ਇੰਨੀ ਛੇਤੀ ਸੂਤ ਨ੍ਹੀਂ ਆਉਣੀ ਅਕਾਲੀ ਦਲ ਦੀ ਉਲਝੀ ਤਾਣੀ!
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਬਾਦਲ ਦੇ ਨਾਲ-ਨਾਲ ਹੋਰ ਕਈ ਅਕਾਲੀ ਆਗੂਆਂ ਨੂੰ ਤਨਖ਼ਾਹ ਅਤੇ ਸੇਵਾ ਲਗਾਈ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਵੀ ਸ਼ਾਮਲ ਸਨ। ਕੁੱਝ ਆਗੂਆਂ ਦੀ ਸੇਵਾ ਪੂਰੀ ਹੋ ਚੁੱਕੀ ਐ ਜਦਕਿ ਕਈਆਂ ਦੀ ਸੇਵਾ ਹਾਲੇ ਚੱਲ ਰਹੀ ਐ। ਭਾਵੇਂ ਕਿ ਅਕਾਲ ਤਖ਼ਤ ਦੇ ਆਦੇਸ਼ਾਂ ਮੁਤਾਬਕ ਸੁਧਾਰ ਲਹਿਰ ਤਾਂ ਸਮੇਟ ਦਿੱਤੀ ਗਈ ਐ...
ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਬਾਦਲ ਦੇ ਨਾਲ-ਨਾਲ ਹੋਰ ਕਈ ਅਕਾਲੀ ਆਗੂਆਂ ਨੂੰ ਤਨਖ਼ਾਹ ਅਤੇ ਸੇਵਾ ਲਗਾਈ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਵੀ ਸ਼ਾਮਲ ਸਨ। ਕੁੱਝ ਆਗੂਆਂ ਦੀ ਸੇਵਾ ਪੂਰੀ ਹੋ ਚੁੱਕੀ ਐ ਜਦਕਿ ਕਈਆਂ ਦੀ ਸੇਵਾ ਹਾਲੇ ਚੱਲ ਰਹੀ ਐ। ਭਾਵੇਂ ਕਿ ਅਕਾਲ ਤਖ਼ਤ ਦੇ ਆਦੇਸ਼ਾਂ ਮੁਤਾਬਕ ਸੁਧਾਰ ਲਹਿਰ ਤਾਂ ਸਮੇਟ ਦਿੱਤੀ ਗਈ ਐ,
ਪਰ ਸੁਖਬੀਰ ਬਾਦਲ ਦਾ ਅਸਤੀਫ਼ਾ ਹਾਲੇ ਵੀ ਊਠ ਦੇ ਬੁੱਲ੍ਹ ਵਾਂਗ ਲਟਕ ਰਿਹਾ ਏ, ਜਿਸ ਨੂੰ ਲੈ ਕੇ ਕੁੱਝ ਅਕਾਲੀ ਆਗੂਆਂ ਦੇ ਮਨਾਂ ਵਿਚਲਾ ਜਵਾਲਾਮੁਖੀ ਫਿਰ ਤੋਂ ਉਬਾਲੇ ਮਾਰਨ ਲੱਗ ਪਿਆ ਏ। ਅਕਾਲ ਤਖ਼ਤ ਸਾਹਿਬ ਕਰਕੇ ਲੀਡਰ ਹਾਲੇ ਦਬੀ ਜ਼ੁਬਾਨ ਵਿਚ ਬੋਲ ਰਹੇ ਨੇ ਪਰ ਸੁਖਬੀਰ ਬਾਦਲ ਦੀ ਤਨਖ਼ਾਹ ਖ਼ਤਮ ਹੁੰਦੇ ਹੀ ਅਕਾਲੀ ਦਲ ਵਿਚ ਫਿਰ ਤੋਂ ਨਵੀਂ ਭਸੂੜੀ ਪੈਣ ਦੇ ਵੱਡੇ ਸੰਕੇਤ ਦਿਖਾਈ ਦੇ ਰਹੇ ਨੇ।
ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜੋ ਕਾਰਵਾਈ ਹੋਈ, ਉਹ ਸਭ ਨੇ ਦੇਖੀ,,, ਉਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਿੱਥੇ ਸੁਖਬੀਰ ਬਾਦਲ ਸਮੇਤ ਕਈ ਹੋਰ ਅਕਾਲੀ ਆਗੂਆਂ ਨੂੰ ਤਨਖ਼ਾਹ ਅਤੇ ਸੇਵਾ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸੀ, ਉਥੇ ਹੀ ਦੋ ਹੋਰ ਵੱਡੇ ਆਦੇਸ਼ ਵੀ ਜਾਰੀ ਕੀਤੇ ਗਏ ਸੀ, ਜਿਨ੍ਹਾਂ ਵਿਚੋਂ ਇਕ ਤਾਂ ਇਹ ਸੀ ਕਿ ਅਕਾਲੀ ਦਲ ਵਿਚ ਨਵੀਂ ਭਰਤੀ ਕੀਤੀ ਜਾਵੇ ਅਤੇ ਵਰਕਿੰਗ ਕਮੇਟੀ ਨੂੰ ਤਿੰਨ ਦਿਨਾਂ ਦੇ ਅੰਦਰ ਅਸਤੀਫ਼ੇ ਪ੍ਰਵਾਨ ਕਰਨ ਦੇ ਆਦੇਸ਼ ਜਾਰੀ ਕੀਤੇ ਸੀ। ਆਓ ਪਹਿਲਾਂ ਤੁਹਾਨੂੰ ਜਥੇਦਾਰ ਸਾਹਿਬ ਦਾ ਉਹ ਆਦੇਸ਼ ਸੁਣਾ ਦੇਨੇ ਆਂ।
ਇਨ੍ਹਾਂ ਆਦੇਸ਼ਾਂ ਤੋਂ ਬਾਅਦ ਬਾਗ਼ੀ ਯਾਨੀ ਅਕਾਲੀ ਦਲ ਸੁਧਾਰ ਵਾਲੇ ਆਗੂਆਂ ਨੇ ਮੀਟਿੰਗ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਅਤੇ ਬਿਨਾਂ ਕੋਈ ਸਵਾਲ ਉਠਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਫੁੱਲ ਚਾੜ੍ਹ ਦਿੱਤੇ ਨੇ ਅਤੇ ਆਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਨੇ ਅਤੇ ਉਨ੍ਹਾਂ ਦੇ ਆਦੇਸ਼ਾਂ ਮੁਤਾਬਕ ਹੀ ਸੁਧਾਰ ਲਹਿਰ ਨੂੰ ਸਮੇਟ ਦਿੱਤਾ ਗਿਆ ਏ। ਹੁਣ ਇਕ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਦਿੱਤੇ ਦੂਜੇ ਵੱਡੇ ਆਦੇਸ਼ ਨੂੰ ਵੀ ਸੁਣ ਲੈਨੇ ਆਂ।
ਭਾਵੇਂ ਕਿ ਇਨ੍ਹਾਂ ਆਦੇਸ਼ਾਂ ਵਿਚ ਜਥੇਦਾਰ ਸਾਹਿਬ ਨੇ ਵਰਕਿੰਗ ਕਮੇਟੀ ਨੂੰ ਅਸਤੀਫ਼ੇ ਤਿੰਨ ਦਿਨਾਂ ਵਿਚ ਸਵੀਕਾਰ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ ਪਰ ਐਨ ਮੌਕੇ ’ਤੇ ਆ ਕੇ ਵਰਕਿੰਗ ਕਮੇਟੀ ਨੇ ਜਥੇਦਾਰ ਕੋਲ ਪਹੁੰਚ ਕੇ ਹੋਰ ਸਮਾਂ ਮੰਗਿਆ ਅਤੇ ਹੁਣ ਜਥੇਦਾਰ ਵੱਲੋਂ 20 ਦਸੰਬਰ ਤੱਕ ਦਾ ਸਮਾਂ ਦੇ ਦਿੱਤਾ ਗਿਆ ਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਜ਼ਾ ਸਬੰਧੀ ਫ਼ੈਸਲੇ ’ਤੇ ਕਿਸੇ ਵੱਲੋਂ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਗਿਆ ਸੀ, ਸਭ ਨੇ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਸੀ ਪਰ ਹੁਣ ਜਦੋਂ ਦਾ ਜਥੇਦਾਰ ਸਾਹਿਬ ਵੱਲੋਂ ਵਰਕਿੰਗ ਕਮੇਟੀ ਨੂੰ ਅਸਤੀਫ਼ੇ ਪ੍ਰਵਾਨ ਕਰਨ ਲਈ ਹੋਰ ਸਮਾਂ ਦੇ ਦਿੱਤਾ ਗਿਆ ਏ ਤਾਂ ਅੰਦਰੋ ਅੰਦਰੀ ਅਕਾਲੀ ਆਗੂਆਂ ਵਿਚਕਾਰ ਘੁਸਰ ਮੁਸਰ ਸ਼ੁਰੂ ਹੋ ਗਈ ਐ। ਉਨ੍ਹਾਂ ਵੱਲੋਂ ਜਤਾਇਆ ਰੋਸ ਬੇਸ਼ੱਕ ਹਾਲੇ ਧੀਮੀ ਆਵਾਜ਼ ਵਿਚ ਸੁਣਾਈ ਦੇ ਰਿਹਾ ਏ ਪਰ ਅਗਲੇ ਕੁੱਝ ਦਿਨਾਂ ਵਿਚ ਇਸ ਨੂੰ ਲੈ ਕੇ ਵੱਡਾ ਕਲੇਸ਼ ਛਿੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ,,, ਜੋ ਗੁਰਪ੍ਰਤਾਪ ਸਿੰਘ ਵਡਾਲਾ ਦੇ ਇਨ੍ਹਾਂ ਸ਼ਬਦਾਂ ਵਿਚ ਸਾਫ਼ ਝਲਕਦਾ ਦਿਖਾਈ ਦੇ ਰਿਹਾ ਏ।
ਇਸ ਵਿਚ ਸ਼ੱਕ ਨਹੀਂ ਕਿ ਕੁੱਝ ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਦੇਖਦਿਆਂ ਹਾਲੇ ਜ਼ਿਆਦਾ ਕੁੱਝ ਬੋਲਣ ਤੋਂ ਕੰਨੀ ਕਤਰਾ ਰਹੇ ਨੇ ਕਿਉਂਕਿ ਹਾਲੇ ਸੁਖਬੀਰ ਬਾਦਲ ਦੀ ਸਜ਼ਾ ਵੀ ਪੂਰੀ ਨਹੀਂ ਹੋਈ,,, ਪਰ ਜ਼ਿਆਦਾਤਰ ਆਗੂਆਂ ਨੂੰ ਇੰਝ ਜਾਪ ਰਿਹਾ ਏ ਕਿ ਜਿਵੇਂ ਫਿਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਦੇ ਲਈ ਮਾਹੌਲ ਸਿਰਜਿਆ ਜਾ ਰਿਹਾ ਹੋਵੇ। ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਏ ਕਿ ਉਨ੍ਹਾਂ ਦੇ ਪਿਤਾ ਨੇ ਕਦੇ ਇਹ ਨਹੀਂ ਕਿਹਾ ਕਿ ਉਹ ਸੁਖਬੀਰ ਬਾਦਲ ਦੀ ਪ੍ਰਧਾਨਗੀ ਸਵੀਕਾਰ ਕਰਨਗੇ,, ਬਲਕਿ ਉਨ੍ਹਾਂ ਸਿਰਫ਼ ਇੰਨਾ ਆਖਿਆ ਸੀ ਕਿ ਨਵੀਂ ਭਰਤੀ ਮਗਰੋਂ ਜਿਸ ਕਿਸੇ ਨੂੰ ਵੀ ਫਤਵਾ ਮਿਲੇਗਾ, ਉਹ ਉਸ ਨੂੰ ਪ੍ਰਧਾਨ ਮੰਨ ਲੈਣਗੇ। ਖ਼ਾਸ ਗੱਲ ਇਹ ਐ ਉਨ੍ਹਾਂ ਵੱਲੋਂ ਬਿਆਨ ਤੋੜ ਮਰੋੜ ਕੇ ਪੇਸ਼ ਕਰਨ ਦੇ ਬਾਦਲ ਦਲ ਦੇ ਸੋਸ਼ਲ ਮੀਡੀਆ ’ਤੇ ਇਲਜ਼ਾਮ ਲਗਾਏ ਗਏ।
ਉਧਰ ਬੀਬੀ ਜਗੀਰ ਕੌਰ ਦੇ ਬਿਆਨ ਤੋਂ ਵੀ ਸਾਫ਼ ਦਿਖਾਈ ਦੇ ਰਿਹਾ ਏ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਤੋਂ ਬਾਅਦ ਅਕਾਲੀ ਦਲ ਵਿਚ ਕਿਸੇ ਤਰ੍ਹਾਂ ਦੀ ਮਨਮਾਨੀ ਨਹੀਂ ਹੋਣ ਦੇਣਾ ਚਾਹੁੰਦੇ। ਉਨ੍ਹਾਂ ਸਾਫ਼ ਸ਼ਬਦਾਂ ਵਿਚ ਆਖਿਆ ਕਿ ਅਕਾਲੀ ਦਲ ਕਿਸੇ ਇਕ ਦੀ ਪਾਰਟੀ ਨਹੀਂ, ਬਲਕਿ ਇਹ ਸਮੁੱਚੇ ਪੰਥ ਦੀ ਪਾਰਟੀ ਐ। ਇੱਥੇ ਹੀ ਬਸ ਨਹੀਂ, ਬੀਬੀ ਵੱਲੋਂ ਵੀ ਹੋਰਨਾਂ ਕੁੱਝ ਆਗੂਆਂ ਦੀ ਤਰ੍ਹਾਂ ਅਸਤੀਫ਼ਿਆਂ ਨੂੰ ਪ੍ਰਵਾਨ ਕਰਨ ਲਈ ਹੋਰ ਸਮਾਂ ਦਿੱਤੇ ਜਾਣ ’ਤੇ ਇਤਰਾਜ਼ ਜਤਾਇਆ ਗਿਆ।
ਉਂਝ ਦੇਖਿਆ ਜਾਵੇ ਤਾਂ ਇਸ ’ਤੇ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਏ ਕਿ ਵਰਕਿੰਗ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਕ ਅਸਤੀਫ਼ੇ ਪ੍ਰਵਾਨ ਕਿਉਂ ਨਹੀਂ ਕੀਤੇ? ਕਿਉਂ ਅਸਤੀਫ਼ੇ ਪ੍ਰਵਾਨ ਕਰਨ ਦੇ ਲਈ ਇੰਨਾ ਸਮਾਂ ਮੰਗਿਆ ਜਾ ਰਿਹਾ ਏ? ਕੀ ਸੁਖਬੀਰ ਬਾਦਲ ਦੀ ਸਜ਼ਾ ਖ਼ਤਮ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਏ,,, ਤਾਂ ਜੋ ਉਹ ਸਜ਼ਾ ਪੂਰੀ ਕਰਕੇ ਮਾਮਲੇ ਵਿਚ ਚੰਗੀ ਤਰ੍ਹਾਂ ਦਖ਼ਲ ਦੇ ਸਕਣ?
ਸੁਧਾਰ ਲਹਿਰ ਵਾਲੇ ਆਗੂ ਵੀ ਅਜਿਹਾ ਕੁੱਝ ਹੀ ਆਖਦੇ ਦਿਖਾਈ ਰਹੇ ਨੇ ਕਿ ਜਦੋਂ ਅਕਾਲ ਤਖ਼ਤ ਦੇ ਆਦੇਸ਼ਾਂ ਮੁਤਾਬਕ ਉਨ੍ਹਾਂ ਨੇ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਤਾਂ ਵਰਕਿੰਗ ਕਮੇਟੀ ਨੂੰ ਅਸਤੀਫ਼ੇ ਪ੍ਰਵਾਨ ਕਰਨ ਵਿਚ ਕੀ ਦਿੱਕਤ ਆ ਰਹੀ ਸੀ? ਪਰਮਿੰਦਰ ਢੀਂਡਸਾ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਅਕਾਲ ਤਖ਼ਤ ਸਾਹਿਬ ਨੇ ਆਪਣੇ ਆਦੇਸ਼ਾਂ ਵਿਚ ਸਪੱਸ਼ਟ ਤੌਰ ’ਤੇ ਆਖਿਆ ਸੀ ਕਿ ਪੁਰਾਣੀ ਲੀਡਰਸ਼ਿਪ ਅਕਾਲੀ ਦਲ ਦੀ ਅਗਵਾਈ ਕਰਨ ਵਿਚ ਅਸਮਰੱਥ ਰਹੀ ਐ, ਭਵਿੱਖ ਵਿਚ ਵੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ।
ਮੌਜੂਦਾ ਸਮੇਂ ਅਕਾਲੀ ਆਗੂਆਂ ਦੇ ਸਾਹਮਣੇ ਆ ਰਹੇ ਬਿਆਨਾਂ ਤੋਂ ਸਾਫ਼ ਦਿਖਾਈ ਦੇ ਰਿਹਾ ਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਾਣੀ ਹਾਲੇ ਇੰਨੀ ਛੇਤੀ ਸੂਤ ਨਹੀਂ ਆਉਣ ਵਾਲੀ। ਉਂਝ ਕੁੱਝ ਲੋਕਾਂ ਵੱਲੋਂ ਵੀ ਦਬੀ ਜ਼ੁਬਾਨ ਵਿਚ ਇਹੀ ਆਖਿਆ ਜਾ ਰਿਹਾ ਏ ਕਿ ਅਕਾਲ ਤਖ਼ਤ ਸਾਹਿਬ ਨੇ ਜਿਸ ਤਰ੍ਹਾਂ ਪਹਿਲਾਂ ਤਨਖ਼ਾਹ ਸੁਣਾਉਣ ਵਿਚ ਸਖ਼ਤੀ ਦਿਖਾਈ, ਉਹ ਕਾਬਲ ਏ ਤਾਰੀਫ਼ ਸੀ, ਉਸ ਸਖ਼ਤੀ ਨੂੰ ਬਰਕਰਾਰ ਰੱਖਣਾ ਚਾਹੀਦਾ ਏ। ਅਸਤੀਫ਼ਿਆਂ ਦੀ ਪ੍ਰਵਾਨਗੀ ਦੇ ਲਈ ਵਰਕਿੰਗ ਕਮੇਟੀ ਨੂੰ ਹੋਰ ਸਮਾਂ ਦੇਣ ਮਗਰੋਂ ਇਕ ਵੱਡਾ ਵਿਵਾਦ ਧੁਖਣਾ ਸ਼ੁਰੂ ਹੋ ਚੱਕਿਆ ਏ,, ਜੋ ਆਉਣ ਵਾਲੇ ਸਮੇਂ ਵਿਚ ਜਵਾਲਾਮੁਖੀ ਦਾ ਰੂਪ ਲੈ ਸਕਦਾ ਏ ਅਤੇ ਜੇਕਰ ਅਜਿਹਾ ਹੋਇਆ ਤਾਂ ਅਕਾਲੀ ਦਲ ਦੀ ਸੁਲਝਣ ਲੱਗੀ ਤਾਣੀ,, ਫਿਰ ਤੋਂ ਉਲਝ ਸਕਦੀ ਐ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ