ਚਾਰ ’ਚੋਂ ਇਹ ਤਿੰਨ ਸੀਟਾਂ ਪੈਣਗੀਆਂ ‘ਆਪ’ ਦੀ ਝੋਲੀ
ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ ’ਚ ਜ਼ਿਮਨੀ ਚੋਣਾਂ ਅਮਨ ਅਮਾਨ ਨਾਲ ਖ਼ਤਮ ਹੋ ਗਈਆਂ। ਹੁਣ ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਸੀਟਾਂ ਦੇ ਚੋਣ ਨਤੀਜਿਆਂ ’ਤੇ ਟਿਕੀਆਂ ਹੋਈਆਂ ਨੇ। ਚਾਰੇ ਸੀਟਾਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਤੇ ਮੁਕਾਬਲਾ ਕਾਫ਼ੀ ਜ਼ਬਰਦਸਤ ਰਿਹਾ। ਵੋਟਿੰਗ ਤੋਂ ਬਾਅਦ ਹੁਣ ਚਾਰੇ ਸੀਟਾਂ ਦੇ ਨਤੀਜੇ ਨੂੰ ਲੈ ਕੇ ਜੋ ਲੋਕ ਚਰਚਾ ਵਿਚ ਸਾਹਮਣੇ ਆ ਰਿਹਾ ਏ,
ਚੰਡੀਗੜ੍ਹ : ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ ’ਚ ਜ਼ਿਮਨੀ ਚੋਣਾਂ ਅਮਨ ਅਮਾਨ ਨਾਲ ਖ਼ਤਮ ਹੋ ਗਈਆਂ। ਹੁਣ ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਸੀਟਾਂ ਦੇ ਚੋਣ ਨਤੀਜਿਆਂਾ ’ਤੇ ਟਿਕੀਆਂ ਹੋਈਆਂ ਨੇ। ਚਾਰੇ ਸੀਟਾਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਤੇ ਮੁਕਾਬਲਾ ਕਾਫ਼ੀ ਜ਼ਬਰਦਸਤ ਰਿਹਾ। ਵੋਟਿੰਗ ਤੋਂ ਬਾਅਦ ਹੁਣ ਚਾਰੇ ਸੀਟਾਂ ਦੇ ਨਤੀਜੇ ਨੂੰ ਲੈ ਕੇ ਜੋ ਲੋਕ ਚਰਚਾ ਵਿਚ ਸਾਹਮਣੇ ਆ ਰਿਹਾ ਏ, ਉਸ ਦੇ ਮੁਤਾਬਕ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਆਪਣੇ ਵਿਰੋਧੀਆਂ ਨੂੰ 2022 ਵਾਲਾ ਨਜ਼ਾਰਾ ਦਿਖਾ ਸਕਦੀ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਲੋਕਾਂ ਵਿਚ ਚੱਲ ਰਹੀ ਚਰਚਾ ਮੁਤਾਬਕ ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਮਾਰ ਸਕਦੈ ਬਾਜ਼ੀ।
ਪੰਜਾਬ ਵਿਚ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀ ਉਪ ਚੋਣ ਵਿਚ ਸਾਰੀਆਂ ਸੀਟਾਂ ’ਤੇ ਮੁਕਾਬਲਾ ਕਾਫ਼ੀ ਜ਼ਬਰਦਸਤ ਰਿਹਾ ਪਰ ਹੁਣ ਜਦੋਂ ਵੋਟਿੰਗ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਐ ਤਾਂ ਇਨ੍ਹਾਂ ਸੀਟਾਂ ਦੇ ਨਤੀਜਿਆਂ ਨੂੰ ਲੈ ਕੇ ਲੋਕਾਂ ਦੀ ਰਾਇ ਸਾਹਮਣੇ ਆ ਰਹੀ ਐ, ਜਿਸ ਵਿਚ ਜ਼ਿਆਦਾਤਰ ਆਮ ਆਦਮੀ ਪਾਰਟੀ ਨੂੰ ਹੀ ਵੱਡੀ ਜਿੱਤ ਮਿਲਦੀ ਦਿਖਾਈ ਦੇ ਰਹੀ ਐ।
ਗਿੱਦੜਬਾਹਾ ਸੀਟ ਦੀ ਗੱਲ ਕਰੀਏ ਤਾਂ ਇਸ ਸੀਟ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ, ਆਪ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਭਾਜਪਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਚੋਣ ਮੈਦਾਨ ਵਿਚ ਕੁੱਦੇ ਹੋਏ ਸੀ। ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਮਿਲ ਰਹੀ ਰਾਇ ਮੁਤਾਬਕ ਇਸ ਸੀਟ ਤੋਂ ਹਰਦੀਪ ਸਿੰਘ ਡਿੰਪੀ ਦਾ ਪੱਲੜਾ ਭਾਰੀ ਹੁੰਦਾ ਨਜ਼ਰ ਆ ਰਿਹਾ ਏ। ਬੇਸ਼ੱਕ ਇਹ ਸੀਟ ਰਾਜਾ ਵੜਿੰਗ ਨੇ ਉਸ ਸਮੇਂ ਜਿੱਤੀ ਸੀ ਜਦੋਂ ਪੰਜਾਬ ਵਿਚ ਆਪ ਦੀ ਲਹਿਰ ਚੱਲ ਰਹੀ ਸੀ ਪਰ ਢਾਈ ਸਾਲਾਂ ਦੌਰਾਨ ਹਾਲਾਤ ਕਾਫ਼ੀ ਬਦਲ ਚੁੱਕੇ ਨੇ। ਹਰਦੀਪ ਸਿੰਘ ਡਿੰਪੀ ਢਿੱਲੋਂ ਪਹਿਲਾਂ ਅਕਾਲੀ ਦਲ ਦੀ ਟਿਕਟ ਤੋਂ ਕਈ ਵਾਰ ਚੋਣ ਹਾਰ ਚੁੱਕੇ ਨੇ, ਇਸ ਲਈ ਇਸ ਵਾਰ ਉਨ੍ਹਾਂ ਹਮਦਰਦੀ ਦੇ ਵੋਟ ਮਿਲਣ ਦੀ ਪੂਰੀ ਉਮੀਦ ਐ, ਦੂਜਾ ਇਸ ਵਾਰ ਅਕਾਲੀ ਦਲ ਚੋਣ ਮੈਦਾਨ ਵਿਚ ਨਹੀਂ, ਜਿਸ ਦੀਆਂ ਵੋਟਾਂ ਡਿੰਪੀ ਢਿੱਲੋਂ ਦੇ ਖਾਤੇ ਵਿਚ ਜਾਣਗੀਆਂ,,, ਵਿਰੋਧੀ ਭਾਵੇਂ ਜੋ ਮਰਜ਼ੀ ਆਖੀ ਜਾਣ।
ਤੀਜਾ ਪੱਖ ਇਹ ਐ ਕਿ ਡਿੰਪੀ ਢਿੱਲੋਂ ਇਸ ਵਾਰ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਐ ਅਤੇ ਸਰਕਾਰ ਦੇ ਹਾਲੇ ਢਾਈ ਸਾਲ ਬਾਕੀ ਪਏ ਹੋਏ ਨੇ। ਚੌਥਾ ਇਕ ਹੋਰ ਪੱਖ ਡਿੰਪੀ ਢਿੱਲੋਂ ਦੇ ਹੱਕ ਵਿਚ ਜਾਂਦਾ ਏ, ਉਹ ਐ ਸੀਐਮ ਭਗਵੰਤ ਮਾਨ ਵੱਲੋਂ ਡਿੰਪੀ ਢਿੱਲੋਂ ‘ਮੰਤਰੀ’ ਬਣਾਉਣ ਦੇ ਸੰਕੇਤ ਦੇਣਾ। ਹਰ ਹਲਕਾ ਵਾਸੀ ਇਹੀ ਚਾਹੁੰਦਾ ਏ ਕਿ ਉਸ ਦੇ ਹਲਕੇ ਦਾ ਵਿਕਾਸ ਹੋਵੇ, ਫਿਰ ਜੇਕਰ ਕਿਸੇ ਹਲਕੇ ਨੂੰ ਮੰਤਰੀ ਮਿਲ ਜਾਵੇ ਤਾਂ ਇਹ ਉਨ੍ਹਾਂ ਲਈ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਐ।
ਦੂਜੇ ਪਾਸੇ ਰਾਜਾ ਵੜਿੰਗ ਨੇ ਵੀ ਭਾਵੇਂ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ,, ਪਰ ਸਾਂਸਦੀ ਲਈ ਆਪਣਾ ਹਲਕਾ ਛੱਡ ਕੇ ਲੁਧਿਆਣੇ ਜਾਣਾ ਕਾਂਗਰਸੀ ਉਮੀਦਵਾਰ ਦੇ ਖ਼ਿਲਾਫ਼ ਜਾ ਸਕਦਾ ਏ। ਦੂਜਾ ਅਕਾਲੀ ਦਲ ਦਾ ਵੋਟ ਬੈਂਕ ਵੀ ਕਾਂਗਰਸੀ ਉਮੀਦਵਾਰ ਦਾ ਖੇਡ ਵਿਗਾੜ ਸਕਦਾ ਏ। ਇਸ ਤੋਂ ਇਲਾਵਾ ਪਰਿਵਾਰਵਾਦ ਦਾ ਠੱਪਾ ਵੀ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੀਆਂ ਵੋਟਾਂ ਨੂੰ ਖੋਰਾ ਲਗਾ ਸਕਦਾ ਏ। ਜ਼ਿਆਦਾਤਰ ਐਗਜ਼ਿਟ ਪੋਲ ਵਿਚ ਇਸ ਸੀਟ ਤੋਂ ਡਿੰਪੀ ਢਿੱਲੋਂ ਦੀ ਜਿੱਤ ਨੂੰ ਯਕੀਨੀ ਦੱਸਿਆ ਜਾ ਰਿਹਾ ਏ, ਜਦਕਿ ਕੁੱਝ ਐਗਜ਼ਿਟ ਪੋਲ ਵਿਚ ਦੋਵਾਂ ਵਿਚਾਲੇ ਸਖ਼ਤ ਮੁਕਾਬਲਾ ਹੋਣ ਦੀ ਗੱਲ ਆਖੀ ਜਾ ਰਹੀ ਐ। ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਤੀਜੇ ਨੰਬਰ ’ਤੇ ਆਉਣਗੇ ਕਿਉਂਕਿ ਚੰਡੀਗੜ੍ਹ ਵਿਧਾਨ ਸਭਾ ਅਤੇ ਪੀਯੂ ਸੈਨੇਟ ਚੋਣਾਂ ਦੇ ਮਸਲਾ ਉਨ੍ਹਾਂ ਦੀਆਂ ਜੜ੍ਹਾਂ ’ਚ ਤੇਲ ਪਾ ਸਕਦਾ ਏ।
ਹੁਣ ਗੱਲ ਕਰਦੇ ਆਂ ਹਲਕਾ ਚੱਬੇਵਾਲ ਦੀ,,, ਜਿੱਥੋਂ ਆਮ ਆਦਮੀ ਪਾਰਟੀ ਵੱਲੋਂ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਦੇ ਸਪੁੱਤਰ ਇਸ਼ਾਨ ਚੱਬੇਵਾਲ ਚੋਣ ਮੈਦਾਨ ਵਿਚ ਨੇ, ਕਾਂਗਰਸ ਵੱਲੋਂ ਡਾ. ਰਣਜੀਤ ਕੁਮਾਰ ਅਤੇ ਭਾਜਪਾ ਵੱਲੋਂ ਸੋਹਣ ਸਿੰਘ ਠੰਡਲ ਵੱਲੋਂ ਚੋਣ ਲੜੀ ਗਈ। ਲੋਕ ਵਿਚ ਚੱਲ ਰਹੀ ਚਰਚਾ ਅਤੇ ਜ਼ਿਆਦਾਤਰ ਐਗਜ਼ਿਟ ਪੋਲਾਂ ਵਿਚ ਇਸ ਸੀਟ ਤੋਂ ਇਸ਼ਾਨ ਚੱਬੇਵਾਲ ਨੂੰ ਜੇਤੂ ਦਿਖਾਇਆ ਜਾ ਰਿਹਾ ਏ। ਇਸ ਦੇ ਕਈ ਕਾਰਨ ਨੇ,,, ਪਹਿਲਾ ਇਹ ਕਿ ਇਸ਼ਾਨ ਚੱਬੇਵਾਲ ਦੇ ਪਿਤਾ ਡਾ. ਰਾਜ ਕੁਮਾਰ ਮੌਜੂਦਾ ਸਾਂਸਦ ਨੇ, ਜਿਨ੍ਹਾਂ ਨੂੰ ਪਾਰਟੀ ਬਦਲਣ ਦੇ ਬਾਵਜੂਦ ਲੋਕਾਂ ਨੇ ਦਿਲ ਖੋਲ੍ਹ ਕੇ ਵੋਟਾਂ ਪਾਈਆਂ ਅਤੇ ਸ਼ਾਨਦਾਰ ਜਿੱਤ ਦਿਵਾਈ। ਦੂਜਾ ਇਹ ਕਿ ਪਹਿਲਾਂ ਵੀ ਉਹ ਇੱਥੋਂ ਕਾਂਗਰਸੀ ਪਾਰਟੀ ਦੇ ਵਿਧਾਇਕ ਸਨ।
ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਏ ਕਿ ਹਲਕੇ ਦੇ ਲੋਕਾਂ ਵਿਚ ਡਾ. ਚੱਬੇਵਾਲ ਦੇ ਪ੍ਰਤੀ ਪਿਆਰ ਅਤੇ ਵਿਸਵਾਸ਼ ਬਣਿਆ ਹੋਇਆ ਏ, ਉਹ ਭਾਵੇਂ ਪਾਰਟੀ ਬਦਲਣ ਜਾਂ ਨਾ ਬਦਲਣ,, ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਨੇ ਸਿਰਫ਼ ਤੇ ਸਿਰਫ਼ ਡਾ. ਚੱਬੇਵਾਲ ਨੂੰ ਵੋਟਾਂ ਪਾਈਆਂ। ਇਸ਼ਾਨ ਚੱਬੇਵਾਲ ਨੌਜਵਾਨ ਆਗੂ ਐ ਜੋ ਆਪਣੇ ਪਿਤਾ ਦੀ ਤਰ੍ਹਾਂ ਹਲਕੇ ਦੀ ਸੇਵਾ ਕਰਨਾ ਚਾਹੁੰਦਾ ਏ। ਸੱਤਾਧਾਰੀ ਪਾਰਟੀ ਦਾ ਉਮੀਦਵਾਰ ਐ। ਵੱਡਾ ਕਾਰਨ ਇਹ ਵੀ ਐ ਕਿ ਵਿਰੋਧੀ ਧਿਰਾਂ ਵੀ ਡਾ. ਚੱਬੇਵਾਲ ਦੇ ਖ਼ਿਲਾਫ਼ ਕੁੱਝ ਖ਼ਾਸ ਪ੍ਰਚਾਰ ਨਹੀਂ ਕਰ ਸਕੀਆਂ।
ਕਾਂਗਰਸ ਪਾਰਟੀ ਨੇ ਇੱਥੋਂ ਡਾ. ਰਣਜੀਤ ਕੁਮਾਰ ਨੂੰ ਖੜ੍ਹਾ ਕੀਤਾ ਸੀ ਜੋ ਬਸਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਸੀ। ਕਾਂਗਰਸ ਨੂੰ ਬਸਪਾ ਵਾਲੀ ਵੋਟ ਦਾ ਲਾਹਾ ਸੀ ਪਰ ਉਹ ਲਾਹਾ ਕਾਂਗਰਸ ਨੂੰ ਮਿਲਦਾ ਦਿਖਾਈ ਨਹੀਂ ਦੇ ਰਿਹਾ। ਇਸੇ ਤਰ੍ਹਾਂ ਭਾਜਪਾ ਉਮੀਦਵਾਰ ਸੋਹਣ ਸਿੰਘ ਠੰਡਲ ਵੀ ਚੋਣ ਪ੍ਰਚਾਰ ਦੌਰਾਨ ਕੋਈ ਖ਼ਾਸ ਸਰਗਰਮੀ ਨਹੀਂ ਦਿਖਾ ਸਕੇ। ਭਾਜਪਾ ਉਮੀਦਵਾਰ ਹੋਣ ਕਰਕੇ ਹਰਿਆਣਾ ਨੂੰ ਚੰਡੀਗੜ੍ਹ ਵਿਚ ਵਿਧਾਨ ਸਭਾ ਲਈ ਜਗ੍ਹਾ ਦੇਣ ਦਾ ਮਸਲਾ ਅਤੇ ਪੀਯੂ ਦੀਆਂ ਸੈਨੇਟ ਚੋਣਾਂ ਰੁਕਵਾਉਣ ਦਾ ਮਸਲਾ ਅਤੇ ਕੇਂਦਰ ਸਰਕਾਰ ਨਾਲ ਕਿਸਾਨਾਂ ਦਾ ਫਸਿਆ ਪੇਚ,, ਇਹ ਸਾਰੇ ਮਸਲੇ ਭਾਜਪਾ ਉਮੀਦਵਾਰਾਂ ਦੇ ਰਾਹ ਦਾ ਰੋੜਾ ਬਣੇ। ਲੋਕਾਂ ਦੀ ਰਾਇ ਅਤੇ ਐਗਜ਼ਿਟ ਪੋਲ ਮੁਤਾਬਕ ਇਸ ਸੀਟ ਤੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਨ ਚੱਬੇਵਾਲ ਦੀ ਜਿੱਤ ਹੋਵੇਗੀ।
ਇਸੇ ਤਰ੍ਹਾਂ ਜੇਕਰ ਡੇਰਾ ਬਾਬਾ ਨਾਨਕ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ਤੋਂ ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ, ਜਦਕਿ ਕਾਂਗਰਸ ਪਾਰਟੀ ਵੱਲੋਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਚੋਣ ਲੜ ਰਹੀ ਸੀ ਅਤੇ ਭਾਜਪਾ ਵੱਲੋਂ ਰਵੀਕਰਨ ਸਿੰਘ ਕਾਹਲੋਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਇਸ ਸੀਟ ’ਤੇ ਪਿਛਲੀ ਵਾਰ ਭਾਵੇਂ ਰਵੀਕਰਨ ਸਿੰਘ ਕਾਹਲੋਂ ਮਹਿਜ਼ 466 ਵੋਟਾਂ ਤੋਂ ਹਾਰੇ ਸੀ ਪਰ ਇਸ ਵਾਰ ਉਹ ਤੀਜੇ ਨੰਬਰ ’ਤੇ ਖਿਸਕ ਸਕਦੇ ਨੇ ਕਿਉਂਕਿ ਇਸ ਵਾਰ ਉਹ ਅਕਾਲੀ ਦਲ ਨਹੀਂ ਬਲਕਿ ਭਾਜਪਾ ਵੱਲੋਂ ਚੋਣ ਲੜ ਰਹੇ ਸੀ।
ਕੇਂਦਰ ਸਰਕਾਰ ਨਾਲ ਪੰਜਾਬ ਦੇ ਚੱਲ ਰਹੇ ਮਸਲੇ ਸਾਰੇ ਭਾਜਪਾ ਉਮੀਦਵਾਰਾਂ ਦੇ ਆੜੇ ਆਏ। ਲੋਕਾਂ ਦਾ ਕਹਿਣਾ ਏ ਕਿ ਅਕਾਲੀ ਜਾਂ ਜੱਟ ਸਿੱਖ ਕਿਸਾਨ ਕਦੇ ਨਹੀਂ ਚਾਹੁਣਗੇ ਕਿ ਜਿਸ ਭਾਜਪਾ ਦੇ ਨਾਲ ਉਨ੍ਹਾਂ ਦਾ ਪੇਚਾ ਫਸਿਆ ਹੋਵੇ, ਉਹ ਉਸ ਦੇ ਉਮੀਦਵਾਰਾਂ ਨੂੰ ਜਿਤਾਉਣ। ਜਿੰਨੀ ਕੁ ਵੋਟ ਰਵੀਕਰਨ ਕਾਹਲੋਂ ਨੇ ਇਸ ਵਾਰ ਭਾਜਪਾ ਦੀ ਹਾਸਲ ਕਰਨੀ ਸੀ, ਉਸ ਤੋਂ ਕਿਤੇ ਜ਼ਿਆਦਾ ਵੋਟ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾਂਦੇ ਵਿਤਕਰੇ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਕੱਟੀ ਗਈ।
ਖ਼ਬਰਾਂ ਤਾਂ ਇਹ ਵੀ ਮਿਲ ਰਹੀਆਂ ਨੇ ਕਿ ਸੁੱਚਾ ਸਿੰਘ ਲੰਗਾਹ ਸਮੇਤ ਕੁੱਝ ਹੋਰ ਅਕਾਲੀ ਲੀਡਰਾਂ ਨੇ ਅਕਾਲੀ ਦਲ ਦੀ ਵੋਟ ਆਪ ਉਮੀਦਵਾਰ ਨੂੰ ਪੁਆਈ ਐ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ,,, ਪਰ ਜੇਕਰ ਵਾਕਈ ਅਜਿਹਾ ਹੋਇਆ ਤਾਂ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਕਾਂਗਰਸੀ ਉਮੀਦਵਾਰ ਦੀ ਵੀ ਖੇਡ ਵਿਗਾੜ ਸਕਦਾ ਏ। ਇਸ ਸੀਟ ਤੋਂ ਜ਼ਿਆਦਾਤਰ ਐਗਜ਼ਿਟ ਪੋਲ ਵਿਚ ਆਪ ਉਮੀਦਵਾਰ ਗੁਰਦੀਪ ਰੰਧਾਵਾ ਨੂੰ ਜੇਤੂ ਦਿਖਾਇਆ ਜਾ ਰਿਹਾ ਏ, ਜਦਕਿ ਕੁੱਝ ਵਿਚ ਆਪ ਅਤੇ ਕਾਂਗਰਸ ਵਿਚਾਲੇ ਸਖ਼ਤ ਟੱਕਰ ਦਿਖਾਈ ਜਾ ਰਹੀ ਐ।
ਹੁਣ ਗੱਲ ਕਰਦੇ ਆਂ ਪੰਜਾਬ ਦੀ ਦੂਜੀ ਸਭ ਤੋਂ ਅਹਿਮ ਸੀਟ ਬਰਨਾਲਾ ਸੀਟ ਦੀ,,, ਇਸ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਸਾਂਸਦ ਮੀਤ ਹੇਅਰ ਦਾ ਕਰੀਬੀ ਹਰਿੰਦਰ ਸਿੰਘ ਧਾਲੀਵਾਲ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ, ਜਦਕਿ ਕਾਂਗਰਸ ਵੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਚੋਣ ਮੈਦਾਨ ਵਿਚ ਨਿੱਤਰੇ ਹੋਏ ਸੀ। ਇਸ ਤੋਂ ਇਲਾਵਾ ਮਾਨ ਦਲ ਵੱਲੋਂ ਗੋਵਿੰਦ ਸਿੰਘ ਸੰਧੂ ਅਤੇ ਇਕ ਆਜ਼ਾਦ ਉਮੀਦਵਾਰ ਗੁਰਦੀਪ ਬਾਠ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਉਤਰੇ ਹੋਏ ਸੀ। ਬੇਸ਼ੱਕ ਇਹ ਸੀਟ ਕਾਫ਼ੀ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਕੋਲ ਰਹੀ ਹੋਵੇ ਅਤੇ ਮੀਤ ਹੇਅਰ ਇੱਥੋਂ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ ਹੋਣ ਪਰ ਇਸ ਵਾਰ ਇੱਥੇ ਆਮ ਆਦਮੀ ਪਾਰਟੀ ਦੀ ਬੇੜੀ ਡਾਵਾਂਡੋਲ ਹੁੰਦੀ ਦਿਖਾਈ ਦੇ ਰਹੀ ਐ।
ਇਸ ਦਾ ਵੱਡਾ ਕਾਰਨ ਐ ਪਾਰਟੀ ਤੋਂ ਬਾਗ਼ੀ ਹੋ ਕੇ ਆਜ਼ਾਦ ਚੋਣ ਲੜ ਰਿਹਾ ਗੁਰਦੀਪ ਸਿੰਘ ਬਾਠ,,, ਜਿਸ ਦਾ ਜਿੱਤਣਾ ਤਾਂ ਮੁਸ਼ਕਲ ਐ ਪਰ ਉਸ ਨੇ ਆਪ ਦੀ ਵੋਟ ਬੈਂਕ ਨੂੰ ਖੋਰਾ ਜ਼ਰੂਰ ਲਗਾ ਦਿੱਤਾ ਏ। ਜੇਕਰ ਉਹ 3 ਹਜ਼ਾਰ ਵੋਟ ਵੀ ਲੈ ਕੇ ਜਾਂਦਾ ਏ ਤਾਂ ਇਸ ਨਾਲ ਆਪ ਨੂੰ ਵੱਡਾ ਨੁਕਸਾਨ ਹੋਵੇਗਾ। ਅਕਾਲੀ ਦਲ ਦੀਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਥੇ ਮਾਨ ਦਲ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੂੰ ਪਈਆਂ ਨੇ ਕਿਉਂਕਿ ਖ਼ੁਦ ਬਿਕਰਮ ਮਜੀਠੀਆ ਨੇ ਅਕਾਲੀ ਵੋਟਰਾਂ ਨੂੰ ਗੋਵਿੰਦ ਸੰਧੂ ਦਾ ਸਮਰਥਨ ਕਰਨ ਲਈ ਆਖਿਆ ਸੀ। ਇਸ ਤੋਂ ਇਲਾਵਾ ਪਰਮਿੰਦਰ ਢੀਂਡਸਾ ਵੱਲੋਂ ਵੀ ਗੋਵਿੰਦ ਸੰਧੂ ਦੇ ਸਮਰਥਨ ਦੀ ਗੱਲ ਆਖੀ ਗਈ ਸੀ।
ਲੋਕਾਂ ਵਿਚ ਚੱਲ ਰਹੀ ਚਰਚਾ ਮੁਤਾਬਕ ਸੀਐਮ ਮਾਨ ਨੇ ਵੀ ਇਸ ਸੀਟ ’ਤੇ ਖ਼ਾਸ ਜ਼ੋਰ ਨਹੀਂ ਦਿਖਾਇਆ,,, ਕੁੱਝ ਲੋਕ ਤਾਂ ਇਹ ਵੀ ਆਖ ਰਹੇ ਨੇ ਕਿ ਸੀਐਮ ਸਾਬ੍ਹ ਤਾਂ ਗੁਰਦੀਪ ਬਾਠ ਨੂੰ ਖੜ੍ਹਾਉਣਾ ਚਾਹੁੰਦੇ ਸੀ ਪਰ ਸਾਂਸਦ ਮੀਤ ਹੇਅਰ ਨੇ ਕੇਂਦਰੀ ਹਾਈਕਮਾਨ ਤੋਂ ਆਪਣੇ ਕਰੀਬੀ ਲਈ ਇਹ ਟਿਕਟ ਹਾਸਲ ਕੀਤੀ। ਆਪ ਵਿਚ ਪਈ ਇਸ ਫੁੱਟ ਦਾ ਅਸਰ ਕਿਤੇ ਨਾ ਕਿਤੇ ਚੋਣ ਨਤੀਜੇ ਵਿਚ ਜ਼ਰੂਰ ਦਿਖਾਈ ਦੇਵੇਗਾ, ਜਿਸ ਦਾ ਫ਼ਾਇਦਾ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਹੋ ਸਕਦਾ ਏ।
ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਉਤਾਰਿਆ ਗਿਆ ਸੀ, ਜੋ ਬੇਸ਼ੱਕ ਬਰਨਾਲਾ ਤੋਂ ਇਕ ਦਮਦਾਰ ਉਮੀਦਵਾਰ ਸਨ ਪਰ ਪੰਜਾਬ ਅਤੇ ਕੇਂਦਰ ਨਾਲ ਚੱਲ ਰਿਹਾ ਮੋਦੀ ਸਰਕਾਰ ਦਾ ਕਲੇਸ਼ ਉਨ੍ਹਾਂ ਦੇ ਵੋਟ ਬੈਂਕ ਨੂੰ ਖੋਰਾ ਲਗਾਉਂਦਾ ਦਿਖਾਈ ਦਿੱਤਾ। ਲੋਕਾਂ ਦੀ ਰਾਇ ਦੇ ਆਧਾਰ ’ਤੇ ਕੀਤੇ ਸਰਵੇ ਦੇ ਮੁਤਾਬਕ ਇਸ ਸੀਟ ਤੋਂ ਇਸ ਵਾਰ ਕਾਂਗਰਸ ਪਾਰਟੀ ਦਾ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਬਾਜ਼ੀ ਮਾਰ ਸਕਦਾ ਏ।
ਇਸੇ ਤਰ੍ਹਾਂ ਮਾਨ ਦਲ ਦੇ ਉਮੀਦਵਾਰਾਂ ਬਰਨਾਲਾ ਤੋਂ ਗੋਵਿੰਦ ਸੰਧੂ ਅਤੇ ਗਿੱਦੜਬਾਹਾ ਤੋਂ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਵੀ ਖ਼ੈਰ ਪੱਲੇ ਪੈਂਦੀ ਦਿਖਾਈ ਨਹੀਂ ਦੇ ਰਹੀ। ਸ਼ਾਇਦ ਇਹੀ ਵਜ੍ਹਾ ਰਹੀ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਧੜੇ ਨੇ ਆਪਣੇ ਉਮੀਦਵਾਰ ਬਿਠਾਉਣ ਵਿਚ ਹੀ ਭਲਾਈ ਸਮਝੀ। ਇੰਝ ਜਾਪਦਾ ਏ ਕਿ ਉਨ੍ਹਾਂ ਨੇ ਹਵਾ ਦਾ ਰੁਖ਼ ਭਾਂਪ ਲਿਆ ਸੀ। ਉਹ ਸਮਝ ਗਏ ਸੀ ਕਿ ਭਾਵੇਂ ਦੀਪ ਸਿੱਧੂ ਦੇ ਭਰਾ ਨੂੰ ਖੜ੍ਹਾਈਏ ਜਾਂ ਕਿਸੇ ਹੋਰ ਨੂੰ,,,ਜਿੱਤ ਹਾਸਲ ਨਹੀਂ ਕਰ ਸਕੇਗਾ ਕਿਉਂਕਿ ਇਨ੍ਹਾਂ ਜ਼ਿਮਨੀ ਚੋਣਾਂ ਵਿਚ ਲੋਕ ਸਭਾ ਚੋਣਾਂ ਵਾਲੀ ਲਹਿਰ ਕਿਧਰੇ ਵੀ ਦਿਖਾਈ ਨਹੀਂ ਦਿੱਤੀ, ਜਿਸ ਲਹਿਰ ਨੇ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਨੂੰ ਜਿਤਾਇਆ।
ਸੋ ਕੀਤੇ ਗਏ ਕੁੱਝ ਸਰਵੇ ਦੇ ਆਧਾਰ ’ਤੇ ਪੰਜਾਬ ਦੀਆਂ ਇਨ੍ਹਾਂ ਚਾਰ ਸੀਟਾਂ ਵਿਚੋਂ ਤਿੰਨ ਗਿੱਦੜਬਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ ’ਤੇ ਆਮ ਆਦਮੀ ਪਾਰਟੀ ਆਪਣਾ ਝੰਡਾ ਲਹਿਰਾ ਸਕਦੀ ਐ, ਜਦਕਿ ਬਰਨਾਲਾ ਦੀ ਸੀਟ ਇਸ ਵਾਰ ਕਾਂਗਰਸ ਪਾਰਟੀ ਦੇ ਖਾਤੇ ਜਾ ਸਕਦੀ ਐ।
ਸੋ ਤੁਹਾਡੇ ਮੁਤਾਬਕ ਇਨ੍ਹਾਂ ਚਾਰੇ ਸੀਟਾਂ ਤੋਂ ਕਿਹੜਾ ਕਿਹੜਾ ਉਮੀਦਵਾਰ ਬਾਜ਼ੀ ਮਾਰ ਸਕਦਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ