ਵੱਧ ਸਕਦਾ ਹੈ ਪੰਜਾਬ 'ਚ ਤਾਪਮਾਨ, ਮੌਸਮ ਵਿਭਾਗ ਨੇ ਨਹੀਂ ਜਾਰੀ ਕੀਤਾ ਮੀਂਹ ਦਾ ਅਲਰਟ
ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਇੱਕ ਪਾਸੇ ਬੰਗਾਲ ਦੇ ਖਾੜੀ ਵਿੱਚ ਬਣੇ ਦਬਾਅ ਅਤੇ ਦੂਜੇ ਪਾਸੇ ਵੈਸਟਰਨ ਡਿਸਟਰਬੈਂਸ ਦੇ ਰਫਤਾਰ ਕਮਜ਼ੋਰ ਹੋਣ ਨਾਲ ਪੰਜਾਬ ਵਿੱਚ ਮਾਨਸੂਨ ਪ੍ਰਭਾਵਿਤ ਹੋਇਆ ਹੈ ।
ਚੰਡੀਗੜ੍ਹ : ਪੰਜਾਬ 'ਚ ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਬਾਅਦ ਮੌਸਮ ਵਿਭਾਗ ਵੱਲੋਂ ਬਰਸਾਤ ਹੋਣ ਦੇ ਅਨੁਮਾਨ ਲਾਏ ਜਾ ਰਹੇ ਸਨ, ਜਿਸ ਤੋਂ ਬਾਅਦ ਵੀ ਕਈ ਜ਼ਿਲ੍ਹਿਆਂ 'ਚ ਮੀਂਹ ਨਹੀਂ ਪਿਆ ਅਤੇ ਹੁਣ ਇਸ ਸਬੰਧੀ ਮੌਸਮ ਵਿਭਾਗ ਵੱਲੋਂ ਇੱਕ ਹੋਰ ਨਵੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪਾਸੇ ਬੰਗਾਲ ਦੇ ਖਾੜੀ ਵਿੱਚ ਬਣੇ ਦਬਾਅ ਅਤੇ ਦੂਜੇ ਪਾਸੇ ਵੈਸਟਰਨ ਡਿਸਟਰਬੈਂਸ ਦੇ ਰਫਤਾਰ ਕਮਜ਼ੋਰ ਹੋਣ ਨਾਲ ਪੰਜਾਬ ਵਿੱਚ ਮਾਨਸੂਨ ਪ੍ਰਭਾਵਿਤ ਹੋਇਆ ਹੈ । ਪੰਜਾਬ ਦੇ ਲੋਕਾਂ ਵੱਲੋਂ ਮੌਸਮ ਬਾਰੇ ਮਿਲੀ ਜਾਣਕਾਰੀ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਮਾਨਸੂਨ ਬੁੱਧਵਾਰ ਅਤੇ ਵੀਰਵਾਰ ਨੂੰ ਸਰਗਰਮ ਰਹੇਗਾ ਪਰ ਅਜਿਹਾ ਨਹੀਂ ਹੋਇਆ, ਜਿਸ ਤੋਂ ਬਾਅਦ ਦੇਖਣ ਨੂੰ ਮਿਲਿਆ ਕਿ ਕੁਝ ਇਲਾਕਿਆਂ 'ਚ ਹੀ ਹਲਕੀ ਬਾਰਿਸ਼ ਹੋਈ । ਪੰਜਾਬ 'ਚ ਘੱਟ ਪਈ ਬਰਸਾਤ ਕਾਰਨ ਸੂਬੇ 'ਚ ਨਮੀ ਅਤੇ ਤਾਪਮਾਨ 'ਚ ਵਾਧਾ ਦੇਖਣ ਨੂੰ ਮਿਲਿਆ । ਹੁਣ ਮੌਸਮ ਵਿਭਾਗ ਵੱਲੋਂ ਮਾਨਸੂਨ ਦੀ ਰਫਤਾਰ ਕਮਜ਼ੋਰ ਹੁੰਦੇ ਦੇਖ ਅਗਲੇ ਦੋ ਦਿਨਾਂ ਤੱਕ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ । ਪੰਜਾਬ 'ਚ ਬੀਤੇ ਦਿਨ ਨਮੀ ਅਤੇ ਗਰਮੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜਿਸ ਤੋਂ ਬਾਅਦ ਤਾਪਮਾਨ 'ਚ 1.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ । ਅੱਜ ਵਿਭਾਗ ਵੱਲੋਂ ਕੋਈ ਵੀ ਮੀਂਹ ਪੈਣ ਦੇ ਸਬੰਧ 'ਚ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਪਰ ਜੇਕਰ ਮੌਸਮ ਵਿਭਾਗ ਦੀ ਮੰਨਿਏ ਤਾਂ 21 ਜੁਲਾਈ ਤੋਂ ਮਾਨਸੂਨ ਦੇ ਇੱਕ ਵਾਰ ਫਿਰ ਸਰਗਰਮ ਹੋਣ ਦੇ ਆਸਾਰ ਬਣਦੇ ਦਿਖਾਈ ਦਿੰਦੇ ਨੇ ।
ਜਾਣੋ ਕੀ ਰਿਹਾ ਬੀਤੇ ਦਿਨ ਪੰਜਾਬ 'ਚ ਤਾਪਮਾਨ
ਪੰਜਾਬ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.3 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦਾ ਔਸਤ ਤਾਪਮਾਨ ਆਮ ਨਾਲੋਂ 2.7 ਡਿਗਰੀ ਵੱਧ ਪਾਇਆ ਗਿਆ ਹੈ । ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਐਸ.ਏ.ਐਸ.ਨਗਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਜਿਸ ਕਾਰਨ ਨਮੀ 'ਚ ਹੋਰ ਵੀ ਵਾਧਾ ਹੋ ਸਕਦਾ ਹੈ ।