ਇਟਲੀ ਤੋਂ ਆਏ ਨੌਜਵਾਨ ਨਾਲ ਵਾਪਰ ਗਿਆ ਭਾਣਾ

ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਟਲੀ ਤੋਂ ਆਏ ਇਕ ਨੌਜਵਾਨ ਨਾਲ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਉਸ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਭੱਠੇ ਦੇ ਨਾਲ ਟਕਰਾ ਗਈ, ਜਿਸ ਦੌਰਾਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।;

Update: 2024-10-11 13:09 GMT

ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਟਲੀ ਤੋਂ ਆਏ ਇਕ ਨੌਜਵਾਨ ਨਾਲ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਉਸ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਭੱਠੇ ਦੇ ਨਾਲ ਟਕਰਾ ਗਈ, ਜਿਸ ਦੌਰਾਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨੌਜਵਾਨ ਹਾਲੇ 8 ਦਿਨ ਪਹਿਲਾਂ ਹੀ ਇਟਲੀ ਤੋਂ ਆਪਣੇ ਪਿੰਡ ਪਰਤਿਆ ਸੀ ਅਤੇ ਉਸ ਨੇ ਹੁਣ ਕੈਨੇਡਾ ਜਾਣਾ ਸੀ।

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਮਪੁਰ ਬਿਲੜੋ ਨੇੜੇ ਇਕ ਤੇਜ਼ ਰਫ਼ਤਾਰ ਕਾਰ ਭੱਠੇ ਦੇ ਨਾਲ ਟਕਰਾ ਗਈ, ਜਿਸ ਕਾਰਨ ਕਾਰ ਵਿਚ ਸਵਾਰ 26 ਸਾਲਾ ਨੌਜਵਾਨ ਅੰਮ੍ਰਿਤਪਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਜੋ ਪਿੰਡ ਡੋਗਰਪੁਰ ਦਾ ਰਹਿਣ ਵਾਲਾ ਸੀ ਅਤੇ ਮਹਿਜ਼ 8 ਦਿਨ ਪਹਿਲਾਂ ਹੀ ਇਟਲੀ ਤੋਂ ਪੰਜਾਬ ਆਇਆ ਸੀ। ਦਰਅਸਲ ਨੌਜਵਾਨ ਅੰਮ੍ਰਿਤਪਾਲ ਪਿੰਡ ਹਾਜ਼ੀਪੁਰ ਤੋਂ ਆਪਣੀ ਗੱਡੀ ਵਿਚ ਸਵਾਰ ਹੋ ਕੇ ਜਾਗੋ ਤੋਂ ਹੁੰਦੇ ਹੋਏ ਵਾਪਸ ਪਿੰਡ ਡੋਗਰਪੁਰ ਨੂੰ ਆ ਰਿਹਾ ਸੀ ਪਰ ਜਿਵੇਂ ਹੀ ਉਹ ਪਿੰਡ ਰਾਮਪੁਰ ਬਿਲੜੋ ਦੇ ਭੱਠੇ ਨੇੜੇ ਪੁਲ਼ ’ਤੇ ਪੁੱਜਿਆ ਤਾਂ ਉਸ ਦੀ ਤੇਜ਼ ਰਫ਼ਤਾਰ ਗੱਡੀ ਭੱਠੇ ਨਾਲ ਟਕਰਾ ਕੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉਡ ਗਏ ਅਤੇ ਨੌਜਵਾਨ ਨੂੰ ਬੜੀ ਮਸ਼ੱਕਤ ਨਾਲ ਬਾਹਰ ਕੱਢਿਆ ਗਿਆ।

ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਏਐਸਆਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਅੰਮ੍ਰਿਤਪਾਲ ਦੀ ਗੱਡੀ ਇੱਟਾਂ ਦੇ ਚੱਕੇ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਐ।

ਦੱਸ ਦਈਏ ਕਿ ਅੰਮ੍ਰਿਤਪਾਲ ਦਾ ਹਾਲੇ 9 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਉਸ ਦੀ ਮੌਤ ਨੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਸੁੱਟ ਦਿੱਤਾ। ਪਰਿਵਾਰ ਸਮੇਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਐ।

Tags:    

Similar News