ਐਸਜੀਪੀਸੀ ਵੱਲੋਂ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਬਜਟ ਪਾਸ
ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਸੈਸ਼ਨ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ ਹੋਇਆ, ਜਿਸ ਦੌਰਾਨ ਸਾਲ 2025-26 ਦੇ ਲਈ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ, ਜੋ ਪਿਛਲੀ ਵਾਰ ਨਾਲੋਂ 14 ਫ਼ੀਸਦੀ ਜ਼ਿਆਦਾ ਹੈ।
ਅੰਮ੍ਰਿਤਸਰ : ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਸੈਸ਼ਨ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ ਹੋਇਆ, ਜਿਸ ਦੌਰਾਨ ਸਾਲ 2025-26 ਦੇ ਲਈ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ, ਜੋ ਪਿਛਲੀ ਵਾਰ ਨਾਲੋਂ 14 ਫ਼ੀਸਦੀ ਜ਼ਿਆਦਾ ਹੈ। ਬਜਟ ਪੇਸ਼ ਕੀਤੇ ਜਾਣ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਸ਼ਾਮਲ ਨਹੀਂ ਹੋਏ। ਭਾਵੇਂ ਕਿ ਇਸ ਦੌਰਾਨ ਦਮਦਮੀ ਟਕਸਾਲ ਦੇ ਹਰਨਾਮ ਸਿੰਘ ਧੁੰਮਾ ਵੱਲੋਂ ਜਥੇਦਾਰਾਂ ਨੂੰ ਹਟਾਉਣ ਦੇ ਮਾਮਲੇ ’ਤੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਪਰ ਬਜਟ ਸੈਸ਼ਨ ਵਿਚ ਕੋਈ ਅੜਚਨ ਨਹੀਂ ਆਈ।
ਸੋ ਆਓ ਤੁਹਾਨੂੰ ਦੱਸਦੇ ਆਂ ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਕਿਹੜੇ ਕੰਮ ਦੇ ਲਈ ਰੱਖਿਆ ਗਿਆ ਕਿੰਨਾ ਫੰਡ?
ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2025-26 ਦੇ ਲਈ ਐਸਜੀਪੀਸੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਵੱਲੋਂ 13 ਅਰਬ 86 ਕਰੋੜ 47 ਲੱਖ 80 ਹਜ਼ਾਰ ਰੁਪਏ ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ। ਪਿਛਲੀ ਵਾਰ ਐਸਜੀਪੀਸੀ ਦਾ ਬਜਟ 1260.97 ਕਰੋੜ ਰੁਪਏ ਸੀ, ਯਾਨੀ ਕਿ ਇਸ ਵਾਰ ਦਾ ਬਜਟ ਵਿਚ ਪਿਛਲੀ ਵਾਰ ਨਾਲੋਂ 125.5 ਕਰੋੜ ਰੁਪਏ ਜ਼ਿਆਦਾ ਐ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਬਜਟ ਵਿਚ ਧਰਮ ਪ੍ਰਚਾਰ ਦੇ ਲਈ 1 ਅਰਬ 10 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ, ਜਿਸ ਵਿਚ ਅੰਮ੍ਰਿਤ ਸੰਚਾਰ, ਮੁਫ਼ਤ ਗੁਰਮਤਿ ਸਾਹਿਤ ਵੰਡਣਾ, ਗੁਰਮਤਿ ਸਕੂਲ, ਸਿੱਖ ਮਿਸ਼ਨਰੀ ਕਾਲਜ, ਧਾਰਮਿਕ ਪ੍ਰਚਾਰ ਮੁਹਿੰਮ, ਗੁਰਮਤਿ ਕੈਂਪ ਅਤੇ ਸਿੱਖ ਮਿਸ਼ਨ ਸ਼ਾਮਲ ਨੇ।
ਇਸ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਦੇ ਲਈ 55.80 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਗਿਆ ਏ, ਜਿਸ ਵਿਚ ਸਟਾਫ਼ ਦੀ ਤਨਖ਼ਾਹ, ਬੁਨਿਆਦੀ ਢਾਂਚੇ ਦਾ ਵਿਕਾਸ, ਜ਼ਰੂਰੀ ਉਪਕਰਨ ਅਤੇ ਖੇਡ ਗਤੀਵਿਧੀਆਂ ਸ਼ਾਮਲ ਨੇ।
ਸਿਹਤ ਸੇਵਾਵਾਂ ਦੀ ਗੱਲ ਕਰੀਏ ਤਾਂ ਬਜਟ ਵਿਚ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਦੇ ਲਈ 5.50 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ, ਜਿਸ ਵਿਚ ਸਟਾਫ਼ ਦੀ ਤਨਖ਼ਾਹ, ਪ੍ਰਯੋਗਸ਼ਾਲਾ ਖ਼ਰਚ, ਬਿਜਲੀ ਬਿਲ ਅਤੇ ਜ਼ਰੂਰੀ ਸਪਲਾਈ ਸ਼ਾਮਲ ਐ।
ਇਸੇ ਤਰ੍ਹਾਂ ਖੇਡ ਵਿਭਾਗ ਦੇ ਲਈ ਬਜਟ ਵਿਚ 3.09 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ, ਜਿਸ ਵਿਚ ਖਿਡਾਰੀਆਂ ਦੀ ਤਨਖ਼ਾਹ, ਸਕੂਲ ਫ਼ੀਸ, ਖ਼ੁਰਾਕ, ਯਾਤਰਾ ਖ਼ਰਚ ਅਤੇ ਖੇਡ ਮੈਦਾਨਾਂ ਦਾ ਰੱਖ ਰਖਾਅ ਸ਼ਾਮਲ ਐ। ਇਸ ਤੋਂ ਇਲਾਵਾ ਬਜਟ ਵਿਚ ਸਮਾਜਿਕ ਸੇਵੀ ਸੰਗਠਨਾਂ ਨੂੰ ਸਹਾਇਤਾ ਅਤੇ ਧਾਰਮਿਕ ਸਿੱਖਿਆ ਦੇ ਲਈ 3.20 ਕਰੋੜ ਰੁਪਏ ਰੱਖੇ ਗਏ ਨੇ।
ਬਜਟ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਪਿਛਲੀ ਵਾਰ ਨਾਲੋਂ 10 ਫ਼ੀਸਦੀ ਦਾ ਵਾਧਾ ਕੀਤਾ ਗਿਆ ਏ ਜੋ ਗੁਰੂ ਸਾਹਿਬ ਦੀ ਕ੍ਰਿਪਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੁੱਝ ਲੋਕ ਇਹ ਪ੍ਰਚਾਰ ਕਰਦੇ ਨੇ ਕਿ ਐਸਜੀਪੀਸੀ ਦਾ ਬਜਟ ਸਰਕਾਰ ਦੇ ਬਰਾਬਰ ਹੁੰਦਾ ਹੈ, ਪਰ ਇਹ ਸਰਕਾਰ ਦੇ ਬਜਟ ਦਾ 1 ਫ਼ੀਸਦੀ ਵੀ ਨਹੀਂ ਐ।
ਇਸੇ ਤਰ੍ਹਾਂ ਬਜਟ ਸੈਸ਼ਨ ਦੌਰਾਨ ਐਸਜੀਪੀਸੀ ਮੈਂਬਰ ਬੀਬੀ ਕਿਰਨਜੋਤ ਕੌਰ ਵੱਲੋਂ ਜਥੇਦਾਰ ਸਾਹਿਬਾਨ ਨੂੰ ਹਟਾਏ ਜਾਣ ਦਾ ਮਤਾ ਰੱਦ ਕਰਨ ਸਬੰਧੀ ਆਵਾਜ਼ ਉਠਾਈ ਗਈ, ਜਿਸ ਨੂੰ ਲੈ ਕੇ ਕਾਫ਼ੀ ਹੰਗਾਮਾ ਹੋ ਗਿਆ। ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਕਿਸੇ ਨੇ ਗੱਲ ’ਤੇ ਵਿਚਾਰ ਤਾਂ ਕੀ ਕਰਨੀ ਸੀ, ਸਗੋਂ ਬਾਦਲ ਦੇ ਮੈਂਬਰਾਂ ਨੇ ਉਨ੍ਹਾਂ ਦੇ ਨਾਲ ਧੱਕਾਮੁੱਕੀ ਕੀਤੀ ਅਤੇ ਉਨ੍ਹਾਂ ਦਾ ਮਾਈਕ ਤੱਕ ਖੋਹ ਲਿਆ।
ਉਧਰ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਵੀ ਬੀਬੀ ਕਿਰਨਜੋਤ ਕੌਰ ਨਾਲ ਦੁਰਵਿਵਹਾਰ ਦੀ ਨਿੰਦਾ ਕੀਤੀ ਗਈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ’ਤੇ ਤਿੱਖਾ ਨਿਸ਼ਾਨਾ ਸਾਧਿਆ।
ਇਸੇ ਤਰ੍ਹਾਂ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਆਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ ਕੀਤੀ ਜਾਂਚ ਦਾ ਮਾਮਲਾ ਉਠਾਉਣਾ ਚਾਹੁੰਦੇ ਸੀ, ਜਿਸ ਵਿਚ ਅੰਤ੍ਰਿਗ ਕਮੇਟੀ ਵੱਲੋਂ ਇਕ ਔਰਤ ਨੂੰ ਬਿਨਾਂ ਕਿਸੇ ਜਾਂਚ ਦੇ ਬੇਵਜ੍ਹਾ ਦੋਸ਼ੀ ਬਣਾਉਂਦਿਆਂ ਕੌਰਵ ਸਭਾ ਦਾ ਰੋਲ ਅਦਾ ਕੀਤਾ ਗਿਆ ਜੋ ਸਰਾਸਰ ਧੱਕੇਸ਼ਾਹੀ ਐ।
ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ ਨੇ ਆਖਿਆ ਕਿ ਕਿਸੇ ਨੂੰ ਬਜਟ ਦੇ ਨਾਲ ਕੋਈ ਰੌਲਾ ਨਹੀਂ ਪਰ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾਮੁਕਤੀ ਨੂੰ ਲੈ ਕੇ ਵਿਧਾਨ ਜ਼ਰੂਰੀ ਨੇ। ਉਨ੍ਹਾਂ ਆਖਿਆ ਕਿ ਜੇ ਵਿਧੀ ਵਿਧਾਨ ਬਣੇ ਹੁੰਦੇ ਤਾਂ ਚੋਰੀ ਛੁਪੇ ਜਥੇਦਾਰਾਂ ਦੀ ਨਿਯੁਕਤੀ ਨਾ ਕਰਨੀ ਪੈਂਦੀ।
ਦੱਸ ਦਈਏ ਕਿ ਬਜਟ ਸੈਸ਼ਨ ਦੌਰਾਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਵੀ ਜਥੇਦਾਰਾਂ ਦੀ ਮੁੜ ਬਹਾਲੀ, ਸੇਵਾਮੁਕਤੀ ਅਤੇ ਨਿਯੁਕਤੀ ਸਬੰਧੀ ਵਿਧੀ ਵਿਧਾਨ ਬਣਾਉਣ ਵਾਸਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜੋ 15 ਤਰੀਕ ਦੇ ਅਲਟੀਮੇਟਮ ਤੋਂ ਬਾਅਦ ਚੁੱਕ ਲਿਆ ਗਿਆ।