ਅਮਰੀਕਾ ਤੋਂ ਪੰਜਾਬ ਪੁੱਜੀ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ

ਹੁਸ਼ਿਆਰਪੁਰ ਦੇ ਨੌਜਵਾਨ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਅੱਜ ਅਮਰੀਕਾ ਤੋਂ ਉਸ ਦੇ ਜੱਦੀ ਪਿੰਡ ਬਰਨਾਲਾ ਵਿਖੇ ਪੁੱਜੀ, ਜਿਸ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਕੁੱਝ ਦਿਨ ਪਹਿਲਾਂ ਹੀ ਗੁਰਭੇਜ ਦੀ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।;

Update: 2024-07-19 13:48 GMT

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਨੌਜਵਾਨ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਅੱਜ ਅਮਰੀਕਾ ਤੋਂ ਉਸ ਦੇ ਜੱਦੀ ਪਿੰਡ ਬਰਨਾਲਾ ਵਿਖੇ ਪੁੱਜੀ, ਜਿਸ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਕੁੱਝ ਦਿਨ ਪਹਿਲਾਂ ਹੀ ਗੁਰਭੇਜ ਦੀ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮੁਕੇਰੀਆਂ ਦੇ ਅਧੀਨ ਪੈਂਦੇ ਪਿੰਡ ਬਰਨਾਲਾ ਦੇ 29 ਸਾਲਾ ਨੌਜਵਾਨ ਗੁਰਭੇਜ ਸਿੰਘ ਦੀ ਕੁੱਝ ਦਿਨ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਪਰ ਅੱਜ ਜਿਵੇਂ ਹੀ ਉਸ ਦੀ ਮ੍ਰਿਤਕ ਦੇਹ ਪਿੰਡ ਬਰਨਾਲਾ ਵਿਖੇ ਪੁੱਜੀ ਤਾਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।

ਕੈਨੇਡਾ ਰਹਿੰਦਾ ਗੁਰਭੇਚ ਸਿੰਘ ਦਾ ਛੋਟਾ ਭਰਾ ਯੁਵਰਾਜ ਸਿੰਘ ਗੁਰਭੇਜ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਿੰਡ ਪੁੱਜਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਹਾਲ ਕਿਸੇ ਕੋਲੋਂ ਦੇਖਿਆ ਨਹੀਂ ਜਾ ਰਿਹਾ ਸੀ। ਉਸ ਸਮੇਂ ਮਾਹੌਲ ਹੋਰ ਵੀ ਜ਼ਿਆਦਾ ਗਮਗੀਨ ਹੋ ਗਿਆ ਜਦੋਂ ਗੁਰਭੇਜ ਦੀ ਮਾਂ ਅਤੇ ਉਸ ਦੀਆਂ ਭੈਣਾਂ ਨੇ ਗੁਰਭੇਜ ਦੇ ਸਿਰ ’ਤੇ ਸਿਹਰਾ ਸਜਾਇਆ। ਇਸ ਭਾਵੁਕ ਦ੍ਰਿਸ਼ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਵਿਚੋਂ ਹੰਝੂ ਵਗਣ ਲੱਗੇ।

ਇਸ ਮੌਕੇ ਗੱਲਬਾਤ ਕਰਦਿਆਂ ਗੁਰਭੇਜ ਸਿੰਘ ਦੇ ਭਰਾ ਯੁਵਰਾਜ ਸਿੰਘ ਨੇ ਆਖਿਆ ਕਿ ਜਦੋਂ ਉਸ ਨੂੰ ਗੁਰਭੇਜ ਦੀ ਮੌਤ ਬਾਰੇ ਪਤਾ ਚੱਲਿਆ ਤਾਂ ਉਹ ਤੁਰੰਤ ਕੈਨੇਡਾ ਤੋਂ ਅਮਰੀਕਾ ਚਲਾ ਗਿਆ। ਉਸ ਨੇ ਦੱਸਿਆ ਕਿ ਪਹਿਲਾਂ ਗੁਰਭੇਜ ਦਾ ਅੰਤਿਮ ਸਸਕਾਰ ਅਮਰੀਕਾ ਵਿਚ ਕੀਤੇ ਜਾਣ ਬਾਰੇ ਫ਼ੈਸਲਾ ਕੀਤਾ ਗਿਆ ਸੀ ਪਰ ਬਾਅਦ ਵਿਚ ਇਹ ਫ਼ੈਸਲਾ ਬਦਲ ਕੇ ਗੁਰਭੇਜ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਗਿਆ।

ਇਸੇ ਤਰ੍ਹਾਂ ਗੁਰਭੇਜ ਸਿੰਘ ਦੇ ਚਾਚੇ ਨੇ ਆਖਿਆ ਕਿ ਉਨ੍ਹਾਂ ਦੇ ਕਈ ਰਿਸ਼ਤੇਦਾਰ ਕੈਨੇਡਾ ਅਤੇ ਅਮਰੀਕਾ ਵਿਚ ਰਹਿੰਦੇ ਨੇ ਪਰ ਅਸੀਂ ਆਪਣੇ ਬੇਟੇ ਦੇ ਆਪਣੇ ਹੱਥੀਂ ਸਸਕਾਰ ਕਰਨਾ ਚਾਹੁੰਦੇ ਸੀ, ਜਿਸ ਕਰਕੇ ਉਸ ਦੀ ਮ੍ਰਿਤਕ ਦੇਹ ਨੂੰ ਇੱਥੇ ਲਿਆਂਦਾ ਗਿਆ ਏ। ਉਨ੍ਹਾਂ ਆਖਿਆ ਕਿ ਜੋ ਕੁੱਝ ਸਾਡੇ ਨਾਲ ਹੋਇਆ, ਵਾਹਿਗੁਰੂ ਅਜਿਹਾ ਕਿਸੇ ਨਾਲ ਨਾ ਕਰੇ।

ਇਸ ਤੋਂ ਇਲਾਵਾ ਹੋਰ ਪਿੰਡ ਵਾਸੀਆਂ ਨੇ ਆਖਿਆ ਕਿ ਗੁਰਭੇਜ ਸਿੰਘ ਬਹੁਤ ਹੀ ਹੋਣਹਾਰ ਮੁੰਡਾ ਸੀ ਜੋ ਰੱਬ ਨੇ ਸਾਡੇ ਕੋਲੋਂ ਖੋਹ ਲਿਆ। ਉਨ੍ਹਾਂ ਦੱਸਿਆ ਕਿ ਗੁਰਭੇਜ 10 ਸਾਲ ਪਹਿਲਾਂ ਅਮਰੀਕਾ ਗਿਆ ਸੀ ਪਰ ਹੁਣ ਛੋਟੇ ਭਰਾ ਦੇ ਵਿਆਹ ’ਤੇ ਗੁਰਭੇਜ ਨੇ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਦੱਸ ਦਈਏ ਕਿ ਗੁਰਭੇਜ ਦੇ ਅੰਤਿਮ ਸਸਕਾਰ ਵੇਲੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਸੜਕ ਦਾ ਪਿਛਲੇ 10 ਸਾਲਾਂ ਤੋਂ ਬਹੁਤ ਜ਼ਿਆਦਾ ਬੁਰਾ ਹਾਲ ਐ, ਜਿਸ ਕਰਕੇ ਉਸ ’ਤੇ ਚੱਲਣਾ ਵੀ ਮੁਸ਼ਕਲ ਸੀ। ਇਸ ਕਰਕੇ ਗੁਰਭੇਜ ਦਾ ਅੰਤਿਮ ਸਸਕਾਰ ਕਿਸੇ ਹੋਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਕਰਨਾ ਪਿਆ। ਇਸ ਨੂੰ ਲੈ ਕੇ ਲੋਕਾਂ ਵਿਚ ਪ੍ਰਸਾਸ਼ਨ ਪ੍ਰਤੀ ਭਾਰੀ ਨਾਰਾਜ਼ਗੀ ਅਤੇ ਗੁੱਸਾ ਦੇਖਣ ਨੂੰ ਮਿਲਿਆ।

Tags:    

Similar News