾ ਅਫਜ਼ਾਈ ਕੀਤੀ। ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ ਐਮੀਨੈਂਸ ਮੰਡੋਰ ਅਤੇ ਉਹਨਾਂ ਦੀ ਟੀਮ ਨੇ ਮਹਿਮਾਨਾਂ ਦਾ ਜੀ ਆਇਆਂ ਕੀਤਾ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਚਾਨੀ ਟੂਰਨਾਮੈਂਟ ਮੀਡੀਆ ਕੋਆਰਡੀਨੇਟਰ ਨੇ ਕਿਹਾ ਕਿ ਸੰਜੀਵ ਸ਼ਰਮਾ ਡੀਈਓ ਸੈਕੰਡਰੀ ਪਟਿਆਲਾ ਅਤੇ ਡਾ: ਰਵਿੰਦਰਪਾਲ ਸਿੰਘ ਡਿਪਟੀ ਡੀਈਓ ਪਟਿਆਲਾ ਦੀ ਦੇਖ-ਰੇਖ ਹੇਠ ਕੁਸ਼ਤੀ ਮੁਕਾਬਲਿਆਂ ਦਾ ਸਫਲ ਆਯੋਜਨ ਕੀਤਾ ਜਾ ਰਿਹਾ ਹੈ। ਟੂਰਨਾਮੈਂਟ ਕਮੇਟੀ ਦੇ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਭੁੱਲਰ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਦਲਜੀਤ ਸਿੰਘ ਅਤੇ ਇਹਨਾਂ ਦੀ ਸਮੁੱਚੀ ਪ੍ਰਬੰਧਕ ਟੀਮ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪਹਿਲਵਾਨਾਂ ਅਤੇ ਉਹਨਾਂ ਦੇ ਕੋਚ ਸਟਾਫ ਦੀ ਲੋੜ ਦਾ ਧਿਆਨ ਰੱਖਿਆ ਗਿਆ।
ਨਤੀਜੇ: ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024-25 ਦੇ ਕੁਸ਼ਤੀ ਫ੍ਰੀ ਸਟਾਈਲ ਅੰਡਰ-14 ਲੜਕਿਆਂ ਦੇ 35 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਵਿਆ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 38 ਕਿਲੋਗ੍ਰਾਮ ਭਾਰ ਵਰਗ ਵਿੱਚ ਯਸ਼ਨ ਕੁਮਾਰ ਜ਼ਿਲ੍ਹਾ ਫਰੀਦਕੋਟ, 41 ਕਿਲੋਗ੍ਰਾਮ ਭਾਰ ਵਰਗ ਵਿੱਚ ਅਰਮਾਨ ਸਿੰਘ ਜ਼ਿਲ੍ਹਾ ਪਟਿਆਲਾ, 44 ਕਿਲੋਗ੍ਰਾਮ ਭਾਰ ਵਰਗ ਵਿੱਚ ਵਿਕਰਾਂਤ ਜ਼ਿਲ੍ਹਾ ਜਲੰਧਰ, 48 ਕਿਲੋਗ੍ਰਾਮ ਭਾਰ ਵਰਗ ਵਿੱਚ ਅੰਸ਼ ਜ਼ਿਲ੍ਹਾ ਅੰਮ੍ਰਿਤਸਰ, 52 ਕਿਲੋਗ੍ਰਾਮ ਭਾਰ ਵਰਗ ਵਿੱਚ ਰਮਨਦੀਪ ਸਿੰਘ ਜ਼ਿਲ੍ਹਾ ਬਠਿੰਡਾ, 57 ਕਿਲੋਗ੍ਰਾਮ ਭਾਰ ਵਰਗ ਵਿੱਚ ਮੁਹੰਮਦ ਮੋਵੀਨ ਜ਼ਿਲ੍ਹਾ ਪਟਿਆਲਾ, 62 ਕਿਲੋਗ੍ਰਾਮ ਭਾਰ ਵਰਗ ਵਿੱਚ ਹਰਪ੍ਰੀਤ ਸਿੰਘ ਜ਼ਿਲ੍ਹਾ ਮਾਨਸਾ, 68 ਕਿਲੋਗ੍ਰਾਮ ਭਾਰ ਵਰਗ ਵਿੱਚ ਸਮੀਰ ਨਾਸਰਾਂ ਜ਼ਿਲ੍ਹਾ ਪਟਿਆਲਾ ਅਤੇ 75 ਕਿਲੋਗ੍ਰਾਮ ਭਾਰ ਵਰਗ ਵਿੱਚ ਸਮੀਰ ਖਾਨ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।