ਪੁਲਿਸ ਨਾ ਫੜਦੀ ਤਾਂ ਇਸ ਬੰਦੇ ਨੇ ਹੋ ਜਾਣਾ ਸੀ ਅੰਬਾਨੀ ਤੋਂ ਅਮੀਰ
ਪੁਲਿਸ ਨੇ ਪਟਿਆਲੇ ਤੋਂ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਕੁੱਝ ਦਿਨਾਂ ਵਿਚ ਹੀ ਅੰਬਾਨੀ ਤੋਂ ਅਮੀਰ ਬਣਨਾ ਚਾਹੁੰਦਾ ਸੀ, ਸ਼ਾਇਦ ਜੇਕਰ ਇਹ ਵਿਅਕਤੀ ਪੁਲਿਸ ਦੇ ਹੱਥੇ ਨਾ ਚੜ੍ਹਦਾ ਤਾਂ ਇਸ ਨੇ ਪੈਸਿਆਂ ਦੇ ਮਾਮਲੇ ਵਿਚ ਅੰਬਾਨੀ ਨੂੰ ਵੀ ਟੱਕਰ ਦੇ ਦੇਣੀ ਸੀ। ਪੁਲਿਸ ਨੇ ਜਿਵੇਂ ਹੀ...;
ਪਟਿਆਲਾ : ਪੁਲਿਸ ਨੇ ਪਟਿਆਲੇ ਤੋਂ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਕੁੱਝ ਦਿਨਾਂ ਵਿਚ ਹੀ ਅੰਬਾਨੀ ਤੋਂ ਅਮੀਰ ਬਣਨਾ ਚਾਹੁੰਦਾ ਸੀ, ਸ਼ਾਇਦ ਜੇਕਰ ਇਹ ਵਿਅਕਤੀ ਪੁਲਿਸ ਦੇ ਹੱਥੇ ਨਾ ਚੜ੍ਹਦਾ ਤਾਂ ਇਸ ਨੇ ਪੈਸਿਆਂ ਦੇ ਮਾਮਲੇ ਵਿਚ ਅੰਬਾਨੀ ਨੂੰ ਵੀ ਟੱਕਰ ਦੇ ਦੇਣੀ ਸੀ। ਪੁਲਿਸ ਨੇ ਜਿਵੇਂ ਹੀ ਇਸ ਵਿਅਕਤੀ ਦੇ ਟਿਕਾਣੇ ’ਤੇ ਛਾਪਾ ਮਾਰਿਆ ਤਾਂ ਅੰਦਰ ਨੋਟਾਂ ਦੇ ਭਰੇ ਥੈਲੇ ਦੇਖ ਪੁਲਿਸ ਦੇ ਹੋਸ਼ ਉਡ ਗਏ, ਇੱਥੇ ਹੀ ਬਸ ਨਹੀਂ, ਇਸ ਸ਼ਾਤਿਰ ਮੁਲਜ਼ਮ ਨੇ ਆਪਣੇ ਗੁਪਤ ਟਿਕਾਣੇ ’ਤੇ ਨੋਟ ਛਾਪਣ ਦਾ ਪਲਾਂਟ ਲਗਾਇਆ ਹੋਇਆ ਸੀ। ਪੂਰੀ ਖ਼ਬਰ ਜਾਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ।
ਪੁਲਿਸ ਨੇ ਕਈ ਸਟੇਟਾਂ ਵਿਚ ਨਕਲੀ ਨੋਟਾਂ ਦੀ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੂੰ ਪਟਿਆਲੇ ਤੋਂ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਐ, ਜਿਸ ਨੇ ਆਪਣੇ ਘਰ ਵਿਚ ਨਕਲੀ ਨੋਟ ਬਣਾਉਣ ਦਾ ਪੂਰਾ ਪਲਾਂਟ ਲਗਾਇਆ ਹੋਇਆ ਸੀ, ਜਿੱਥੇ ਉਹ ਆਪਣਾ ਗਿਰੋਹ ਨਾਲ ਮਿਲ ਕੇ ਰਾਜਸਥਾਨ ਸਮੇਤ ਹੋਰ ਸਟੇਟਾਂ ਵਿਚ ਨਕਲੀ ਨੋਟਾਂ ਦੀ ਸਪਲਾਈ ਕਰਦਾ ਸੀ। ਇਸ ਸ਼ਾਤਿਰ ਮੁਲਜ਼ਮ ਨੂੰ ਕਾਬੂ ਕਰਨ ਦੀ ਕਾਰਵਾਈ ਜੋਧਪੁਰ ਦੀ ਸਰਦਾਰਪੁਰਾ ਪੁਲਿਸ ਵੱਲੋਂ ਕੀਤੀ ਗਈ ਐ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਨਾਮ ਗੁਰਜੀਤ ਸਿੰਘ ਜੋ ਕਸਾਬੀਆ ਵਾਲਾ ਮੁਹੱਲਾ, ਸੋਨਾਰ ਪਟਿਆਲਾ ਵਿਖੇ ਰਹਿੰਦਾ ਸੀ। ਸਰਦਾਰਪੁਰਾ ਦੀ ਪੁਲਿਸ ਨੇ ਗੁਰਜੀਤ ਸਿੰਘ ਦੇ ਘਰ ਤੋਂ ਨਕਲੀ ਨੋਟ ਬਣਾਉਣ ਵਾਲਾ ਸਮਾਨ ਬਰਾਮਦ ਕੀਤਾ ਏ, ਜਿਸ ਵਿਚ ਕੰਪਿਊਟਰ, ਲੋਹੇ ਦੀ ਮਸ਼ੀਨ, ਨੋਟ ਦਾ ਪੇਪਰ ਸਮੇਤ ਪ੍ਰਿੰਟਰ ਸ਼ਾਮਲ ਐ। ਪੁਲਿਸ ਨੇ ਮੌਕੇ ਤੋਂ 53 ਹਜ਼ਾਰ 700 ਰੁਪਏ ਦੇ ਨਕਲੀ ਨੋਟ ਵੀ ਬਰਾਮਦ ਕੀਤੇ ਨੇ, ਜਿਨ੍ਹਾਂ ਵਿਚ 500, 200 ਅਤੇ 100 ਦੇ ਨੋਟ ਸ਼ਾਮਲ ਨੇ।
ਸਰਦਾਰਪੁਰਾ ਥਾਣੇ ਦੀ ਏਐਸਆਈ ਰੀਨਾ ਕੁਮਾਰੀ ਨੇ ਦੱਸਿਆ ਕਿ ਨਕਲੀ ਨੋਟ ਦੇ ਮਾਮਲੇ ਵਿਚ ਗੁਰਜੀਤ ਸਿੰਘ ਪੁੱਤਰ ਹੰਸਰਾਜ ਵਾਸੀ ਕਸਾਬੀਆ ਵਾਲਾ ਮੁਹੱਲਾ, ਸਨੌਰ ਪਟਿਆਲਾ ਨੂੰ ਉਸ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਏ ਜੋ ਨਕਲੀ ਨੋਟ ਬਣਾਉਣ ਵਾਲੇ ਗਿਰੋਹ ਦਾ ਮਾਸਟਰ ਮਾਈਂਡ ਐ। ਏਐਸਆਈ ਨੇ ਦੱਸਿਆ ਕਿ ਮੁਲਜ਼ਮ ਨੇ ਲੱਖਾਂ ਰੁਪਏ ਦੇ ਨਕਲੀ ਨੋਟ ਰਾਜਸਥਾਨ ਦੇ ਵੱਖ ਵੱਖ ਜ਼ਿਲਿ੍ਹਆ ਵਿਚ ਚਲਾ ਦਿੱਤੇ, ਨਕਲੀ ਨੋਟਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਕਾਫ਼ੀ ਸਮੇਂ ਤੋਂ ਇਸ ਦੀ ਪੈੜ ਨੱਪੀ ਜਾ ਰਹੀ ਸੀ, ਜਿਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਏ। ਰਾਤ ਨੂੰ ਹੀ ਪੁਲਿਸ ਉਸ ਨੂੰ ਜੋਧਪੁਰ ਵਿਖੇ ਲੈ ਗਈ। ਇਸ ਪੂਰੀ ਚੇਨ ਨੂੰ ਤੋੜਨ ਲਈ ਪੁਲਿਸ ਵੱਲੋਂ ਉਸ ਨੂੰ ਕੋਰਟ ਵਿਚ ਪੇਸ਼ ਕਰਕੇ ਉਸ ਦਾ ਪੰਜ ਦਿਨਾ ਰਿਮਾਂਡ ਹਾਸਲ ਕੀਤਾ ਗਿਆ ਏ।
ਦਰਅਸਲ 3 ਜੁਲਾਈ ਨੂੰ ਜੋਧਪੁਰ ਦੀ ‘ਮਾਤਾ ਦਾ ਥਾਣਾ’ ਪੁਲਿਸ ਨੇ 80 ਫੁਟੀ ਰੋਡ ’ਤੇ ਛਾਪਾ ਮਾਰ ਕੇ ਇਕ ਗੱਡੀ ਵਿਚੋਂ ਨਕਲੀ ਨੋਟਾਂ ਦਾ ਬਟਵਾਰਾ ਕਰਦੇ ਕੁੱਝ ਨੌਜਵਾਨਾਂ ਸ਼ਾਮ, ਸੂਰਜਾ ਰਾਮ, ਰਾਕੇਸ਼, ਸੁਨੀਲ ਅਤੇ ਅਸ਼ੋਕ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਕੋਲੋਂ 45 ਹਜ਼ਾਰ 500 ਦੇ ਨਕਲੀ ਨੋਟ ਵੀ ਬਰਾਮਦ ਕੀਤੇ ਗਏ ਸੀ। ਪੁਲਿਸ ਨੇ ਜਦੋਂ ਇਨ੍ਹਾਂ ਵਿਅਕਤੀਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਲੋਹਾਵਟ ਦੇ ਕੁਸ਼ਲਾਵਾ ਨਿਵਾਸੀ ਇਕ ਨਾਬਾਲਗ ਕੋਲੋਂ 37 ਹਜ਼ਾਰ 500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਸੀ। ਇਨ੍ਹਾਂ ਹੀ ਮੁਲਜ਼ਮਾਂ ਵੱਲੋਂ ਪੁੱਛਗਿੱਛ ਦੌਰਾਨ ਮਾਸਟਰ ਮਾਈਂਡ ਗੁਰਜੀਤ ਸਿੰਘ ਦਾ ਨਾਮ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੁਲਿਸ ਦੀ ਪੈੜ ਨੱਪ ਰਹੀ ਸੀ।
ਪੁਲਿਸ ਦੇ ਅਨੁਸਾਰ ਗੁਰਜੀਤ ਸਿੰਘ ਨੇ ਆਪਣੇ ਪਿੰਡ ਦੇ ਘਰ ਵਿਚ ਆਪਣਾ ਨਕਲੀ ਨੋਟ ਛਾਪਣ ਦਾ ਪੂਰਾ ਪਲਾਂਟ ਲਗਾਇਆ ਹੋਇਆ ਸੀ। ਉਸ ਨੇ ਇਕ ਇੰਸਟਾਗ੍ਰਾਮ ਚੈਨਲ ਵੀ ਬਣਾਇਆ ਹੋਇਆ ਸੀ, ਜਿਸ ਵਿਚ ਸੂਬੇ ਭਰ ਦੇ ਨੌਜਵਾਨਾਂ ਨੂੰ ਜੋੜਿਆ ਹੋਇਆ ਸੀ ਜੋ ਨਕਲੀ ਨੋਟ ਆਪਣੇ ਜ਼ਿਲ੍ਹੇ ਦੇ ਲਈ ਖ਼ਰੀਦਦੇ ਸੀ। ਖ਼ਾਸ ਗੱਲ ਇਹ ਐ ਕਿ ਨਕਲੀ ਨੋਟਾਂ ਦੇ ਮਾਮਲੇ ਵਿਚ ਸ੍ਰੀਗੰਗਾਨਗਰ ਪੁਲਿਸ ਗੁਰਜੀਤ ਸਿੰਘ ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕਰ ਚੁੱਕੀ ਐ, ਪਰ ਉਥੋਂ ਛੁੱਟਣ ਮਗਰੋਂ ਇਸ ਨੇ ਨਕਲੀ ਨੋਟਾਂ ਦਾ ਧੰਦਾ ਬੰਦ ਨਹੀਂ ਕੀਤਾ। ਪੁਲਿਸ ਨੇ ਦੱਸਿਆ ਕਿ ਗੁਰਜੀਤ ਸਿੰਘ ਸਾਰੇ ਜ਼ਿਲਿ੍ਹਆਂ ਦੇ ਨੌਜਵਾਨਾਂ ਨੂੰ 25 ਹਜ਼ਾਰ ਦੇ ਅਸਲੀ ਨੋਟਾਂ ਬਦਲੇ ਇਕ ਲੱਖ ਰੁਪਏ ਦੇ ਨਕਲੀ ਨੋਟ ਦਿੰਦਾ ਸੀ। ਫਿਰ ਉਹ ਨੌਜਵਾਨ ਇਨ੍ਹਾਂ ਨਕਲੀ ਨੋਟਾਂ ਨੂੰ ਆਪਣੀ ਮੌਜ ਮਸਤੀ ਦੇ ਲਈ ਭੀੜ ਵਾਲੀਆਂ ਦੁਕਾਨਾਂ ’ਤੇ ਚਲਾ ਦਿੰਦੇ ਸੀ।
ਦੱਸ ਦਈਏ ਕਿ ਹੁਣ ਪੁਲਿਸ ਵੱਲੋਂ ਇਸ ਚੇਨ ਨਾਲ ਜੁੜੇ ਹੋਰਨਾਂ ਲੋਕਾਂ ਦੀ ਭਾਲ ਵਿਚ ਜੁਟ ਗਈ ਐ, ਜਿਨ੍ਹਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।