ਡੇਰਾ ਬਿਆਸ ਮੁਖੀ ਨਾਲ ਹੋਈ ਮੁਲਾਕਾਤ ਦਾ ਸੱਚ?

ਗਿਆਨੀ ਹਰਪ੍ਰੀਤ ਸਿੰਘ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਚਾਲੇ ਹੋਈ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਵੱਡਾ ਭੂਚਾਲ ਮੱਚਿਆ ਹੋਇਆ ਏ, ਹਰ ਕੋਈ ਇਸ ਮੀਟਿੰਗ ਦੇ ਏਜੰਡੇ ਬਾਰੇ ਜਾਣਨਾ ਚਾਹੁੰਦਾ ਏ।

Update: 2024-12-27 14:52 GMT

ਚੰਡੀਗੜ੍ਹ : ਗਿਆਨੀ ਹਰਪ੍ਰੀਤ ਸਿੰਘ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਚਾਲੇ ਹੋਈ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਵੱਡਾ ਭੂਚਾਲ ਮੱਚਿਆ ਹੋਇਆ ਏ, ਹਰ ਕੋਈ ਇਸ ਮੀਟਿੰਗ ਦੇ ਏਜੰਡੇ ਬਾਰੇ ਜਾਣਨਾ ਚਾਹੁੰਦਾ ਏ। ਐਸਜੀਪੀਸੀ ਨੇ ਤਾਂ ਬਿਆਨ ਵੀ ਜਾਰੀ ਕਰ ਦਿੱਤਾ ਕਿ ਇਸ ਮੀਟਿੰਗ ਦਾ ਏਜੰਡਾ ਸਪੱਸ਼ਟ ਕੀਤਾ ਜਾਵੇ, ਜਿਸ ਤੋਂ ਬਾਅਦ ਸੁਰਜੀਤ ਸਿੰਘ ਰੱਖੜਾ ਦੀ ਜ਼ੁਬਾਨੀ ਇੰਨੀ ਹੀ ਗੱਲ ਸਾਹਮਣੇ ਆ ਸਕੀ ਕਿ ਇਹ ਮੁਲਾਕਾਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੀਤੀ ਗਈ ਐ,, ਪਰ ਇਹ ਗੱਲ ਲੋਕਾਂ ਦੇ ਗਲ਼ੇ ਨਹੀਂ ਉਤਰ ਰਹੀ,, ਉਹ ਇਕ ਘੰਟੇ ਦੀ ਮੁਲਾਕਾਤ ਦੌਰਾਨ ਹਰ ਗੱਲ ਜਾਣਨਾ ਚਾਹੁੰਦੇ ਨੇ। ਸੋ ਤੁਹਾਨੂੰ ਕੀਤੇ ਗਏ ਵਿਸ਼ਲੇਸ਼ਣ ਜ਼ਰੀਏ ਦੱਸਦੇ ਆਂ ਕਿ ਕੀ ਹੋਈ ਇਸ ਮੀਟਿੰਗ ਦੌਰਾਨ ਗੱਲਬਾਤ!


ਬੀਤੇ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਫ਼ੈਸਲੇ ਦੇ ਬਾਅਦ ਤੋਂ ਹੀ ਪੰਥਕ ਸਿਆਸਤ ਵਿਚ ਇਕ ਵੱਡਾ ਭੂਚਾਲ ਦੇਖਣ ਨੂੰ ਮਿਲ ਰਿਹਾ ਏ। ਭਾਵੇਂ ਕਿ ਇਹ ਸਭ ਕੁੱਝ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਪਿਛਲੇ ਸਮੇਂ ਦੌਰਾਨ ਪੈਦਾ ਹੋਏ ਕਲੇਸ਼ ਨੂੰ ਖ਼ਤਮ ਕਰਨ ਦੇ ਲਈ ਕੀਤਾ ਗਿਆ ਸੀ ਪਰ ਨਾ ਤਾਂ ਅਕਾਲੀ ਦਲ ਦੀ ਮਜ਼ਬੂਤੀ ਹੋ ਰਹੀ ਐ ਅਤੇ ਨਾ ਹੀ ਕਲੇਸ਼ ਰੁਕਣ ਦਾ ਨਾਮ ਲੈ ਰਿਹਾ,, ਬਲਕਿ ਮੌਜੂਦਾ ਸਮੇਂ ਹਾਲਾਤ ਇਹ ਬਣ ਚੁੱਕੇ ਨੇ ਕਿ ਇਹ ਹੋਰ ਵਧਦਾ ਦਿਖਾਈ ਦੇ ਰਿਹਾ ਏ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦੌਰਾਨ ਸੁਖਬੀਰ ਬਾਦਲ ਸਮੇਤ ਹੋਰ ਅਕਾਲੀ ਆਗੂਆਂ ਦੇ ਅਸਤੀਫ਼ੇ ਲੈਣ ਦਾ ਹੁਕਮ ਵੀ ਸੁਣਾਇਆ ਗਿਆ ਸੀ, ਪਰ ਵਰਕਿੰਗ ਕਮੇਟੀ ਨੇ ਇਸ ਹੁਕਮ ਦੀ ਹਾਲੇ ਤੱਕ ਪਾਲਣਾ ਨਹੀਂ ਕੀਤੀ। ਮੌਜੂਦਾ ਸਮੇਂ ਇਕ ਚੈਨਲ ’ਤੇ ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ ਇੰਟਰਵਿਊ ਤੋਂ ਇਹ ਸਾਫ਼ ਸੰਕੇਤ ਮਿਲ ਚੁੱਕੇ ਨੇ ਕਿ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੋਵੇਗਾ।


ਹੁਣ ਗੱਲ ਕਰਦੇ ਆਂ ਗਿਆਨੀ ਹਰਪ੍ਰੀਤ ਸਿੰਘ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਚਾਲੇ ਹੋਈ ਮੁਲਾਕਾਤ ਬਾਰੇ,,,ਜਿਸ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਨੇ। ਦਰਅਸਲ ਇਸ ਮੁਲਾਕਾਤ ਦੌਰਾਨ ਸੁਰਜੀਤ ਸਿੰਘ ਰੱਖੜਾ ਵੀ ਉਥੇ ਮੌਜੂਦ ਸਨ। ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਐ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਗੁੜਗਾਓਂ ਵਿਖੇ ਸੁਖਬੀਰ ਬਾਦਲ ਨੂੰ ਵੀ ਮਿਲੇ ਸੀ,, ਉਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਐ। ਇਸ ਤੋਂ ਇਕ ਗੱਲ ਤਾਂ ਸਾਫ਼ ਹੋ ਗਈ ਐ ਕਿ ਇਹ ਮੁਲਾਕਾਤ ਦੋਵੇਂ ਧਿਰਾਂ ਵਿਚਾਲੇ ਪਏ ਕਲੇਸ਼ ਨੂੰ ਖ਼ਤਮ ਕਰਵਾਉਣ ਬਾਰੇ ਹੋ ਸਕਦੀ ਐ।

ਉਂਝ ਡੇਰਾ ਬਿਆਸੀ ਮੁਖੀ ਬਾਰੇ ਵੀ ਇਹ ਕਿਹਾ ਜਾਂਦਾ ਏ ਕਿ ਉਹ ਕਿਸੇ ਕਲੇਸ਼ ਵਿਚ ਨਹੀਂ ਪੈਂਦੇ,, ਕਲੇਸ਼ ਖ਼ਤਮ ਕਰਵਾਉਣ ਦੇ ਲਈ ਪਹਿਲਕਦਮੀ ਜ਼ਰੂਰ ਕਰ ਸਕਦੇ ਨੇ। ਹੋ ਸਕਦਾ ਏ ਕਿ ਡੇਰਾ ਬਿਆਸੀ ਮੁਖੀ ਨੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ਾ ਦੇ ਕੇ ਸਾਰਾ ਕਲੇਸ਼ ਨਿਬੇੜਨ ਬਾਰੇ ਕਿਹਾ ਹੋਵੇਗਾ,, ਪਰ ਸੁਣਨ ਵਿਚ ਆ ਰਿਹਾ ਏ ਕਿ ਸੁਖਬੀਰ ਬਾਦਲ ਵੱਲੋਂ ਅਸਤੀਫ਼ਾ ਦੇਣ ਸਬੰਧੀ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ, ਜਿਸ ਕਰਕੇ ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਇਹ ਸਾਰਾ ਵਿਵਾਦ ਖ਼ਤਮ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਹੋਵੇ ਕਿਉਂਕਿ ਅਕਾਲੀਆਂ ਵਿਚਾਲੇ ਛਿੜੇ ਇਸ ਕਲੇਸ਼ ਦੀ ਵਜ੍ਹਾ ਕਰਕੇ ਪੰਥ ਦਾ ਕਾਫ਼ੀ ਨੁਕਸਾਨ ਹੋ ਰਿਹਾ ਏ ਅਤੇ ਅੱਗੇ ਵੀ ਵੱਡੇ ਨੁਕਸਾਨ ਲਈ ਤਿਆਰ ਰਹਿਣਾ ਹੋਵੇਗਾ। ਸਿੱਖ ਵਿਰੋਧੀ ਤਾਕਤਾਂ ਸਿਰ ਚੁੱਕੀਂ ਬੈਠੀਆਂ ਨੇ ਕਿ ਇਹ ਕਲੇਸ਼ ਇਵੇਂ ਹੀ ਜਾਰੀ ਰਹੇ ਅਤੇ ਉਹ ਆਸਾਨੀ ਨਾਲ ਇਸ ਦਾ ਫ਼ਾਇਦਾ ਚੁੱਕ ਸਕਣ।


ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਭਾਵੇਂ ਇਹ ਆਖ ਰਹੇ ਨੇ ਕਿ ਉਹ ਇਤਫ਼ਾਕਨ ਹੀ ਉਥੇ ਮੌਜੂਦ ਸਨ,, ਉਹ ਇਸ ਮੁਲਾਕਾਤ ਦੀ ਵਜ੍ਹਾ ਕਰਕੇ ਉਥੇ ਨਹੀਂ ਸੀ ਗਏ,,, ਹੋ ਸਕਦਾ ਏ ਕਿ ਰੱਖੜਾ ਸਾਬ੍ਹ ਸੱਚ ਆਖ ਰਹੇ ਹੋਣ,, ਪਰ ਇਹ ਗੱਲ ਬਹੁਤੇ ਲੋਕਾਂ ਨੂੰ ਹਜ਼ਮ ਨਹੀਂ ਆ ਰਹੀ। ਕੁੱਝ ਲੋਕ ਤਾਂ ਇਹ ਆਖ ਰਹੇ ਨੇ ਕਿ ਇਹ ਮੀਟਿੰਗ ਪਹਿਲਾਂ ਤੋਂ ਤੈਅ ਕੀਤੀ ਗਈ ਸੀ, ਜਿਸ ਵਿਚ ਰੱਖੜਾ ਸਾਬ੍ਹ ਨੂੰ ਵੀ ਸੱਦਿਆ ਗਿਆ ਸੀ। ਇਕ ਘੰਟੇ ਤੱਕ ਤਿੰਨੇ ਆਗੂਆਂ ਵਿਚਾਲੇ ਮੁਲਾਕਾਤ ਹੋਈ ਹੋਵੇ,, ਪਰ ਰੱਖੜਾ ਸਾਬ੍ਹ ਇੰਨੀ ਗੱਲ ਕਹਿ ਕੇ ਬੁੱਤਾ ਸਾਰ ਰਹੇ ਨੇ ਕਿ ਮੁਲਾਕਾਤ ਦੌਰਾਨ ਅਕਾਲੀ ਦਲ ਦੀ ਮਜ਼ਬੂਤੀ ਨੂੰ ਲੈ ਕੇ ਵਿਚਾਰ ਚਰਚਾ ਹੋਈ ਐ, ਹੋਰ ਕੋਈ ਗੱਲ ਨਹੀਂ ਹੋਈ,,, ਪਰ ਲੋਕਾਂ ਦਾ ਸਵਾਲ ਐ ਕਿ ਡੇਰਾ ਬਿਆਸ ਮੁਖੀ ਕਿਵੇਂ ਅਕਾਲੀ ਦਲ ਦੀ ਮਜ਼ਬੂਤੀ ਕਿਵੇਂ ਕਰਨਗੇ? ਨਾ ਤਾਂ ਉਹ ਅਕਾਲੀ ਲੀਡਰ ਨੇ,, ਨਾ ਹੀ ਕੋਈ ਐਸਜੀਪੀਸੀ ਮੈਂਬਰ। ਲੋਕਾਂ ਦਾ ਕਹਿਣਾ ੲੈ ਕਿ ਉਹ ਤਾਂ ਸਿੱਖ ਵੀ ਨਹੀਂ ਕਿਉਂਕਿ ਉਨ੍ਹਾਂ ਨੇ ਆਪਣਾ ਇਕ ਵੱਖਰਾ ਪੰਥ ਚਲਾਇਆ ਹੋਇਆ ਏ,, ਪਰ ਉਨ੍ਹਾਂ ਨੂੰ ਸਿੱਖ ਪੰਥ ਦੀ ਇੰਨੀ ਚਿੰਤਾ ਕਿਉਂ ਹੋ ਰਹੀ ਐ?


ਖ਼ੈਰ,, ਲੋਕਾਂ ਦੀ ਜ਼ੁਬਾਨ ਨੂੰ ਕੌਣ ਰੋਕ ਸਕਦਾ ਏ,, ਜੋ ਮੂੰਹ ਆਏ ਬੋਲੀ ਜਾਂਦੇ ਨੇ,, ਪਰ ਡੇਰਾ ਬਿਆਸ ਮੁਖੀ ਇਕ ਧਾਰਮਿਕ ਆਗੂ ਨੇ, ਜਿਨ੍ਹਾਂ ਦੀ ਅਕਾਲੀ ਦਲ ਦੇ ਆਗੂਆਂ ਦੇ ਨਾਲ ਪੁਰਾਣੀ ਸਾਂਝ ਐ। ਜਿਸ ਤਰ੍ਹਾਂ ਹਰ ਕੋਈ ਕੁਰਬਾਨੀਆਂ ਦੇ ਨਾਲ ਬਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪਤਨ ਤੋਂ ਦੁਖੀ ਹੋ ਰਿਹਾ ਏ, ਹੋ ਸਕਦਾ ਏ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਇਸ ਗੱਲ ਦਾ ਦੁੱਖ ਹੋਵੇ। ਉਂਝ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਲੱਖਾਂ ਲੋਕਾਂ ਦੀ ਨੁਮਾਇੰਦਗੀ ਜਾਂ ਅਗਵਾਈ ਕਰਨ ਵਾਲੇ ਧਾਰਮਿਕ ਆਗੂ ਆਮ ਨਹੀਂ ਬਲਕਿ ਬਹੁਤ ਖ਼ਾਸ ਹੁੰਦੇ ਨੇ,, ਉਨ੍ਹਾਂ ਨੂੰ ਭਵਿੱਖ ਵਿਚਲੇ ਜ਼ਿਆਦਾਤਰ ਨੁਕਸਾਨਾਂ ਦਾ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਹੈ।

ਇਸੇ ਕਰਕੇ ਉਹ ਅਕਾਲੀ ਦਲ ਦੀ ਉਲਝੀ ਤਾਣੀ ਨੂੰ ਵਿਚ ਵਿਚਾਲੇ ਪੈ ਕੇ ਸੁਲਝਾਉਣ ਵਿਚ ਲੱਗੇ ਹੋਏ ਨੇ। ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਇਸ ਗੱਲ ਦਾ ਡਰ ਵੀ ਸਾਰਿਆਂ ਨੂੰ ਸਤਾ ਰਿਹਾ ਏ ਕਿ ਜੇਕਰ ਅਕਾਲੀ ਦਲ ਨੂੰ ਚਲਾਉਣ ਵਾਲੇ ਇਨ੍ਹਾਂ ਤੋਂ ਵੀ ਮਾੜੇ ਨਿਕਲ ਗਏ ਤਾਂ ਫਿਰ ਕੀ ਹੋਵੇਗਾ? ਪਰ ਇਸ ਸਮੇਂ ਸਭ ਤੋਂ ਵੱਡਾ ਸਵਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਬਰਕਰਾਰ ਰੱਖਣਾ ਏ,, ਜਿਸ ਦਾ ਮੌਜੂਦਾ ਅਕਾਲੀਆਂ ਵੱਲੋਂ ਭੋਰਾ ਖ਼ਿਆਲ ਨਹੀਂ ਰੱਖਿਆ ਜਾ ਰਿਹਾ।

ਉਂਝ ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ ਇੰਟਰਵਿਊ ਵਿਚ ਗੱਲਬਾਤ ਕਰਦਿਆਂ ਜੋ ਕਾਰਨ ਦੱਸੇ ਜਾ ਗਏ ਨੇ, ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਏ ਕਿ ਸੁਖਬੀਰ ਬਾਦਲ ਦਾ ਅਸਤੀਫ਼ਾ ਸ਼ਹੀਦੀ ਪੰਦਰਵਾੜਾ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਆਉਣ ਵਾਲਾ। ਇਸ ਦੌਰਾਨ ਇਹ ਗੱਲ ਵੀ ਸੁਣਨ ਵਿਚ ਆ ਰਹੀ ਐ ਕਿ ਕੋਈ ਅਜਿਹਾ ਹੱਲ ਲੱਭਿਆ ਜਾ ਰਿਹਾ ਏ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਵੀ ਬਰਕਰਾਰ ਰਹਿ ਜਾਵੇ ਅਤੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਵੀ।


ਇਸ ਤੋਂ ਇਲਾਵਾ ਡੇਰਾ ਬਿਆਸੀ ਮੁਖੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਚਾਲੇ ਹੋਈ ਮੁਲਾਕਾਤ ਦੇ ਇਕ ਹੋਰ ਮਾਇਨੇ ਵੀ ਕੱਢੇ ਜਾ ਰਹੇ ਨੇ, ਜਿਸ ਦੀ ਸੰਭਾਵਨਾ ਭਾਵੇਂ ਘੱਟ ਹੀ ਜਾਪਦੀ ਐ ਪਰ ਫਿਰ ਵੀ ਇਸ ’ਤੇ ਚਰਚਾ ਕਰਨੀ ਜ਼ਰੂਰੀ ਐ। ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਕ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਨੇ ਆਪਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਖ਼ਤਮ ਕਰ ਦਿੱਤਾ ਪਰ ਦੂਜੇ ਧੜੇ ਵਿਚ ਹਾਲੇ ਤੱਕ ਕੋਈ ਨਰਮੀ ਦੇ ਸੰਕੇਤ ਦਿਖਾਈ ਨਹੀਂ ਦਿੱਤੇ ਕੁੱਝ ਲੋਕਾਂ ਦਾ ਕਹਿਣਾ ਏ ਕਿ ਸੁਖਬੀਰ ਬਾਦਲ ਵੱਲੋਂ ਇਸ ਮਾਮਲੇ ਵਿਚ ਕੋਈ ਨਰਮੀ ਨਾ ਹੁੰਦੀ ਦੇਖ,, ਡੇਰਾ ਬਿਆਸ ਮੁਖੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਥਾਪੜਾ ਦਿੱਤਾ ਗਿਆ ਹੋਵੇਗਾ ਕਿ ਉਹ ਨਵੇਂ ਅਕਾਲੀ ਦਲ ਦੀ ਤਿਆਰੀ ਕਰਨ।

ਹਾਲਾਂਕਿ ਇਸ ਗੱਲ ਦੀ ਉਮੀਦ ਬਹੁਤ ਘੱਟ ਐ,, ਪਰ ਫਿਰ ਵੀ ਜੇਕਰ ਅਜਿਹਾ ਹੋਇਆ ਤਾਂ ਇਹ ਅਕਾਲੀ ਦਲ ਕਿਹੋ ਜਿਹਾ ਹੋਵੇਗਾ,, ਇਸ ਬਾਰੇ ਜ਼ਿਆਦਾ ਕਹਿਣ ਦੀ ਲੋੜ ਨਹੀਂ ਕਿਉਂਕਿ ਡੇਰਾ ਬਿਆਸ ਮੁਖੀ ਮਿਲਦੇ ਗਿਲਦੇ ਭਾਵੇਂ ਸਾਰਿਆਂ ਦੇ ਨਾਲ ਹੋਣ ਪਰ ਮੌਜੂਦਾ ਸਮੇਂ ਕੇਂਦਰ ਸਰਕਾਰ ਦੇ ਮੰਤਰੀਆਂ ਸੰਤਰੀਆਂ ਨਾਲ ਉਹ ਕੁੱਝ ਜ਼ਿਆਦਾ ਹੀ ਦਿਖਾਈ ਦੇ ਰਹੇ ਨੇ। ਜਦਕਿ ਇਸ ਤੋਂ ਪਹਿਲਾਂ ਉਹ ਸਮਾਜਿਕ ਤੌਰ ’ਤੇ ਕਦੇ ਵੀ ਸਿਆਸੀ ਮਾਮਲਿਆਂ ਵਿਚ ਇੰਨੇ ਸਰਗਰਮ ਨਹੀਂ ਰਹੇ।


ਇਕ ਗੱਲ ਹੋਰ ਵੀ ਇਸ ਮਾਮਲੇ ਦੇ ਨਾਲ ਜੋੜ ਕੇ ਪ੍ਰਚਾਰੀ ਜਾ ਰਹੀ ਐ ਕਿ ਕੁੱਝ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਇਕ ਬਿਆਨ ਵਿਚ ਆਖਿਆ ਸੀ ਕਿ ਉਹ ਵਿਰਸਾ ਸਿੰਘ ਵਲਟੋਹਾ ਦੇ ਕੱਲੇ ਕੱਲੇ ਸਵਾਲ ਦਾ ਜਵਾਬ ਤਸੱਲੀ ਨਾਲ ਦੇਣਗੇ, ਜਿਨ੍ਹਾਂ ਵਿਚੋਂ ਕਈ ਜਵਾਬਾਂ ਦੇ ਨਾਲ ਗਰਦ ਵੀ ਉਠੇਗੀ। ਆਓ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਬਿਆਨ ਵੀ ਸੁਣਾ ਦੇਨੇ ਆਂ।


ਕੁੱਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਏ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੋ ਗਰਦ ਠਾਲ਼ੀ ਜਾਣੀ ਸੀ, ਉਸ ਵਿਚ ਕਈ ਵੱਡੇ ਅਕਾਲੀ ਆਗੂਆਂ ਨੇ ਰੁੜ੍ਹਨਾ ਸੀ,,, ਡੇਰਾ ਬਿਆਸ ਮੁਖੀ ਉਹੀ ਗਰਦ ਦਬਾਉਣ ਵਾਸਤੇ ਆਏ ਸੀ,, ਜਾਂ ਇਹ ਕਹਿ ਲਓ ਕਿ ਵਿਚੋਲੇ ਬਣਾ ਕੇ ਭੇਜੇ ਗਏ ਸੀ। ਲੋਕ ਤਾਂ ਇਹ ਵੀ ਆਖ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਕੋਈ ਛੋਟੀ ਹਸਤੀ ਨਹੀਂ, ਇਸ ਕਰਕੇ ਉਨ੍ਹਾਂ ਕੋਲ ਕਿਸੇ ਅਜਿਹੇ ਆਗੂ ਨੂੰ ਨਹੀਂ ਭੇਜਿਆ ਜਾ ਸਕਦਾ ਸੀ, ਜਿਸ ਦੀ ਗੱਲ ਉਹ ਆਸਾਨੀ ਨਾਲ ਨਾਕਾਰ ਸਕਦੇ ਹੋਣ,, ਇਸੇ ਕਰਕੇ ਇਸ ਮਸਲੇ ਵਿਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਭੇਜਿਆ ਗਿਆ, ਜਿਨ੍ਹਾਂ ਦੀ ਗੱਲ ਗਿਆਨੀ ਹਰਪ੍ਰੀਤ ਸਿੰਘ ਕਦਾਚਿਤ ਨਹੀਂ ਮੋੜਨਗੇ।

ਸੋ ਇਹ ਸੀ ਸੋਸ਼ਲ ਮੀਡੀਆ ’ਤੇ ਇਸ ਮੁਲਾਕਾਤ ਨੂੰ ਲੈ ਕੇ ਚੱਲ ਰਹੀ ਚਰਚਾ ਦਾ ਇਕ ਛੋਟਾ ਜਿਹਾ ਵਿਸਲੇਸ਼ਣ,,, ਪਰ ਤੁਹਾਡਾ ਇਸ ਮੁਲਾਕਾਤ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News