ਗੋਰਾਇਆ ਸਥਿਤ ਗੁਰੂ ਘਰ ’ਚ ਬੇਅਦਬੀ ਦੀ ਘਟਨਾ, ਸੰਗਤਾਂ ਵਿੱਚ ਭਾਰੀ ਰੋਸ
ਜਲੰਧਰ ਦੇ ਗੋਰਾਇਆ ਸਥਿਤ ਗੁਰਦੁਆਰਾ ਸਾਹਿਬ ਵਿਖੇ ਇਕ ਨੇਪਾਲੀ ਨੌਜਵਾਨ ਵੱਲੋਂ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ।
ਜਲੰਧਰ: ਜਲੰਧਰ ਦੇ ਗੋਰਾਇਆ ਸਥਿਤ ਗੁਰਦੁਆਰਾ ਸਾਹਿਬ ਵਿਖੇ ਇਕ ਨੇਪਾਲੀ ਨੌਜਵਾਨ ਵੱਲੋਂ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਏ, ਜਿਸ ਨੇ ਗੁਰੂ ਘਰ ਵਿਚ ਨੰਗੇ ਸਿਰ ਦਾਖ਼ਲ ਹੋ ਕੇ ਨਿਸ਼ਾਨ ਸਾਹਿਬ ਨਾਲ ਛੇੜਛਾੜ ਕੀਤੀ ਪਰ ਜਿਵੇਂ ਹੀ ਉਹ ਗੁਰੂ ਘਰ ਵਿਚ ਦਾਖ਼ਲ ਹੋਇਆ ਤਾਂ ਗ੍ਰੰਥੀ ਸਿੰਘ ਅਤੇ ਹੋਰ ਲੋਕਾਂ ਨੇ ਉਸ ਨੂੰ ਪਹਿਲਾਂ ਹੀ ਰੋਕ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਲੰਧਰ ਦੇ ਸ਼ਹਿਰ ਗੋਰਾਇਆ ਵਿਖੇ ਸਥਿਤ ਇਕ ਗੁਰਦੁਆਰਾ ਸਾਹਿਬ ਵਿਖੇ ਉਸ ਸਮੇਂ ਸਿੱਖ ਸੰਗਤਾਂ ਵਿਚ ਭਾਰੀ ਰੋਸ ਫੈਲ ਗਿਆ ਜਦੋਂ ਇਕ ਨੇਪਾਲੀ ਨੌਜਵਾਨ ਨੇ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋ ਗਿਆ ਪਰ ਗ਼ਨੀਮਤ ਰਹੀ ਕਿ ਗੁਰੂ ਘਰ ਦੇ ਗ੍ਰੰਥੀ ਅਤੇ ਹੋਰ ਲੋਕਾਂ ਨੇ ਉਸ ਨੂੰ ਪਹਿਲਾਂ ਹੀ ਕਾਬੂ ਕਰ ਲਿਆ। ਫੜੇ ਗਏ ਨੌਜਵਾਨ ਦੀ ਪਛਾਣ ਨੇਪਾਲ ਵਾਸੀ ਗਣੇਸ਼ ਖੜਗਾ ਵਜੋਂ ਹੋਈ ਐ, ਜੋ ਲੁਧਿਆਣਾ ਵਿਖੇ ਰਹਿੰਦਾ ਏ। ਉਸ ਵੱਲੋਂ ਕੀਤੀਆਂ ਹਰਕਤਾਂ ਸੀਸੀਟੀਵੀ ਤਸਵੀਰਾਂ ਵਿਚ ਕੈਦ ਹੋ ਗਈਆਂ ਜੋ ਸਾਫ਼ ਦੇਖੀਆਂ ਜਾ ਸਕਦੀਆਂ ਨੇ।
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੋਬਿੰਦ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ ਸਾਢੇ 5 ਵਜੇ ਗੁਰੂ ਘਰ ਵਿਚ ਅਰਦਾਸ ਕਰ ਰਹੇ ਸੀ, ਇਸੇ ਦੌਰਾਨ ਸੀਸੀਟੀਵੀ ਵਿਚ ਇਕ ਨੌਜਵਾਨ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਦਾ ਦਿਖਾਈ ਦਿੱਤਾ। ਜੇਕਰ ਸੰਗਤ ਨਾ ਹੁੰਦੀ ਤਾਂ ਉਸ ਨੇ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣਾ ਸੀ। ਬਾਅਦ ਵਿਚ ਸੰਗਤ ਦੇ ਸਹਿਯੋਗ ਨਾਲ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਫਿਲੌਰ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਘਟਨਾ ਪਿੰਡ ਅੱਟੀ ਵਿਖੇ ਵਾਪਰੀ ਐ। ਜਲਦ ਹੀ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤਾਂ ਜੋ ਇਸ ਦਾ ਰਿਮਾਂਡ ਹਾਸਲ ਕੀਤਾ ਜਾ ਸਕੇ। ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਇਲਾਕੇ ਦੀ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ ਅਤੇ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਐ।