ਸ਼ਾਂਤਮਈ ਸੰਪੂਰਨ ਹੋਇਆ ਜੂਨ 1984 ਘੱਲੂਘਾਰੇ ਦਾ ਸ਼ਹੀਦੀ ਸਮਾਗਮ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਘੱਲੂਘਾਰੇ ਸਬੰਧੀ ਅੱਜ ਹੋਏ ਸ਼ਹੀਦੀ ਸਮਾਗਮ ਪੂਰਨ ਸ਼ਾਂਤਮਈ ਮਾਹੌਲ ਵਿੱਚ ਅਤੇ ਪੰਥਕ ਇੱਕਜੁੱਟਤਾ ਨਾਲ ਸੰਪੂਰਨ ਹੋਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਸੰਪਰਦਾਵਾਂ, ਸਿੰਘ ਸਭਾਵਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ।

Update: 2025-06-06 11:44 GMT

ਸ੍ਰੀ ਅੰਮ੍ਰਿਤਸਰ, 6 ਜੂਨ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਘੱਲੂਘਾਰੇ ਸਬੰਧੀ ਅੱਜ ਹੋਏ ਸ਼ਹੀਦੀ ਸਮਾਗਮ ਪੂਰਨ ਸ਼ਾਂਤਮਈ ਮਾਹੌਲ ਵਿੱਚ ਅਤੇ ਪੰਥਕ ਇੱਕਜੁੱਟਤਾ ਨਾਲ ਸੰਪੂਰਨ ਹੋਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਸੰਪਰਦਾਵਾਂ, ਸਿੰਘ ਸਭਾਵਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਗੁਰਬਾਣੀ ਕੀਰਤਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮਾਪਤੀ ਦੀ ਅਰਦਾਸ ਕੀਤੀ।

Full View

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਵਿੱਚ ਜੂਨ 1984 ਦੇ ਸਮੂਹ ਸ਼ਹੀਦਾਂ ਦਮਦਮੀ ਟਕਸਾਲ ਦੇ 14ਵੇਂ ਮੁਖੀ 20ਵੀਂ ਸਦੀ ਦੇ ਮਹਾਨ ਸਿੱਖ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਜਰਨਲ ਸ਼ਬੇਗ ਸਿੰਘ, ਬਾਬਾ ਠਾਰਾ ਸਿੰਘ ਨੂੰ ਸਿਜਦਾ ਕੀਤਾ ਤੇ ਸਤਿਕਾਰ ਭੇਟ ਕੀਤਾ। ਉਨ੍ਹਾਂ ਕਿਹਾ ਕਿ ਜੂਨ 1984 ਵਿੱਚ ਸਮੇਂ ਦੀ ਕਾਂਗਰਸੀ ਭਾਰਤੀ ਹਕੂਮਤ ਨੇ ਫੌਜ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੈਂਕਾਂ, ਤੋਪਾਂ ਤੇ ਗੋਲੀਆਂ ਨਾਲ ਉਦੋਂ ਹਮਲਾ ਕੀਤਾ ਜਦੋਂ ਸਮੁੱਚੀ ਸਿੱਖ ਕੌਮ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ।


ਫੌਜ ਨੇ ਹਮਲੇ ਦੌਰਾਨ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੋਲੀ ਨਾਲ ਜ਼ਖਮੀ ਕੀਤਾ, ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਗੁਰੂ ਦੀ ਸੰਗਤ ਵਿੱਚੋਂ ਅਨੇਕਾਂ ਹੀ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਤੇ ਬੱਚਿਆਂ ਨੂੰ ਸ਼ਹੀਦ ਕੀਤਾ। ਇਸ ਦੌਰਾਨ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਪੰਜਾਬ ਦੇ ਕਈ ਹੋਰ ਗੁਰਧਾਮਾਂ ਉੱਤੇ ਵੀ ਹਮਲਾ ਕੀਤਾ ਗਿਆ ਤੇ ਸਰਬਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਢਹਿ ਢੇਰੀ ਕੀਤਾ।

Full View

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਵਿੱਚ ਖ਼ਾਲਸਾ ਪੰਥ ਵਿਚਕਾਰ ਦ੍ਰਿੜ੍ਹਤਾ, ਏਕਤਾ, ਇਤਫ਼ਾਕ ਤੇ ਇਕਜੁੱਟਤਾ ਲਈ ਅਤੇ ਕੌਮੀ ਯੋਧਿਆਂ ਤੇ ਸ਼ਹੀਦਾਂ ਦੇ ਪਾਏ ਪੂਰਨਿਆਂ ਉੱਤੇ ਚੱਲਣ ਦਾ ਬਲ ਬਖ਼ਸ਼ਣ ਦੀ ਬੇਨਤੀ ਕੀਤੀ। ਉਨ੍ਹਾਂ ਦੇਸ਼ ਵਿੱਚ ਸਿੱਖ ਪਛਾਣ ਨੂੰ ਧੁੰਧਲਾ ਕਰਨ ਦੇ ਯਤਨਾਂ ਤੇ ਸਿੱਖ ਕਕਾਰਾਂ ਉੱਤੇ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਰਾਹੀਂ ਹਮਲਿਆਂ ਦੀ ਗੱਲ ਵੀ ਆਖੀ। ਉਨ੍ਹਾਂ ਬੰਦੀ ਸਿੰਘਾਂ ਸਮੇਤ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਕੌਮ ਨੂੰ ਇਹੋ ਜਿਹੀ ਸਮਰੱਥਾ ਬਖ਼ਸ਼ਣ ਲਈ ਬੇਨਤੀ ਕੀਤੀ ਕਿ ਸਾਂਝੇ ਯਤਨਾਂ ਨਾਲ ਇਨ੍ਹਾਂ ਸਿੰਘਾਂ ਨੂੰ ਰਿਹਾਅ ਕਰਵਾ ਸਕੀਏ। ਜਥੇਦਾਰ ਗੜਗੱਜ ਨੇ ਦੇਸ਼ ਵਿਦੇਸ਼ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਕਤਲਾਂ ਦੀ ਗੱਲ ਕਰਨ ਦੇ ਨਾਲ-ਨਾਲ ਇਹ ਵੀ ਆਖਿਆ ਕਿ ਪੰਜਾਬ ਸਿੱਖਾਂ ਦੀ ਮਾਤਭੂਮੀ ਹੈ ਅਤੇ ਬੇਨਤੀ ਕੀਤੀ ਕਿ ਪੰਜਾਬ ਕਦੇ ਵੀ ਜੰਗ ਦਾ ਅਖਾੜਾ ਨਾ ਬਣੇ।

ਉਨ੍ਹਾਂ ਕੌਮ ਦੀ ਮੌਜੂਦਾ ਸਥਿਤੀ, ਆਪਸੀ ਟਕਰਾਅ ਵਾਲੇ ਹਾਲਾਤ ਸਬੰਧੀ ਗੁਰਬਾਣੀ ਦੀ ਰੋਸ਼ਨੀ ਵਿੱਚ ਗੁਰੂ ਸਾਹਿਬ ਦੇ ਸਨਮੁਖ ਬੇਨਤੀ ਕੀਤੀ ਕਿ ਇਕੱਤਰ ਹੋਣ ਦੇ ਸਿਧਾਂਤ ਅਨੁਸਾਰ ਜਿਵੇਂ ਅੱਜ ਸਮੁੱਚੇ ਖ਼ਾਲਸਾ ਪੰਥ ਨੇ ਇੱਕਜੁੱਟ ਹੋ ਕੇ ਸ਼ਾਂਤਮਈ ਢੰਗ ਨਾਲ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦੀ ਸਮਾਗਮਾਂ ਨੂੰ ਮਨਾਇਆ ਹੈ, ਇਹ ਹਮੇਸ਼ਾ ਐਵੇਂ ਹੀ ਮਨਾਏ ਜਾਣ। ਉਨ੍ਹਾਂ ਅਰਦਾਸ ਕੀਤੀ ਕਿ ਸਿੱਖਾਂ ਦੀਆਂ ਟਕਸਾਲਾਂ, ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਸੰਪਰਦਾਵਾਂ ਖ਼ਾਲਸਈ ਨਿਸ਼ਾਨ ਸਾਹਿਬ ਦੇ ਹੇਠ ਹਮੇਸ਼ਾ ਹੀ ਇਸੇ ਤਰ੍ਹਾਂ ਇਕਜੁੱਟ ਰਹਿਣ।

Full View

ਸਮਾਗਮ ਉਪਰੰਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਧਰਮ ਪਰਿਵਰਤਨ ਦੇ ਮਾਮਲੇ ਸਬੰਧੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਟਾਲਾ ਸ਼ਹਿਰ ਵਿਖੇ ‘ਕ੍ਰੂਸੇਡ’ ਨਾਮ ਹੇਠ ਕੀਤੇ ਜਾ ਰਹੇ ਸਮਾਗਮਾਂ ਉੱਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪੰਜਾਬ ਗੁਰੂ ਸਾਹਿਬਾਨ ਦੇ ਨਾਮ ਉੱਤੇ ਵੱਸਦੀ ਧਰਤੀ ਹੈ ਇੱਥੇ ਅਜਿਹੀ ਨਫ਼ਰਤ ਦੇ ਬੀਜ ਨਹੀਂ ਬੋਏ ਜਾਣੇ ਚਾਹੀਦੇ।

Full View

ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਇਸ ਮਸਲੇ ਉੱਤੇ ਸੁਹਿਰਦ ਹੋਣ ਦੀ ਲੋੜ ਹੈ ਅਤੇ ਅਨਮਤ ਦੇ ਰਸਤੇ ਪਏ ਆਪਣੇ ਲੋਕਾਂ ਨੂੰ ਗਲਵੱਕੜੀ ਪਾਉਣੀ ਚਾਹੀਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਧਰਮ ਪ੍ਰਚਾਰ ਲਈ ਸ਼ੁਰੂ ਕੀਤੀ ਗਈ ਖੁਆਰ ਹੋਏ ਸਭ ਮਿਲੈਂਗੇ ਲਹਿਰ ਤਹਿਤ ਧਰਮ ਪਰਿਵਰਤਨ ਦਾ ਮਸਲਾ ਨਜਿੱਠ ਲਿਆ ਜਾਵੇਗਾ। ਜਥੇਦਾਰ ਗੜਗੱਜ ਨੇ ਜੂਨ 1984 ਘੱਲੂਘਾਰੇ ਦੇ ਸ਼ਹੀਦੀ ਸਮਾਗਮ ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਲਈ ਸਾਰੀਆਂ ਸਿੱਖ ਸੰਸਥਾਵਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਧੰਨਵਾਦ ਕੀਤਾ।

Tags:    

Similar News