Punjab News: ਪਟੜੀ 'ਤੇ ਜਾ ਰਹੇ ਤਿੰਨ ਵਿਅਕਤੀਆਂ ਰੇਲਗੱਡੀ ਹੇਠਾਂ ਆਏ, ਦੋ ਦੀ ਹੋਈ ਮੌਤ, ਇੱਕ ਗੰਭੀਰ
ਰੇਲਵੇ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Tragic Train Accident In Sri Muktsar Sahib: ਸ੍ਰੀ ਮੁਕਤਸਰ ਸਾਹਿਬ ਤੋਂ ਬੇਹੱਦ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਸੋਮਵਾਰ ਨੂੰ ਇੱਥੇ ਦੇ ਬੱਲਮਗੜ੍ਹ ਰੋਡ ਰੇਲਵੇ ਕਰਾਸਿੰਗ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ। ਕੰਮ ਤੋਂ ਵਾਪਸ ਆ ਰਹੇ ਤਿੰਨ ਲੋਕ ਫਾਜ਼ਿਲਕਾ ਤੋਂ ਕੋਟਕਪੂਰਾ ਜਾ ਰਹੀ ਇੱਕ ਰੇਲਗੱਡੀ ਦੀ ਲਪੇਟ ਵਿੱਚ ਆ ਗਏ। ਦੱਸ ਦਈਏ ਕਿ ਇਹ ਤਿੰਨੇ ਸ਼ਖ਼ਸ ਰੇਲਵੇ ਟ੍ਰੈਕ 'ਤੇ ਪੈਦਲ ਤੁਰ ਕੇ ਜਾ ਰਹੇ ਸਨ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰੇਲਵੇ ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ।
ਮ੍ਰਿਤਕ ਅਤੇ ਜ਼ਖਮੀ ਦੋਵੇਂ ਪੇਸ਼ੇ ਤੋਂ ਟਰੱਕ ਡਰਾਈਵਰ ਹਨ। ਜਾਣਕਾਰੀ ਅਨੁਸਾਰ ਗੁਰਪ੍ਰੀਤ ਗੋਰੀ (28) ਪੁੱਤਰ ਸੇਵਕ ਸਿੰਘ, ਸੋਨੂੰ (32) ਪੁੱਤਰ ਚੰਦਰ ਸ਼ੇਖਰ ਨਿਵਾਸੀ ਫੈਕਟਰੀ ਰੋਡ ਅਤੇ ਬਲਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਸੋਮਵਾਰ ਰਾਤ 9 ਵਜੇ ਦੇ ਕਰੀਬ ਕੰਮ ਤੋਂ ਵਾਪਸ ਆ ਰਹੇ ਸਨ ਅਤੇ ਬੱਲਮਗੜ੍ਹ ਰੋਡ ਨੇੜੇ ਟਰੈਕ 'ਤੇ ਘਰ ਜਾ ਰਹੇ ਸਨ। ਯਾਤਰੀ ਰੇਲਗੱਡੀ ਫਾਜ਼ਿਲਕਾ ਤੋਂ ਕੋਟਕਪੂਰਾ ਜਾ ਰਹੀ ਸੀ।
ਜਦੋਂ ਰੇਲਗੱਡੀ ਮੁਕਤਸਰ ਦੇ ਬੱਲਮਗੜ੍ਹ ਰੋਡ ਰੇਲਵੇ ਕਰਾਸਿੰਗ 'ਤੇ ਪਹੁੰਚੀ ਤਾਂ ਰੇਲਗੱਡੀ ਨੇ ਹਾਰਨ ਵਜਾਇਆ ਪਰ ਤਿੰਨਾਂ ਨੌਜਵਾਨਾਂ ਨੇ ਇਸਦੀ ਆਵਾਜ਼ ਨਹੀਂ ਸੁਣੀ। ਰੇਲਗੱਡੀ ਤੇਜ਼ ਰਫ਼ਤਾਰ ਨਾਲ ਤਿੰਨਾਂ ਨੂੰ ਟੱਕਰ ਮਾਰਦੀ ਹੋਈ ਲੰਘ ਗਈ। ਟੱਕਰ ਇੰਨੀ ਭਿਆਨਕ ਸੀ ਕਿ ਗੁਰਪ੍ਰੀਤ ਅਤੇ ਸੋਨੂੰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਬਲਜਿੰਦਰ ਅਜੇ ਸਾਹ ਲੈ ਰਿਹਾ ਸੀ। ਸੂਚਨਾ ਮਿਲਦੇ ਹੀ ਰੇਲਵੇ ਪੁਲਿਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਦੋਂ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ।