ਜਵਾਈ ਨੇ ਸਹੁਰੇ ਘਰ ਕੀਤੀ ਭੰਨਤੋੜ ਅਤੇ ਚਲਾਈਆਂ ਗੋਲੀਆਂ
ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦਸ਼ਮੇਸ਼ ਨਗਰ ਇਲਾਕੇ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਜਵਾਈ ਨੇ ਕਈ ਸਾਥੀਆਂ ਸਮੇਤ ਆਪਣੇ ਸਹੁਰੇ ਪਰਿਵਾਰ ਦੇ ਘਰ ’ਤੇ ਹਮਲਾ ਕਰਕੇ ਭੰਨਤੋੜ ਕੀਤੀ ਅਤੇ ਗੋਲੀਆਂ ਚਲਾ ਦਿੱਤੀਆਂ।;
ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦਸ਼ਮੇਸ਼ ਨਗਰ ਇਲਾਕੇ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਜਵਾਈ ਨੇ ਕਈ ਸਾਥੀਆਂ ਸਮੇਤ ਆਪਣੇ ਸਹੁਰੇ ਪਰਿਵਾਰ ਦੇ ਘਰ ’ਤੇ ਹਮਲਾ ਕਰਕੇ ਭੰਨਤੋੜ ਕੀਤੀ ਅਤੇ ਗੋਲੀਆਂ ਚਲਾ ਦਿੱਤੀਆਂ। ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਕੋਠੇ ’ਤੇ ਚੜ੍ਹ ਕੇ ਆਪਣੀ ਜਾਨ ਬਚਾਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਵੀ ਹਮਲਾਵਰਾਂ ਦੇ ਇੱਟਾਂ ਰੋੜੇ ਮਾਰੇ ਗਏ।
ਅੰਮ੍ਰਿਤਸਰ ਵਿਖੇ ਇਕ ਜਵਾਈ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਹੁਰੇ ਪਰਿਵਾਰ ਦੇ ਘਰ ’ਤੇ ਹਮਲਾ ਕਰ ਦਿੱਤਾ। ਉਸ ਨੇ ਘਰ ਵਿਚ ਦਾਖ਼ਲ ਹੋ ਕੇ ਜਿੱਥੇ ਸਮਾਨ ਦੀ ਭੰਨਤੋੜ ਕੀਤੀ, ਉਥੇ ਹੀ ਗੋਲੀਆਂ ਵੀ ਚਲਾਈਆਂ। ਇਹ ਸਾਰੀ ਉਥੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਉਨ੍ਹਾਂ ਦੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ, ਜਿਸ ਕਰਕੇ ਉਹ ਪੇਕੇ ਘਰ ਵਿਚ ਰਹਿ ਰਹੀ ਸੀ। ਉਨ੍ਹਾਂ ਨੇ ਜਵਾਈ ਦੇ ਨਾਲ ਆਪਣੀ ਕੁੜੀ ਭੇਜਣ ਤੋਂ ਇਨਕਾਰ ਕਰ ਦਿੱਤਾ, ਇਸੇ ਗੱਲ ਤੋਂ ਉਸ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ’ਤੇ ਹਮਲਾ ਕਰ ਦਿੱਤਾ।
ਪੀੜਤ ਪਰਿਵਾਰ ਦੀ ਮਹਿਲਾ ਨੇ ਆਖਿਆ ਕਿ ਉਨ੍ਹਾਂ ਦੇ ਜਵਾਈ ਵੱਲੋਂ ਉਸ ਦੇ ਸੱਸ ਅਤੇ ਪਤੀ ਦੀ ਕੁੱਟਮਾਰ ਕੀਤੀ ਗਈ ਅਤੇ ਗੋਲੀਆਂ ਚਲਾਈਆਂ ਗਈਆਂ। ਉਸ ਨੇ ਘਰ ਵਿਚ ਲੱਗੀਆਂ ਐਲਈਡੀਆਂ ਵੀ ਤੋੜ ਦਿੱਤੀਆਂ।
ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਇਹ ਪਰਿਵਾਰਕ ਝਗੜਾ ਸੀ। ਜਵਾਈ ਵੱਲੋਂ ਸਹੁਰੇ ਪਰਿਵਾਰ ਘਰ ਆ ਕੇ ਕੁੱਟਮਾਰ ਤੇ ਭੰਨਤੋੜ ਕੀਤੀ ਗਈ ਤੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੂੰ ਦੋ ਖੋਲ ਵੀ ਮੌਕੇ ਤੋਂ ਬਰਾਮਦ ਹੋ ਗਏ ਨੇ। ਫਿਲਹਾਲ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।