Hockey Asia Cup: ਹਾਕੀ ਏਸ਼ੀਆ ਕੱਪ ਦੇ ਫਾਈਨਲ ਚ ਪੁਹੰਚਿਆ ਭਾਰਤ, ਚੀਨ ਨੂੰ 7-0 ਨਾਲ ਦਿੱਤੀ ਕਰਾਰੀ ਮਾਤ
ਰੈਂਕਿੰਗ ਵਿੱਚ ਟਾਪ ਚ ਬਣਾਈ ਜਗ੍ਹਾ
India Vs China Hockey Asia Cup: ਹਾਕੀ ਏਸ਼ੀਆ ਕੱਪ ਦੇ ਸੁਪਰ-4 ਪੜਾਅ ਵਿੱਚ, ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਚੀਨ ਨੂੰ 7-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ, ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ ਅਤੇ ਚੀਨ ਨੂੰ ਕੋਈ ਮੌਕਾ ਨਹੀਂ ਦਿੱਤਾ।
7-0 ਨਾਲ ਦਿੱਤੀ ਕਰਾਰੀ ਮਾਤ
ਭਾਰਤ ਨੇ ਸ਼ੁਰੂ ਤੋਂ ਹੀ ਮੈਚ 'ਤੇ ਦਬਦਬਾ ਬਣਾਇਆ। ਸ਼ੈਲੇਂਦਰ ਲਾਕੜਾ ਨੇ ਤੀਜੇ ਮਿੰਟ ਵਿੱਚ ਗੋਲ ਕੀਤਾ, ਜਦੋਂ ਕਿ ਛੇਵੇਂ ਮਿੰਟ ਵਿੱਚ ਦਿਲਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਟੀਮ ਨੂੰ 2-0 ਦੀ ਲੀਡ ਦਿਵਾਈ। ਇਸ ਤੋਂ ਬਾਅਦ, ਦੂਜੇ ਕੁਆਰਟਰ ਵਿੱਚ, 17ਵੇਂ ਮਿੰਟ ਵਿੱਚ, ਮਨਦੀਪ ਸਿੰਘ ਨੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਸਕੋਰ 3-0 ਕਰ ਦਿੱਤਾ। ਤੀਜੇ ਕੁਆਰਟਰ ਵਿੱਚ ਵੀ ਭਾਰਤ ਦਾ ਦਬਦਬਾ ਜਾਰੀ ਰਿਹਾ। ਰਾਜਪਾਲ ਕੁਮਾਰ ਨੇ 36ਵੇਂ ਮਿੰਟ ਵਿੱਚ ਗੋਲ ਕੀਤਾ ਅਤੇ ਸੁਖਜੀਤ ਸਿੰਘ ਨੇ 38ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 5-0 ਕਰ ਦਿੱਤਾ।
ਚੌਥੇ ਕੁਆਰਟਰ ਵਿੱਚ, ਅਭਿਸ਼ੇਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 45ਵੇਂ ਅਤੇ 49ਵੇਂ ਮਿੰਟ ਵਿੱਚ ਲਗਾਤਾਰ ਦੋ ਗੋਲ ਕਰਕੇ ਭਾਰਤ ਦੀ ਜਿੱਤ 'ਤੇ ਮੋਹਰ ਲਗਾਈ। ਪੂਰੇ ਮੈਚ ਦੌਰਾਨ ਭਾਰਤੀ ਖਿਡਾਰੀਆਂ ਨੇ ਮਜ਼ਬੂਤ ਹਮਲੇ ਅਤੇ ਸਟੀਕ ਡਿਫੈਂਸ ਦਾ ਪ੍ਰਦਰਸ਼ਨ ਕੀਤਾ। ਚੀਨ ਇੱਕ ਵੀ ਗੋਲ ਨਹੀਂ ਕਰ ਸਕਿਆ ਅਤੇ ਪੂਰੀ ਤਰ੍ਹਾਂ ਬੈਕਫੁੱਟ 'ਤੇ ਸੀ। ਭਾਰਤ ਨੇ ਮੈਚ 7-0 ਨਾਲ ਜਿੱਤਿਆ ਅਤੇ ਹੁਣ ਏਸ਼ੀਆ ਕੱਪ ਦੇ ਖਿਤਾਬੀ ਮੈਚ ਵਿੱਚ ਪ੍ਰਵੇਸ਼ ਕਰਨ ਲਈ ਤਿਆਰ ਹੈ।