Cristiano Ronaldo: ਜਲਦ ਵਿਆਹ ਦੇ ਬੰਧਨ 'ਚ ਬੱਝੇਗਾ ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ, ਪ੍ਰੇਮਿਕਾ ਨਾਲ ਕੀਤੀ ਮੰਗਣੀ
ਰੋਨਾਲਡੋ ਨੇ ਮੰਗਣੀ ਬਾਰੇ ਖ਼ੁਦ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ
Cristiano Ronaldo Engagement: ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਇੱਕ ਵਾਰ ਫ਼ਿਰ ਸੁਰਖ਼ੀਆਂ ਵਿੱਚ ਹਨ। ਰੋਨਾਲਡੋ ਨੇ ਹਾਲ ਹੀ 'ਚ ਆਪਣੇ ਲੰਬੇ ਸਮੇਂ ਦੀ ਪ੍ਰੇਮਿਕਾ ਜੌਰਜੀਨਾ ਰੋਡਰਿਗਜ਼ ਦੇ ਨਾਲ ਮੰਗਣੀ ਕਰ ਲਈ ਹੈ। ਇਸ ਦੇ ਨਾਲ ਨਾਲ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਰੋਨਾਲਡੋ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਰੋਨਾਲਡੋ ਅਤੇ ਜੌਰਜੀਨਾ ਪਿਛਲੇ 8 ਸਾਲਾਂ ਤੋਂ ਇਕੱਠੇ ਹਨ ਅਤੇ ਦੋਵਾਂ ਦੇ 5 ਬੱਚੇ ਹਨ। ਰੋਨਾਲਡੋ ਨਾਲ ਮੰਗਣੀ ਬਾਰੇ ਜੌਰਜੀਨਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ। ਇਸ ਤਸਵੀਰ ਨੇ ਸੋਸ਼ਲ ਮੀਡੀਆ ;ਤੇ ਆਉਂਦੇ ਹੀ ਹਲਚਲ ਮਚਾ ਦਿੱਤੀ। ਕੁੱਝ ਹੀ ਘੰਟਿਆਂ ਵਿੱਚ ਇਹ ਤਸਵੀਰ ਅੱਗ ਵਾਂਗ ਫੈਲ ਗਈ। 11 ਘੰਟੇ ਪਹਿਲਾਂ ਅਪਲੋਡ ਕੀਤੀ ਗਈ ਇਸ ਤਸਵੀਰ ਨੂੰ ਖ਼ਬਰ ਲਿਖੇ ਜਾਣ ਤੱਕ 82 ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਰੋਨਾਲਡੋ ਦੇ ਹਜ਼ਾਰਾਂ ਚਾਹੁਣ ਵਾਲੇ ਇਸ ਪੋਸਟ 'ਤੇ ਕਮੈਂਟ ਕਰਕੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਤਸਵੀਰ ਦੇ ਸਾਹਮਣੇ ਆਉਂਦੇ ਹੀ ਰੋਨਾਲਡੋ ਦੇ ਵਿਆਹ ਦੀਆਂ ਅਫ਼ਵਾਹਾਂ 'ਤੇ ਵੀ ਪੂਰਨ ਵਿਰਾਮ ਲੱਗ ਗਿਆ ਹੈ।
ਪੁਰਤਗਾਲ ਫੁੱਟਬਾਲ ਟੀਮ ਦੀ ਕਪਤਾਨ ਕ੍ਰਿਸਟੀਆਨੋ ਰੋਨਾਲਡੋ ਅਤੇ ਮਾਡਲ ਜਾਰਜੀਨਾ ਰੌਡਰਿਗਜ਼ 8 ਸਾਲਾਂ ਤੋਂ ਇਕੱਠੇ ਹਨ, ਉਨ੍ਹਾਂ ਨੇ 2016 ਵਿੱਚ ਡੇਟਿੰਗ ਸ਼ੁਰੂ ਕੀਤੀ ਸੀ। ਰੋਨਾਲਡੋ ਦੇ ਜਾਰਜੀਨਾ ਨਾਲ 5 ਬੱਚੇ ਹਨ। ਬੱਚਿਆਂ (ਈਵਾ ਮਾਰੀਆ ਅਤੇ ਮਾਟੇਓ) ਦਾ ਜਨਮ 2017 ਵਿੱਚ ਸਰੋਗੇਸੀ ਰਾਹੀਂ ਹੋਇਆ ਸੀ, ਅਲਾਨਾ ਦਾ ਜਨਮ ਵੀ 2017 ਵਿੱਚ ਹੋਇਆ ਸੀ। ਬੇਲਾ ਦਾ ਜਨਮ 2022 ਵਿੱਚ ਹੋਇਆ ਸੀ, ਉਸ ਤੋਂ ਪੈਦਾ ਹੋਏ ਪੁੱਤਰ ਦੀ ਜਨਮ ਤੋਂ ਬਾਅਦ ਮੌਤ ਹੋ ਗਈ। ਰੋਨਾਲਡੋ ਦਾ ਇੱਕ ਵੱਡਾ ਪੁੱਤਰ (ਰੋਨਾਲਡੋ ਜੂਨੀਅਰ) ਵੀ ਹੈ, ਜਿਸਦੀ ਮਾਂ ਦਾ ਪਤਾ ਨਹੀਂ ਹੈ।
ਜੌਰਜੀਨਾ ਦੀ ਇੰਸਟਾ ਪੋਸਟ ਨੇ ਹਿਲਾਇਆ ਇੰਟਰਨੈੱਟ
ਕ੍ਰਿਸਟੀਆਨੋ ਰੋਨਾਲਡੋ ਦੀ ਪ੍ਰੇਮਿਕਾ ਜਾਰਜੀਨਾ ਰੌਡਰਿਗਜ਼ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾਈ, ਜਿਸ ਵਿੱਚ ਉਹ ਅਤੇ ਰੋਨਾਲਡੋ ਹੱਥ ਫੜੇ ਹੋਏ ਨਜ਼ਰ ਆ ਰਹੇ ਹਨ। ਜੌਰਜੀਨਾ ਦੇ ਹੱਥ 'ਚ ਇੱਕ ਵੱਡੇ ਹੀਰੇ ਵਾਲੀ ਚਮਕਦਾਰ ਅੰਗੂਠੀ ਹੈ। ਉਸ ਨੇ ਫੋਟੋ ਅਪਲੋਡ ਕਰਕੇ ਕੈਪਸ਼ਨ ਲਿਖੀ, "ਹਾਂ, ਮੈਂ ਮੰਗਣੀ ਕਰ ਲਈ ਹੈ।" ਇਹ ਫੋਟੋ ਸਊਦੀ ਅਰਬ ਦੇ ਰਿਆਦ ਦੀ ਹੈ। ਜੌਰਜੀਨਾ ਨੇ ਪੋਸਟ ਦੇ ਨਾਲ ਲੋਕੇਸ਼ਨ ਵੀ ਸ਼ੇਅਰ ਕੀਤੀ ਹੈ।
ਕ੍ਰਿਸਟੀਆਨੋ ਰੋਨਾਲਡੋ ਦੀ ਕੁੱਲ ਜਾਇਦਾਦ
ਅੰਗਰੇਜ਼ੀ ਮੀਡੀਆ ਰਿਪੋਰਟਾਂ ਦੇ ਅਨੁਸਾਰ, 2025 ਵਿੱਚ ਕ੍ਰਿਸਟੀਆਨੋ ਰੋਨਾਲਡੋ ਦੀ ਕੁੱਲ ਜਾਇਦਾਦ 1.45 ਅਰਬ ਡਾਲਰ ਹੈ। ਰੋਨਾਲਡੋ ਦੀ ਮੂਲ ਤਨਖਾਹ 200 ਮਿਲੀਅਨ ਡਾਲਰ ਦੇ ਨੇੜੇ ਹੈ। ਉਹ ਇਸ਼ਤਿਹਾਰਾਂ ਤੋਂ ਲਗਭਗ 150 ਮਿਲੀਅਨ ਡਾਲਰ ਪ੍ਰਤੀ ਸਾਲ ਕਮਾਉਂਦਾ ਹੈ। 2022 ਵਿੱਚ, ਉਸਨੇ ਸਾਊਦੀ ਟੀਮ ਨਾਲ 600 ਮਿਲੀਅਨ ਡਾਲਰ ਦਾ ਇਕਰਾਰਨਾਮਾ ਕੀਤਾ, ਜਿਸਨੂੰ ਇਸ ਸਾਲ 2027 ਤੱਕ ਵਧਾ ਦਿੱਤਾ ਗਿਆ ਹੈ। ਕਲੱਬ ਨੇ ਰੋਨਾਲਡੋ ਨਾਲ 2 ਸਾਲਾਂ ਲਈ 620 ਮਿਲੀਅਨ ਡਾਲਰ ਦੇ ਕਰੀਬ ਇਕਰਾਰਨਾਮਾ ਕੀਤਾ ਹੈ।