ਸਵੱਛਤਾ ਦੀ ਸ਼ੁਰੂਆਤ ਆਪਣੇ ਘਰਾਂ ਤੋਂ ਕਰਕੇ ਜ਼ਿਲ੍ਹੇ, ਰਾਜ ਤੇ ਦੇਸ਼ ਨੂੰ ਸਵੱਛ ਬਣਾਇਆ ਜਾ ਸਕਦਾ ਹੈ-ਡਾ. ਬਲਬੀਰ ਸਿੰਘ
ਸਵੱਛਤਾ ਦੀ ਸ਼ੁਰੂਆਤ ਆਪਣੇ ਘਰਾਂ ਤੋਂ ਕਰਕੇ ਜ਼ਿਲ੍ਹੇ, ਰਾਜ ਤੇ ਦੇਸ਼ ਨੂੰ ਸਵੱਛ ਬਣਾਇਆ ਜਾ ਸਕਦਾ ਹੈ-ਡਾ. ਬਲਬੀਰ ਸਿੰਘ
ਪਟਿਆਲਾ, 17 ਸਤੰਬਰ:
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ 'ਸਵੱਛਤਾ ਹੀ ਸੇਵਾ' ਮੁਹਿੰਮ ਦੀ ਜਾਗਰੂਕਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਮੈਰਾਥਨ ਨੂੰ ਰਵਾਨਾ ਕੀਤਾ। ਇਸ ਮੌਕੇ ਸਿਹਤ ਮੰਤਰੀ ਨੇ ਵਿਦਿਆਰੀਆਂ ਤੇ ਆਮ ਲੋਕਾਂ ਨੂੰ ਸਵੱਛਤਾ ਦੀ ਸ਼ੁਰੂਆਤ ਆਪਣੇ ਘਰਾਂ ਤੋਂ ਕਰਕੇ ਸ਼ਹਿਰ, ਜ਼ਿਲ੍ਹਾ, ਰਾਜ ਅਤੇ ਅੱਗੇ ਆਪਣੇ ਪੂਰੇ ਦੇਸ਼ ਨੂੰ ਸਾਫ਼ ਕਰਨ ਦਾ ਸੱਦਾ ਦਿੱਤਾ।
ਸਿਹਤ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਾਨੂੰ ਸਭ ਨੂੰ ਇਕਜੁੱਟ ਹੋਕੇ ਵਾਤਾਵਰਣ ਬਚਾਉਣ ਲਈ ਪੋਲੀਥੀਨ ਲਿਫ਼ਾਫਿਆਂ ਦੀ ਥਾਂ ਕੱਪੜੇ ਜਾਂ ਜੂਟ ਦੇ ਬੈਗ ਤੇ ਝੋਲੇ ਆਦਿ ਵਰਤਣੇ ਚਾਹੀਦੇ ਹਨ। ਉਨ੍ਹਾਂ ਨੇ ਇਸ ਦੌਰਾਨ ਬੱਚਿਆਂ ਨੂੰ ਡੇਂਗੂ ਤੋਂ ਬਚਣ ਲਈ ਸਫ਼ਾਈ ਰੱਖਣ ਤੇ ਖਾਸ ਕਰਕੇ ਸਾਫ਼ ਪਾਣੀ ਦੇ ਸਰੋਤ ਚੈਕ ਕਰਕੇ ਡੇਂਗੂ ਦਾ ਲਾਰਵਾ ਖ਼ਤਮ ਕਰਨ ਦਾ ਵੀ ਸੱਦਾ ਦਿੱਤਾ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸਵੱਛਤਾ ਹੀ ਸੇਵਾ ਮੁਹਿੰਮ ਮਹਾਤਮਾ ਗਾਂਧੀ ਜੈਯੰਤੀ 2 ਅਕਤੂਬਰ ਤੱਕ ਚਲੇਗੀ ਅਤੇ ਇਸ ਪੰਦਰਵਾੜੇ ਦੌਰਾਨ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ, ਜਿਸ ਨਾਲ ਸਾਰੇ ਨਾਗਰਿਕਾਂ ਨੂੰ ਸਫ਼ਾਈ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਵੱਛਤਾ ਦਾ ਸਾਡੇ ਜੀਵਨ ਨੂੰ ਤੰਦਰੁਸਤ ਰੱਖਣ ਵਿੱਚ ਵੱਡਾ ਯੋਗਦਾਨ ਹੈ, ਇਸ ਲਈ ਹਰੇਕ ਨਾਗਰਿਕ ਸਵੱਛਤਾ ਮੁਹਿੰਮ ਦਾ ਹਿੱਸਾ ਜਰੂਰ ਬਣੇ। ਉਨ੍ਹਾਂ ਨੇ ਗਿੱਲੇ ਤੇ ਸੁੱਕੇ ਕੂੜੇ ਬਾਰੇ ਸੁਚੇਤ ਹੋਣ ਬਾਰੇ ਵੀ ਦੱਸਿਆ।
ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੇ ਵਾਤਾਵਰਣ ਨੂੰ ਬਚਾਉਣ ਲਈ ਤੇ ਸਾਫ਼-ਸਫ਼ਾਈ ਲਈ ਅਨੇਕਾਂ ਨਵੇਂ ਉਪਰਾਲੇ ਕਰ ਰਹੀ ਹੈ, ਇਸ ਤਹਿਤ ਦਸਵੀਂ ਜਾਂ ਬਾਰਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਫੱਟੜਾਂ ਦੀ ਮੁਢਲੀ ਸਹਾਇਤਾ ਦੇਣੀ ਸਿਖਾਈ ਜਾਵੇਗੀ ਅਤੇ ਸਕੂਲਾਂ ਵਿੱਚ ਹੈਪੀਨੈਸ ਦੀਆਂ ਕਲਾਸਾਂ ਵੀ ਲਗਾਈਆਂ ਜਾਣਗੀਆਂ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਅਤੇ ਏ.ਡੀ.ਸੀ. (ਜ) ਕੰਚਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ 2 ਅਕਤੂਬਰ ਤੱਕ ਜ਼ਿਲ੍ਹੇ ਵਿੱਚ ਵੱਖ-ਵੱਖ ਸਮਾਗਮ ਕਰਵਾਏ ਜਾਣਗੇ। ਏ.ਡੀ.ਸੀ. ਨੇ ਦੱਸਿਆ ਕਿ ਸਵੱਛਤਾ ਦਿਵਸ ਮੌਕੇ ਸਾਰੇ ਭਾਗੀਦਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਵਾਤਾਵਰਣ ਇੰਜੀਨੀਅਰ ਗੁਰਕਰਨ ਸਿੰਘ ਵੱਲੋਂ ਲਿਆਂਦੇ ਗਏ ਕੱਪੜੇ ਦੇ ਬੈਗ ਵੀ ਤਕਸੀਮ ਕੀਤੇ।
ਮੈਰਾਥਨ ਮੌਕੇ ਇੰਪਰੂਵਮੈਂਟ ਟਰਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਕਰਨਲ ਜੇ.ਵੀ. ਸਿੰਘ, ਐਸ.ਡੀ.ਐਮ. ਅਰਵਿੰਦ ਕੁਮਾਰ ਵੀ ਮੌਜੂਦ ਸਨ। ਬੀ.ਡੀ.ਪੀ.ਓਜ ਸੁਖਵਿੰਦਰ ਸਿੰਘ ਟਿਵਾਣਾ ਤੇ ਬਲਬੀਤ ਸਿੰਘ ਸੋਹੀ ਸਮੇਤ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਇੰਜ. ਵਿਪਨ ਸਿੰਗਲਾ ਦੀ ਅਗਵਾਈ ਹੇਠ ਏ.ਡੀ.ਐਸ.ਓ. ਵਿਨੋਦ ਕੁਮਾਰ, ਸੀ.ਡੀ.ਐਸ. ਸੇਵੀਆ ਸ਼ਰਮਾ, ਆਈ.ਈ.ਸੀ. ਵੀਰਪਾਲ ਦੀਕਸ਼ਿਤ, ਸੀ.ਡੀ.ਐਸ. ਸੀਮਾ ਸੋਹਲ, ਅਮਨਦੀਪ ਕੌਰ, ਅਭੀਦੀਪ ਸਿੰਘ, ਜੇ.ਈ. ਕੰਵਰਜੀਤ ਸਿੰਘ ਰੰਧਾਵਾ, ਬੀ.ਆਰ.ਸੀ. ਕੁਲਜਿੰਦਰ ਸਿੰਘ, ਲਵਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਰੈਲੀ ਨੂੰ ਸਫ਼ਲ ਬਣਾਉਣ ਲਈ ਅਹਿਮ ਯੋਗਦਾਨ ਪਾਇਆ।
ਇਸ ਮੌਕੇ ਮੈਰਾਥਨ ਰੈਲੀ ਵਿੱਚ ਭਾਗ ਲੈਣ ਵਾਲੇ ਸਰਕਾਰੀ ਮਲਟੀਪਰਜ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਸਮੇਤ ਅਗਰ ਹਰੀ ਫਾਊਂਡੇਸ਼ਨ ਦੇ ਨੁਮਾਇੰਦਿਆਂ ਅਤੇ ਬੂਟੇ ਲਾਉਣ ਵਾਲੀ ਛੋਟੀ ਬੱਚੀ ਏਕਮਜੋਤ ਕੌਰ ਤੇ ਚੰਗੀ ਸਿਹਤ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਲੀ ਸਾਬਕਾ ਅਧਿਆਪਕ ਸਜਨੀ ਨੂੰ ਵੀ ਸਨਮਾਨਤ ਵੀ ਕੀਤਾ ਗਿਆ। ਇਸ ਦੌਰਾਨ ਤਮਾਸ਼ਾ ਆਰਟਸ ਥੀਏਟਰ ਦੇ ਕਾਰਕੁਨਾਂ ਨੇ ਗਿੱਲਾ ਕੂੜਾ ਤੇ ਸੁੱਕਾ ਕੂੜਾ ਤੇ ਸਫ਼ਾਈ ਬਾਰੇ ਪੇਸ਼ ਕੀਤਾ ਨਾਟਕ ਅਤੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿਖੇ ਬਣਾਇਆ ਸਵੱਛਤਾ ਬਾਰੇ ਸੈਲਫ਼ੀ ਪੁਆਇੰਟ ਖਿੱਚ ਦਾ ਕੇਂਦਰ ਬਣਿਆ।