ਜਰਮਨੀ ਹੱਥੋਂ 3-2 ਨਾਲ ਹਾਰੀ ਹਾਕੀ ਟੀਮ ਇੰਡੀਆ
ਪੈਰਿਸ ਓਲੰਪਿਕ ਦੇ ਸੈਮੀਫਾਈਨਲ 'ਚ ਭਾਰਤੀ ਹਾਕੀ ਟੀਮ ਨੂੰ 1-0 ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਜਰਮਨੀ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ;
ਪੈਰਿਸ, 6 ਅਗਸਤ- ਪੈਰਿਸ ਓਲੰਪਿਕ ਦੇ ਸੈਮੀਫਾਈਨਲ 'ਚ ਭਾਰਤੀ ਹਾਕੀ ਟੀਮ ਨੂੰ 1-0 ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ ਜਰਮਨੀ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਟੀਮ ਨੂੰ ਕਪਤਾਨ ਹਰਮਨਪ੍ਰੀਤ ਸਿੰਘ ਨੇ ਮੈਚ ਸ਼ੁਰੂ ਹੋਣ ਦੇ 7ਵੇਂ ਮਿੰਟ 'ਚ ਹੀ ਪਨੈਲਟੀ ਕਾਰਨਰ ਰਾਹੀਂ ਗੋਲ ਕਰ ਕੇ 1-0 ਦੀ ਬੜ੍ਹਤ ਦਿਵਾ ਦਿੱਤੀ ਸੀ।
ਇਸ ਤੋਂ ਬਾਅਦ 18ਵੇਂ ਮਿੰਟ 'ਚ ਜਰਮਨੀ ਦੇ ਗੋਂਜਾਲੋ ਪਿਲਾਟ ਨੇ ਗੋਲ ਕਰ ਕੇ ਮੁਕਾਬਲਾ 1-1 ਦੀ ਬਰਾਬਰੀ 'ਤੇ ਲਿਆ ਦਿੱਤਾ। ਇਸ ਦੇ 9 ਮਿੰਟ ਬਾਅਦ ਹੀ 27ਵੇਂ ਮਿੰਟ 'ਚ ਕ੍ਰਿਸਟੋਫਰ ਰੁਏਹਰ ਨੇ ਗੋਲ ਕਰ ਕੇ ਜਰਮਨੀ ਨੂੰ 2-1 ਨਾਲ ਅੱਗੇ ਕਰ ਦਿੱਤਾ।
ਇਸ ਤੋਂ ਬਾਅਦ ਤੀਜੇ ਕੁਆਰਟਰ 'ਚ ਭਾਰਤ ਵੱਲੋਂ ਸੁਖਜੀਤ ਸਿੰਘ ਨੇ 36ਵੇਂ ਮਿੰਟ 'ਚ ਪਨੈਲਟੀ ਕਾਰਨਰ ਰਾਹੀਂ ਗੋਲ ਕਰ ਕੇ ਮੁਕਾਬਲਾ 2-2 ਦੀ ਬਰਾਬਰੀ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਭਾਰਤੀ ਖਿਡਾਰੀਆਂ ਨੇ ਇਸ ਤੋਂ ਬਾਅਦ ਲਗਾਤਾਰ ਇਕ ਤੋਂ ਬਾਅਦ ਇਕ ਹਮਲੇ ਕੀਤੇ, ਪਰ ਉਹ ਗੋਲ ਕਰਨ 'ਚ ਕਾਮਯਾਬ ਨਹੀਂ ਹੋ ਸਕੇ।
ਆਖ਼ਰੀ ਕੁਆਰਟਰ ਦੇ 54ਵੇਂ ਮਿੰਟ 'ਚ ਜਰਮਨੀ ਦੇ ਮਾਰਕੋ ਮਿਲਟਕਾਓ ਨੇ ਗੋਲ ਕਰ ਕੇ ਟੀਮ ਦੀ ਜਿੱਤ ਲਗਭਗ ਤੈਅ ਕਰ ਦਿੱਤੀ। ਆਖ਼ਰੀ ਪਲਾਂ 'ਚ ਦੋਵਾਂ ਟੀਮਾਂ ਨੇ ਗੋਲ ਕਰਨ ਦੀ ਕੋਸ਼ਿਸ਼ ਜਾਰੀ ਰੱਖੀ, ਪਰ ਉਹ ਸਫ਼ਲ ਨਾ ਹੋ ਸਕੀਆਂ। ਅੰਤ ਜਰਮਨੀ ਨੇ ਇਹ ਮੁਕਾਬਲਾ 3-2 ਨਾਲ ਆਪਣੇ ਨਾਂ ਕਰ ਲਿਆ।
ਇਸ ਦੇ ਨਾਲ ਹੀ ਜਰਮਨੀ ਨੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ, ਜਿੱਥੇ ਉਹ ਗੋਲਡ ਮੈਡਲ ਲਈ ਨੀਦਰਲੈਂਡ ਨਾਲ ਭਿੜੇਗੀ, ਜਦਕਿ ਭਾਰਤੀ ਟੀਮ ਹੁਣ ਕਾਂਸੀ ਤਮਗੇ ਲਈ ਸਪੇਨ ਨਾਲ ਮੁਕਾਬਲਾ ਖੇਡੇਗੀ।