ਪੈਰਿਸ ਓਲੰਪਿਕਸ 'ਚ 3 ਪੰਜਾਬੀ ਕਰਨਗੇ ਇਹ ਦੇਸ਼ ਦੀ ਨੁਮਾਇੰਦਗੀ

ਪੈਰਿਸ ਵਿਖੇ ਸ਼ੁਰੂ ਹੋ ਰਹੀਆਂ ਓਲੰਪਿਕਸ ਵਿਚ ਤਿੰਨ ਪੰਜਾਬੀਆਂ ਨੂੰ ਕੈਨੇਡਾ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੋਇਆ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚਨਾਰਥਲ ਕਲਾਂ ਨਾਲ ਸਬੰਧਤ ਅਜੀਤ ਕੌਰ ਦੀ ਧੀ ਜੈਸਿਕਾ ਗੌਡਰੋ ਨੂੰ ਕੈਨੇਡਾ ਦੀ ਵਾਟਰ ਪੋਲੋ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਜਦਕਿ ਅਮਰ ਢੇਸੀ ਕੁਸ਼ਤੀਆਂ ਦੇ ਫਰੀਸਟਾਈਲ ਇਵੈਂਟ ਵਿਚ ਹਿੱਸਾ ਲੈਣਗੇ।

Update: 2024-07-19 12:21 GMT

ਔਟਵਾ : ਪੈਰਿਸ ਵਿਖੇ ਸ਼ੁਰੂ ਹੋ ਰਹੀਆਂ ਓਲੰਪਿਕਸ ਵਿਚ ਤਿੰਨ ਪੰਜਾਬੀਆਂ ਨੂੰ ਕੈਨੇਡਾ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੋਇਆ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚਨਾਰਥਲ ਕਲਾਂ ਨਾਲ ਸਬੰਧਤ ਅਜੀਤ ਕੌਰ ਦੀ ਧੀ ਜੈਸਿਕਾ ਗੌਡਰੋ ਨੂੰ ਕੈਨੇਡਾ ਦੀ ਵਾਟਰ ਪੋਲੋ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਜਦਕਿ ਅਮਰ ਢੇਸੀ ਕੁਸ਼ਤੀਆਂ ਦੇ ਫਰੀਸਟਾਈਲ ਇਵੈਂਟ ਵਿਚ ਹਿੱਸਾ ਲੈਣਗੇ। ਦੂਜੇ ਪਾਸੇ ਜਸਨੀਤ ਕੌਰ ਨਿੱਜਰ ਔਰਤਾਂ ਦੀ 4 ਗੁਣਾ 400 ਰਿਲੇਅ ਟੀਮ ਦਾ ਹਿੱਸਾ ਹੋਵੇਗੀ। ਜੈਸਿਕਾ ਨੇ ਆਪਣੇ ਖੇਡ ਸਫਰ ਦੀ ਸ਼ੁਰੂਆਤ 2008 ਵਿਚ 14 ਸਾਲ ਦੀ ਉਮਰ ਤੋਂ ਕੀਤੀ। ਜੈਸਿਕ ਦੇ ਮਾਪਿਆਂ ਵੱਲੋਂ ਉਸ ਨੂੰ ਸਮਰ ਕੈਂਪ ਵਿਚ ਭੇਜਿਆ ਗਿਆ ਜਿਥੇ ਉਸ ਨੇ ਵਾਟਰ ਸਪੋਰਟਸ ਵਿਚ ਦਿਲਚਸਪੀ ਦਿਖਾਈ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। 2012 ਵਿਚ ਜੈਸਿਕਾ ਨੇ ਕੈਨੇਡੀਅਨ ਟੀਮ ਦੇ ਮੈਂਬਰ ਵਜੋਂ ਫੀਨਾ ਵਰਲਡ ਯੂਥ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਟੀਮ ਨੂੰ ਪੰਜਵੇਂ ਸਥਾਨ ਦਿਵਾਉਣ ਵਿਚ ਸਫਲ ਰਹੀ।

ਇਸ ਮਗਰੋਂ 2017 ਵਿਚ ਫੀਨਾ ਵਰਲਡ ਲੀਗ ਦੇ ਸੁਪਰ ਫਾਈਨਲ ਵਿਚ ਕੈਨੇਡਾ ਨੂੰ ਸਿਲਵਰ ਮੈਡਲ ਜਿਤਾਉਣ ਵਿਚ ਮਦਦ ਕੀਤੀ। ਜੈਸਿਕਾ ਨੂੰ ਟੂਰਨਾਮੈਂਟ ਦੀ ਬਿਹਤਰੀਨ ਗੋਲਕੀਪਰ ਦੇ ਐਵਾਰਡ ਨਾਲ ਨਿਵਾਜਿਆ ਗਿਆ। ਟੋਰਾਂਟੋ ਵਿਖੇ 2015, ਲੀਮਾ ਵਿਖੇ 2019 ਅਤੇ ਸੈਨਟੀਐਗੋ ਵਿਖੇ 2023 ਵਿਚ ਪੈਨ ਅਮੈਰਿਕਨ ਖੇਡਾਂ ਦੌਰਾਨ ਜੈਸਿਕਾ ਦੀ ਟੀਮ ਨੇ ਸਿਲਵਰ ਮੈਡਲ ਜਿੱਤੇ। ਦੱਸ ਦੇਈਏ ਕਿ ਜੈਸਿਕਾ ਨੇ 2019 ਵਿਚ ਇੰਡਿਆਨਾ ਯੂਨੀਵਰਸਿਟੀ ਤੋਂ ਕੈਮਿਸਟਰੀ ਵਿਚ ਪੜ੍ਹਾਈ ਮੁਕੰਮਲ ਕੀਤੀ ਅਤੇ 2022 ਵਿਚ ਮਿਸ਼ੀਗਨ ਯੂਨੀਵਰਸਿਟੀ ਦੀ ਟੀਮ ਦੀ ਕੋਚ ਬਣ ਗਈ। ਨੈਸ਼ਨਲ ਕਾਲਜੀਏਟ ਐਥਲੈਟਿਕ ਐਸੋਸੀਏਸ਼ਨ ਵਿਚ ਏਸ਼ੀਆਈ ਮੂਲ ਦੀ ਪਹਿਲੀ ਕੋਚ ਹੋਣ ਦਾ ਮਾਣ ਜੈਸਿਕਾ ਨੇ ਹਾਸਲ ਕੀਤਾ।

ਜੈਸਿਕਾ ਦੀ ਮਾਤਾ ਅਜੀਤ ਕੌਰ ਟਿਵਾਣਾ ਨੂੰ ਆਰ.ਸੀ.ਐਮ.ਪੀ. ਵਿਚ ਏਸ਼ੀਆਈ ਮੂਲ ਦੀ ਪਹਿਲੀ ਕੁੜੀ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਹੈ। ਜੈਸਿਕਾ ਦੇ ਨਾਨਾ ਅਮਰਜੀਤ ਸਿੰਘ ਸਾਥੀ ਇਕ ਨਾਮਵਰ ਲੇਖਕ ਹਨ ਅਤੇ ਆਪਣੀ ਦੋਹਤੀ ਦੇ ਕੈਨੇਡੀਅਨ ਟੀਮ ਵਿਚ ਸ਼ਾਮਲ ਹੋਣ ’ਤੇ ਉਨ੍ਹਾਂ ਕਿਹਾ ਕਿ ਜੈਸਿਕਾ ਮੈਡਲ ਜਿੱਤ ਕੇ ਜ਼ਰੂਰ ਲਿਆਵੇਗੀ। ਜੈਸਿਕਾ ਵਾਂਗ ਜਸਨੀਤ ਕੌਰ ਨਿੱਜਰ ਵੀ ਭਾਰਤੀ ਮੂਲ ਦੀ ਪਹਿਲੀ ਕੁੜੀ ਹੈ ਜੋ ਕੈਨੇਡਾ ਵੱਲੋਂ ਓਲੰਪਿਕਸ ਦੇ ਟਰੈਕ ਐਂਡ ਫੀਲਡ ਮੁਕਾਬਲਿਆਂ ਵਿਚ ਹਿੱਸਾ ਲਵੇਗੀ। ਜਸਨੀਤ ਕੌਰ ਨਿੱਜਰ ਨੇ ਸੱਤ ਸਾਲ ਦੀ ਉਮਰ ਤੋਂ ਹੀ ਟਰੈਕ ਐਂਡ ਫੀਲਡ ਮੁਕਾਬਲਿਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿਤਾ। ਇਸੇ ਤਰ੍ਹਾਂ 23 ਸਾਲ ਦੇ ਅਮਰ ਢੇਸੀ ਨੇ ਪਹਿਲੀ ਵਾਰ ਟੋਕੀਓ ਓਲੰਪਿਕਸ ਵਿਚ ਹਿੱਸਾ ਲਿਆ। ਉਸ ਦੇ ਪਿਤਾ ਕੈਨੇਡਾ ਆਉਣ ਤੋਂ ਪਹਿਲਾਂ ਪੰਜਾਬ ਵਿਚ ਭਲਵਾਨੀ ਕਰਦੇ ਸਨ ਅਤੇ ਬੀ.ਸੀ ਦੇ ਸਰੀ ਸ਼ਹਿਰ ਵਿਚ ਖਾਲਸਾ ਰੈਸਲਿੰਗ ਕਲੱਬ ਸ਼ੁਰੂ ਕੀਤਾ।

Tags:    

Similar News