ਮੀਂਹ ਕਾਰਨ ਸਬਜੀਆਂ ਹੋਈਆਂ ਮਹਿੰਗੀਆਂ, ਟਮਾਟਰ ਨੂੰ ਲੱਗੀ ਅੱਗ, 150-200 ਰੁਪਏ ਤੱਕ ਮਿਲੇਗਾ !
ਮੀਂਹ ਪੈਣ ਕਾਰਨ ਸਬਜ਼ੀਆਂ ਖੇਤਾਂ ਵਿੱਚ ਖਰਾਬ ਹੋ ਰਹੀਆਂ ਹਨ, ਜਿਸ ਕਰਕੇ ਮੰਡੀ ਵਿੱਚ ਸਬਜ਼ੀ ਦੀ ਘੱਟ ਪਹੁੰਚ ਹੋਣ ਕਰਕੇ ਭਾਅ ਅਸਮਾਨ ਨੂੰ ਛੂਹ ਰਹੇ ਹਨ।;
ਅੰਮ੍ਰਿਤਸਰ: ਮੀਂਹ ਪੈਣ ਕਾਰਨ ਸਬਜ਼ੀਆਂ ਖੇਤਾਂ ਵਿੱਚ ਖਰਾਬ ਹੋ ਰਹੀਆਂ ਹਨ, ਜਿਸ ਕਰਕੇ ਮੰਡੀ ਵਿੱਚ ਸਬਜ਼ੀ ਦੀ ਘੱਟ ਪਹੁੰਚ ਹੋਣ ਕਰਕੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਪਿਛਲੇ ਦਿਨਾਂ ਵਿੱਚ ਪਿਆਜ 15 ਰੁਪਏ ਕਿੱਲੋ ਸੀ ਹੁਣ ਉਹ ਵੀ 60 ਰੁਪਏ ਕਿੱਲੋ ਮਿਲ ਰਹੇ ਹਨ। ਉਥੇ ਹੀ ਟਮਾਟਰ 20 ਰੁਪਏ ਕਿੱਲੋ ਤੋਂ 100 ਰੁਪਏ ਪਹੁੰਚ ਗਿਆ ਹੈ ਅਤੇ ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਟਮਾਟਰ 150-200 ਰੁਪਏ ਕਿੱਲੋ ਹੋ ਜਾਵੇਗਾ। ਆਮ ਆਦਮੀ ਉੱਤੇ ਮਹਿੰਗਾਈ ਦਾ ਬੋਝ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੀਂਹ ਪੈਣ ਕਰਕੇ ਸਬਜੀ ਮੰਡੀ ਵਿੱਚ ਘੱਟ ਪਹੁੰਚ ਰਹੀ ਹੈ ਪਰ ਮੰਗ ਜਿਆਦਾ ਹੋਣ ਕਰਕੇ ਸਬਜ਼ੀ ਦੇ ਰੇਟ ਵੱਧਦੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਕਿਸਾਨਾਂ ਦੀ ਫਸਲ ਖੇਤ ਵਿੱਚ ਖਰਾਬ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਦਰਕ 250 ਰੁਪਏ ਕਿੱਲੋ ਮਿਲਦਾ ਹੈ।
ਮਾਨਸੂਨ ਦੀ ਭਾਰੀ ਬਾਰਿਸ਼ ਨੇ ਕਰਨਾਟਕ, ਹਿਮਾਚਲ ਅਤੇ ਮਹਾਰਾਸ਼ਟਰ ਵਰਗੇ ਟਮਾਟਰ ਉਤਪਾਦਕ ਰਾਜਾਂ ਤੋਂ ਜਾਣ ਵਾਲੇ ਟਰੱਕਾਂ 'ਤੇ ਮਾੜਾ ਅਸਰ ਪਾਇਆ ਹੈ ਅਤੇ ਇਸਦਾ ਅਸਰ ਟਮਾਟਰ ਦੀਆਂ ਕੀਮਤਾਂ 'ਤੇ ਦਿਖਾਈ ਦੇ ਰਿਹਾ ਹੈ। ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਪੈ ਰਹੀ ਬਰਸਾਤ ਕਾਰਨ ਟਮਾਟਰ ਦੀ ਫਸਲ 'ਤੇ ਵੀ ਮਾੜਾ ਅਸਰ ਪਿਆ ਹੈ। ਮਾਨਸੂਨ ਕਾਰਨ ਟਮਾਟਰ ਸੜ ਰਹੇ ਹਨ ਜਿਸ ਕਾਰਨ ਸਪਲਾਈ ਚੇਨ ਵੀ ਪ੍ਰਭਾਵਿਤ ਹੋ ਰਹੀ ਹੈ। ਅਜਿਹੇ 'ਚ ਸਪਲਾਈ ਘੱਟ ਹੋਣ ਕਾਰਨ ਕੀਮਤਾਂ 'ਚ ਸਪੱਸ਼ਟ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਤੋਂ ਇਲਾਵਾ ਹੋਰ ਸ਼ਹਿਰਾਂ ਵਿੱਚ ਵੀ ਟਮਾਟਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।