ਯੂਪੀ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਿਆ

ਖਾੜੀ ਮੁਲਕਾਂ ਅੰਦਰ ਰੱਬ ਦੇ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਹੁਣ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਦੀ ਤਹਿਸੀਲ ਨਜ਼ੀਬਾਬਾਦ ਦੇ ਕਸਬਾ ਬੜੀਆ ਨਾਲ ਸੰਬੰਧਤ 28 ਸਾਲਾ ਨੌਜਵਾਨ ਸ਼ਕਤੀ ਕੰਬੋਜ਼ ਪੁੱਤਰ ਰਮੇਸ਼ ਚੰਦ ਦਾ ਮ੍ਰਿਤਕ ਸਰੀਰ ਦੁਬਈ ਤੋਂ ਹਵਾਈ...

Update: 2024-08-22 12:21 GMT

ਅੰਮ੍ਰਿਤਸਰ : ਖਾੜੀ ਮੁਲਕਾਂ ਅੰਦਰ ਰੱਬ ਦੇ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਹੁਣ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਦੀ ਤਹਿਸੀਲ ਨਜ਼ੀਬਾਬਾਦ ਦੇ ਕਸਬਾ ਬੜੀਆ ਨਾਲ ਸੰਬੰਧਤ 28 ਸਾਲਾ ਨੌਜਵਾਨ ਸ਼ਕਤੀ ਕੰਬੋਜ਼ ਪੁੱਤਰ ਰਮੇਸ਼ ਚੰਦ ਦਾ ਮ੍ਰਿਤਕ ਸਰੀਰ ਦੁਬਈ ਤੋਂ ਹਵਾਈ ਅੱਡਾ ਦਿੱਲੀ ਰਾਹੀਂ ਉਸ ਦੇ ਵਾਰਿਸਾਂ ਤੱਕ ਪਹੁੰਚਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਆਪਣੇ ਬਜ਼ੁਰਗ ਮਾਪਿਆਂ ਦਾ ਸਹਾਰਾ ਸ਼ਕਤੀ ਕੰਬੋਜ਼ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕਰੀਬ ਦੋ ਸਾਲ ਪਹਿਲਾਂ ਕੰਮ ਕਾਜ ਲਈ ਦੁਬਈ ਆਇਆ ਸੀ ਪਰ ਬੀਤੀ 29 ਜੂਨ ਨੂੰ ਅਣਕਿਆਸੇ ਹਲਾਤਾਂ ’ਚ ਉਸ ਦੀ ਮੌਤ ਹੋ ਗਈ ਸੀ।

ਡਾ.ਓਬਰਾਏ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਜਦ ਮ੍ਰਿਤਕ ਦੇ ਇਲਾਕੇ ’ਚ ਸਥਿਤ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਪ੍ਰਬੰਧਕਾਂ ਨੇ ਉਨ੍ਹਾਂ ਨਾਲ ਟਰੱਸਟ ਦੀ ਅੰਮ੍ਰਿਤਸਰ ਟੀਮ ਰਾਹੀਂ ਸੰਪਰਕ ਕਰਕੇ ਸ਼ਕਤੀ ਕੰਬੋਜ਼ ਦੇ ਪਰਿਵਾਰ ਨਾਲ ਹੋਈ ਇਸ ਅਣਹੋਣੀ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ ’ਚ ਤੁਰੰਤ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਭਾਰਤੀ ਦੂਤਾਵਾਸ ਦੇ ਵੱਡੇ ਸਹਿਯੋਗ ਸਦਕਾ ਸ਼ਕਤੀ ਕੰਬੋਜ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਆਇਆ ਖਰਚ ਭਾਰਤੀ ਦੂਤਾਵਾਸ ਵੱਲੋਂ ਕੀਤਾ ਗਿਆ ਹੈ।

ਗੁਰਦੁਆਰਾ ਸਿੰਘ ਸਭਾ ਬੜੀਆ (ਉਤਰ ਪ੍ਰਦੇਸ਼) ਦੇ ਪ੍ਰਧਾਨ ਡਾ. ਨਰਿੰਦਰ ਪਾਲ ਸਿੰਘ ਸੰਧੂ, ਇਲਾਕੇ ਦੇ ਨਾਮਵਰ ਕਿਸਾਨ ਜਤਿੰਦਰ ਸਿੰਘ ਗਿੱਲ, ਸਰਪੰਚ ਦਲਬੀਰ ਸਿੰਘ, ਕੁਲਬੀਰ ਸਿੰਘ ਗਿੱਲ,ਸਾਬਕਾ ਸਰਪੰਚ ਰਤਨ ਲਾਲ, ਹਰਪਿੰਦਰ ਸਿੰਘ ਗਿੱਲ ਤੋਂ ਇਲਾਵਾ ਪੀੜਤ ਪਰਿਵਾਰ ਨੇ ਇਸ ਵੱਡੇ ਉਪਰਾਲੇ ਲਈ ਆਪਣੇ ਸਮੁੱਚੇ ਇਲਾਕੇ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ.ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਉਹ ਇਸ ਔਖੀ ਘੜੀ ’ਚ ਉਨ੍ਹਾਂ ਦੀ ਬਾਂਹ ਨਾ ਫੜਦੇ ਤਾਂ ਸ਼ਕਤੀ ਕੰਬੋਜ਼ ਦੇ ਬਜ਼ੁਰਗ ਮਾਪਿਆਂ ਨੂੰ ਆਪਣੇ ਪੁੱਤ ਦੇ ਅੰਤਿਮ ਦਰਸ਼ਨ ਨਸੀਬ ਨਹੀਂ ਸਨ ਹੋਣੇ।

ਜ਼ਿਕਰਯੋਗ ਹੈ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 368 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।

Tags:    

Similar News