ਹੁਣ ਪਊ ਪੇਚਾ, ਜਿਹਦੀ SGPC ਓਹਦਾ ਅਕਾਲੀ ਦਲ! ਨਵੀਂ ਗੇਮ ਦੀ ਤਿਆਰੀ ’ਚ ਬਾਗ਼ੀ ਨੇਤਾ

ਖ਼ਾਸ ਗੱਲ ਇਹ ਐ ਕਿ ਇਹ ਕਲੇਸ਼ ਇੱਥੇ ਹੀ ਰੁਕਣ ਵਾਲਾ ਨਹੀਂ, ਜਲਦ ਹੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਦਿਖਾਈ ਦੇ ਸਕਦਾ ਏ ਕਿਉਂਕਿ ਬਾਗ਼ੀ ਧੜੇ ਦੇ ਆਗੂਆਂ ਕੋਲ ਸ਼੍ਰੋਮਣੀ ਕਮੇਟੀ...;

Update: 2024-06-26 13:18 GMT

ਚੰਡੀਗੜ੍ਹ : ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਵਿਚੋਂ ਇਕ ਸ਼੍ਰੋਮਣੀ ਅਕਾਲੀ ਦਲ ਵਿਚ ਮੌਜੂਦਾ ਸਮੇਂ ਵੱਡੇ ਸੰਕਟ ਵਿਚੋਂ ਲੰਘ ਰਿਹਾ ਏ। ਲੋਕ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਪਾਰਟੀ ਵਿਚ ਕਲੇਸ਼ ਛਿੜਿਆ ਹੋਇਆ ਏ। ਪਾਰਟੀ ਦੇ ਇਕ ਧੜੇ ਵੱਲੋਂ ਸੁਖਬੀਰ ਬਾਦਲ ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਐ, ਜਦਕਿ ਦੂਜੇ ਧੜੇ ਵੱਲੋਂ ਸੁਖਬੀਰ ਦੀ ਅਗਵਾਈ ਵਿਚ ਭਰੋਸਾ ਜਤਾਇਆ ਜਾ ਰਿਹਾ ਏ। ਇਹ ਕਲੇਸ਼ ਇੰਨਾ ਜ਼ਿਆਦਾ ਵਧ ਚੁੱਕਿਆ ਏ ਕਿ ਅਕਾਲੀ ਦਲ ਦਾ ਬਾਗ਼ੀ ਧੜਾ ਸੁਖਬੀਰ ਬਾਦਲ ਦੇ ਧੜੇ ਤੋਂ ਮਜ਼ਬੂਤ ਹੁੰਦਾ ਦਿਖਾਈ ਦੇ ਰਿਹਾ ਏ ਅਤੇ ਪ੍ਰਧਾਨਗੀ ਦੇ ਅਹੁਦੇ ਲਈ ਕਈਆਂ ਦੇ ਨਾਵਾਂ ਦੀ ਚਰਚਾ ਵੀ ਸ਼ੁਰੂ ਹੋ ਗਈ ਐ। ਹੋਰ ਤਾਂ ਹੋਰ ਇਹ ਕਲੇਸ਼ ਇੱਥੇ ਹੀ ਖ਼ਤਮ ਹੋਣ ਵਾਲਾ ਨਹੀਂ, ਜਲਦ ਹੀ ਇਹ ਸ਼੍ਰੋਮਣੀ ਕਮੇਟੀ ਤੱਕ ਪਹੁੰਚੇਗਾ। 

ਲੋਕ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਸੀਨੀਅਰ ਆਗੂਆਂ ਵਿਚ ਸੁਖਬੀਰ ਬਾਦਲ ਦੀ ਅਗਵਾਈ ਨੂੰ ਲੈ ਕੇ ਨਾਰਾਜ਼ਗੀ ਪਾਈ ਜਾ ਰਹੀ ਐ, ਜਿਸ ਦੇ ਚਲਦਿਆਂ ਮੌਜੂਦਾ ਸਮੇਂ ਅਕਾਲੀ ਦਲ ਦੋ ਧੜਿਆਂ ਵਿਚ ਵੰਡਿਆ ਜਾ ਚੁੱਕਿਆ ਏ। ਭਾਵੇਂ ਕਿ ਅਕਾਲੀ ਦਲ ਵਿਚੋਂ ਪਹਿਲਾਂ ਵੀ ਧੜੇ ਬਣਦੇ ਰਹੇ ਨੇ ਪਰ ਜੋ ਕੁੱਝ ਮੌਜੂਦਾ ਸਮੇਂ ਹੋ ਰਿਹਾ ਏ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿਉਂਕਿ ਬਾਗ਼ੀ ਧੜਾ ਇਸ ਵਾਰ ਸੁਖਬੀਰ ਬਾਦਲ ’ਤੇ ਹਾਵੀ ਹੁੰਦਾ ਦਿਖਾਈ ਦੇ ਰਿਹਾ ਏ।

ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦੇਣ ਵਾਲਿਆਂ ਵਿਚ ਪ੍ਰੇਮ ਸਿੰਘ ਚੰਦੂਮਾਜਰਾ, ਸੁਖਦੇਵ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਭਾਈ ਮਨਜੀਤ ਸਿੰਘ, ਸੁੱਚਾ ਸਿੰਘ ਛੋਟੇਪੁਰ ਅਤੇ ਸੁਰਜੀਤ ਸਿੰਘ ਰੱਖੜਾ ਸਮੇਤ ਕਈ ਹੋਰ ਸੀਨੀਅਰ ਆਗੂ ਸ਼ਾਮਲ ਨੇ, ਜਦਕਿ ਸੁਖਬੀਰ ਬਾਦਲ ਦੇ ਨਾਲ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਅਨਿਲ ਜੋਸ਼ੀ ਸਮੇਤ ਹੋਰ ਆਗੂ ਸ਼ਾਮਲ ਨੇ।

ਉਂਝ ਅਕਾਲੀ ਦਲ ਵਿਚ ਇਹ ਕਲੇਸ਼ ਤਾਂ ਉਦੋਂ ਹੀ ਛਿੜ ਗਿਆ ਸੀ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਦਰਕਿਨਾਰ ਕਰਕੇ ਸੁਖਬੀਰ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਗਿਆ ਸੀ, ਜਿਸ ਦੇ ਰੋਸ ਵਜੋਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਆਵਾਜ਼ ਚੁੱਕੀ ਸੀ ਅਤੇ ਆਪਣੇ ਵੱਖਰੇ ਅਕਾਲੀ ਦਲ ਦਾ ਗਠਨ ਕੀਤਾ ਸੀ ਪਰ ਇਸ ਵਾਰ ਬਾਗ਼ੀ ਧੜਾ ਕਾਫ਼ੀ ਮਜ਼ਬੂਤ ਦਿਖਾਈ ਦੇ ਰਿਹਾ ਏ।

ਸਭ ਤੋਂ ਅਹਿਮ ਅਤੇ ਖ਼ਾਸ ਗੱਲ ਇਹ ਐ ਕਿ ਇਹ ਕਲੇਸ਼ ਇੱਥੇ ਹੀ ਰੁਕਣ ਵਾਲਾ ਨਹੀਂ, ਜਲਦ ਹੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਵੀ ਦਿਖਾਈ ਦੇ ਸਕਦਾ ਏ ਕਿਉਂਕਿ ਬਾਗ਼ੀ ਧੜੇ ਦੇ ਆਗੂਆਂ ਕੋਲ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਚੰਗੀ ਗਿਣਤੀ ਮੌਜੂਦ ਐ, ਜਿਸ ਕਰਕੇ ਹਰਜਿੰਦਰ ਧਾਮੀ ਦੀ ਪ੍ਰਧਾਨਗੀ ’ਤੇ ਵੀ ਖ਼ਤਰਾ ਮੰਡਰਾ ਸਕਦਾ ਏ ਅਤੇ ਸੁਖਬੀਰ ਬਾਦਲ ਨੂੰ ਵੱਡੀ ਮਾਤ ਮਿਲ ਸਕਦੀ ਐ। ਫਿਰ ਜਿਸ ਧੜੇ ਦਾ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਹੋਵੇਗਾ, ਅਕਾਲੀ ਦਲ ਵੀ ਉਸੇ ਦਾ ਹੋਵੇਗਾ।

ਭਾਵੇਂ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ’ਤੇ ਸਵਾਲ ਉਠਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਫਿਰ ਤੋਂ ਪਾਰਟੀ ਵਿਚ ਸ਼ਾਮਲ ਹੋ ਗਏ ਸੀ ਤਾਂ ਜੋ ਸੁਖਬੀਰ ਬਾਦਲ ਨੂੰ ਹੋਰ ਮੌਕਾ ਦਿੱਤਾ ਜਾ ਸਕੇ ਪਰ ਸੁਖਬੀਰ ਬਾਦਲ ਇਨ੍ਹਾਂ ਚੋਣਾਂ ਵਿਚ ਆਪਣਾ ਕਮਾਲ ਨਹੀਂ ਦਿਖਾ ਸਕੇ। ਬਲਕਿ ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਵੀ 5 ਫ਼ੀਸਦੀ ਘੱਟ ਵੋਟਾਂ ਪਈਆਂ ਅਤੇ 13 ਵਿਚੋਂ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਭਾਵੇਂ ਕਿ ਨੈਤਿਕਤਾ ਦੇ ਆਧਾਰ ’ਤੇ ਸੁਖਬੀਰ ਬਾਦਲ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਪਰ ਸੁਖਬੀਰ ਬਾਦਲ ਪ੍ਰਧਾਨਗੀ ਦੀ ਕੁਰਸੀ ਨੂੰ ਇੰਝ ਚਿੰਬੜ ਕੇ ਬੈਠੇ ਹੋਏ ਨੇ, ਜਿਵੇਂ ਇਹ ਉਨ੍ਹਾਂ ਦੀ ਨਿੱਜੀ ਜਾਗੀਰ ਹੋਵੇ।

ਬਾਗ਼ੀ ਧੜੇ ਵਿਚ ਸ਼ਾਮਲ ਪਰਮਿੰਦਰ ਸਿੰਘ ਢੀਂਡਸਾ ਨੇ ਸਾਫ਼ ਤੌਰ ’ਤੇ ਆਖਿਆ ਕਿ ਸਾਡੇ ਵਿਚੋਂ ਕੋਈ ਵੀ ਪ੍ਰਧਾਨਗੀ ਅਹੁਦੇ ਦਾ ਦਾਅਵੇਦਾਰ ਨਹੀਂ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂਅ ’ਤੇ ਵਿਚਾਰ ਕੀਤਾ ਜਾ ਸਕਦਾ ਏ, ਜਾਂ ਫਿਰ ਮਾਲਵੇ ਵਿਚ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਨਾਮ ਦੀ ਵੀ ਚਰਚਾ ਚੱਲ ਰਹੀ ਐ।

ਹਮਦਰਦ ਟੀਵੀ ਵੱਲੋਂ ਸੋਸ਼ਲ ਮੀਡੀਆ ’ਤੇ ਕਰਵਾਈ ਗਈ ਇਕ ਪੋਲ ਵਿਚ ਮਨਪ੍ਰੀਤ ਸਿੰਘ ਇਆਲੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਲੋਕਾਂ ਨੇ ਸਭ ਤੋਂ ਵੱਧ ਪਸੰਦ ਕੀਤਾ, ਜਦਕਿ ਇਸ ਵਿਚ ਸੁਖਬੀਰ ਬਾਦਲ, ਸੁਖਦੇਵ ਸਿੰਘ ਢੀਂਡਸਾ, ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਸੀ। ਇਸ ਪੋਲ ਵਿਚ ਗਿਆਨੀ ਹਰਪ੍ਰੀਤ ਸਿੰਘ ਦੂਜੇ ਅਤੇ ਸੁਖਬੀਰ ਬਾਦਲ ਤੀਜੇ ਨੰਬਰ ’ਤੇ ਰਹੇ।

ਦੱਸ ਦਈਏ ਕਿ ਅਕਾਲੀ ਦਲ ਵਿਚ ਛਿੜੇ ਅੰਦਰੂਨੀ ਕਲੇਸ਼ ਦੀ ਇਹ ਤਾਂ ਮਹਿਜ਼ ਸ਼ੁਰੂਆਤ ਐ। ਬਾਗ਼ੀ ਧੜੇ ਵੱਲੋਂ ਇਸ ਵਾਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦਾ ਪੂਰਾ ਪਲਾਨ ਤਿਆਰ ਕੀਤਾ ਹੋਇਆ ਏ, ਜਿਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਸਹਾਰਾ ਲਿਆ ਜਾ ਸਕਦਾ ਏ, ਜਿਸ ਵਿਚ ਕਥਿਤ ਤੌਰ ’ਤੇ ਬਾਗ਼ੀ ਧੜਾ ਹਾਵੀ ਹੁੰਦਾ ਦਿਖਾਈ ਦੇ ਰਿਹਾ ਏ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News