Punjab Rain: ਪੰਜਾਬ 'ਚ ਮੀਂਹ ਕਾਰਨ ਹਾਲਾਤ ਚਿੰਤਾਜਨਕ, ਪਠਾਨਕੋਟ 'ਚ ਹਵਾਈ ਅੱਡੇ ਨੂੰ ਜਾਂਦੀ ਸੜਕ ਟੁੱਟੀ
ਫ਼ੌਜ ਨੇ ਖੋਲ ਦਿੱਤੇ ਆਪਣੇ ਗੇਟ, ਮੀਂਹ ਕਰਕੇ ਸੜਕਾਂ ਹੋਈਆਂ ਖ਼ਸਤਾ ਹਾਲ
Rain in Punjab: ਪੰਜਾਬ ਦੇ ਕਈ ਇਲਾਕਿਆਂ 'ਚ 2-3 ਦਿਨਾਂ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈ। ਇਸ ਮੀਂਹ ਨੇ ਇੱਕ ਪਾਸੇ ਤਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਪਰ ਨਾਲ ਹੀ ਮੁਸੀਬਤ ਵੀ ਖੜੀ ਹੋ ਗਈ ਹੈ। ਲਗਾਤਾਰ ਬਰਸਾਤ ਕਰਕੇ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪਠਾਨਕੋਟ ਦੀ ਗੱਲ ਕਰੀਏ ਤਾਂ ਸੋਮਵਾਰ ਸ਼ਾਮ ਤੋਂ ਲਗਾਤਾਰ ਮੀਂਹ ਕਾਰਨ ਪਠਾਨਕੋਟ ਵਿੱਚ ਸਥਿਤੀ ਹੋਰ ਵੀ ਵਿਗੜ ਗਈ ਹੈ। ਭਾਰੀ ਮੀਂਹ ਕਾਰਨ ਹਵਾਈ ਅੱਡੇ ਵੱਲ ਜਾਣ ਵਾਲੀ ਸੜਕ ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ ਆਵਾਜਾਈ ਠੱਪ ਹੋ ਗਈ। ਇਸ ਤੋਂ ਬਾਅਦ ਫੌਜ ਨੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਲਿਜਾਣ ਲਈ ਆਪਣੇ ਗੇਟ ਖੋਲ੍ਹ ਦਿੱਤੇ। ਹਵਾਈ ਅੱਡੇ ਦੀ ਕੰਧ ਦੇ ਨਾਲ ਜ਼ਮੀਨ ਖਿਸਕਣ ਦੀ ਘਟਨਾ ਵੀ ਵਾਪਰੀ ਹੈ।
ਸੋਮਵਾਰ ਰਾਤ ਨੂੰ ਮੀਂਹ ਕਾਰਨ ਪਠਾਨਕੋਟ ਦੇ ਢਾਂਗੂ ਰੋਡ 'ਤੇ ਇੱਕ ਦੁਕਾਨ ਦੇ ਨੇੜੇ ਇੱਕ ਬਿਜਲੀ ਦੇ ਟ੍ਰਾਂਸਫਾਰਮਰ ਨੂੰ ਅੱਗ ਲੱਗ ਗਈ। ਇਸ ਦੇ ਨਾਲ ਹੀ ਮੰਗਲਵਾਰ ਸਵੇਰੇ ਚਾਰ ਵਜੇ ਦੁਨੇਰਾ ਨੇੜੇ ਸੜਕ ਢਹਿ ਗਈ। ਆਵਾਜਾਈ ਠੱਪ ਹੋਣ ਕਾਰਨ ਲੋਕ ਪਰੇਸ਼ਾਨ ਹਨ।
ਸੋਮਵਾਰ ਨੂੰ ਪੰਜਾਬ ਵਿੱਚ ਕਈ ਥਾਵਾਂ 'ਤੇ ਮੀਂਹ ਕਾਰਨ ਤਾਪਮਾਨ 2.7 ਡਿਗਰੀ ਤੱਕ ਡਿੱਗ ਗਿਆ। ਮੌਸਮ ਵਿਭਾਗ ਨੇ ਬੁੱਧਵਾਰ ਤੋਂ ਤਿੰਨ ਦਿਨਾਂ ਲਈ ਪੰਜਾਬ ਵਿੱਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਕਮੀ ਦਰਜ ਕੀਤੀ ਜਾ ਸਕਦੀ ਹੈ।