SGPC ਵੱਲੋਂ ਰਾਜਸਥਾਨ ‘ਚ ਸਿੱਖ ਵਿਦਿਆਰਥਣ ਨੂੰ ਕਕਾਰਾਂ ਕਾਰਨ ਰੋਕਣ ਦੀ ਨਿਖੇਧੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਗ ਕਮੇਟੀ ਦੀ ਅਹਿਮ ਮੀਟਿੰਗ ਅੱਜ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ, ਅੰਮ੍ਰਿਤਸਰ ਵਿਖੇ ਹੋਈ। ਮੀਟਿੰਗ ਤੋਂ ਬਾਅਦ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਈ ਗੰਭੀਰ ਮੁੱਦਿਆਂ ਉੱਤੇ ਆਪਣੇ ਵਿਚਾਰ ਰੱਖੇ।

Update: 2025-07-28 10:45 GMT

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਗ ਕਮੇਟੀ ਦੀ ਅਹਿਮ ਮੀਟਿੰਗ ਅੱਜ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ, ਅੰਮ੍ਰਿਤਸਰ ਵਿਖੇ ਹੋਈ। ਮੀਟਿੰਗ ਤੋਂ ਬਾਅਦ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਈ ਗੰਭੀਰ ਮੁੱਦਿਆਂ ਉੱਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਸਮੇਤ 5-6 ਅਹੰਮ ਮਸਲਿਆਂ 'ਤੇ ਵਿਚਾਰ ਕਰਕੇ ਫੈਸਲੇ ਲਏ ਗਏ ਹਨ।


ਐਡਵੋਕੇਟ ਧਾਮੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਈ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਜਾਂ ਉਨ੍ਹਾਂ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਣ ਸਬੰਧੀ ਐਲਾਨ ਅਤੇ ਨੋਟੀਫਿਕੇਸ਼ਨ ਤਾਂ ਜਾਰੀ ਹੋਏ ਸਨ, ਪਰ ਅਜੇ ਤਕ ਉਨ੍ਹਾਂ ਉੱਤੇ ਕੋਈ ਅਮਲ ਨਹੀਂ ਕੀਤਾ ਗਿਆ। SGPC ਨੇ ਮੁੜ ਮੰਗ ਕੀਤੀ ਹੈ ਕਿ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਗੁਰਪੁਰਬ ਮੌਕੇ ਇਹ ਵਾਅਦੇ ਪੂਰੇ ਕਰਕੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ।


ਅੰਤਰਿਗ ਕਮੇਟੀ ਨੇ ਰਾਜਸਥਾਨ 'ਚ ਇੱਕ ਸਿੱਖ ਵਿਦਿਆਰਥਣ ਨੂੰ ਕੇਵਲ ਕਕਾਰ ਪਹਿਨਣ ਕਰਕੇ ਜੁਡੀਸ਼ਰੀ ਦੇ ਪੇਪਰ ਤੋਂ ਰੋਕਣ ਦੀ ਘਟਨਾ ਦੀ ਨਿਖੇਧੀ ਕਰਦਿਆਂ ਸਖਤ ਨੋਟਿਸ ਲਿਆ ਹੈ। SGPC ਵੱਲੋਂ ਰਾਜਸਥਾਨ ਸਰਕਾਰ ਨੂੰ ਇਸ ਮਾਮਲੇ 'ਚ ਈਮੇਲ ਰਾਹੀਂ ਸ਼ਿਕਾਇਤ ਭੇਜਣ ਦਾ ਐਲਾਨ ਕੀਤਾ ਗਿਆ ਹੈ। SGPC ਮੁਖੀ ਨੇ ਕਿਹਾ ਕਿ ਇਹ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਸਿੱਖ ਨੌਜਵਾਨਾਂ ਨਾਲ ਹੋ ਰਹੇ ਭੇਦਭਾਵ ਨੂੰ SGPC ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ।


ਪ੍ਰਧਾਨ ਧਾਮੀ ਨੇ ਸੂਬਾ ਸਰਕਾਰ ਵੱਲੋਂ ਸ੍ਰੀਨਗਰ ਵਿੱਚ ਮਰਿਆਦਾ ਦੀ ਉਲੰਘਣਾ ਦੀ ਨਿਖੇਧੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਕਿ ਉਨ੍ਹਾਂ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਜੋ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ। ਇਸ ਦੇ ਨਾਲ ਹੀ SGPC ਵੱਲੋਂ ਇੱਕ ਅਹੰਮ ਫੈਸਲਾ ਲਿਆ ਗਿਆ ਕਿ ਹੁਣ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸ੍ਰੀ ਦਰਬਾਰ ਸਾਹਿਬ ਤੋਂ ਰੋਜ਼ਾਨਾ ਲੰਗਰ ਭੇਜਿਆ ਜਾਵੇਗਾ। ਇਹ ਫੈਸਲਾ ਸੇਵਾ ਦੇ ਮੂਲ ਉਦੇਸ਼ ਨੂੰ ਪ੍ਰਗਟਾਉਂਦਾ ਹੈ। SGPC ਵੱਲੋਂ ਕਰਤਾਰਪੁਰ ਲਾਂਘੇ ਦੀ ਪ੍ਰੀਕ੍ਰਿਆ ਨੂੰ ਸਰਲ ਬਣਾਉਣ, 20 ਡਾਲਰ ਦੀ ਫੀਸ ਖਤਮ ਕਰਨ ਅਤੇ ਪਾਸਪੋਰਟ ਦੀ ਥਾਂ ਆਧਾਰ ਕਾਰਡ ਨੂੰ ਪਛਾਣ ਪੱਤਰ ਵਜੋਂ ਮਨਣ ਦੀ ਮੰਗ ਕੀਤੀ ਗਈ। ਇਹ ਮੰਗ ਸਿੱਖ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ।


ਫਤਹਿਗੜ੍ਹ ਸਾਹਿਬ ਵਿਖੇ SGPC ਵੱਲੋਂ ਜਥੇਦਾਰ ਗਿਆਨੀ ਜਗਤਾਰ ਸਿੰਘ ਟੌਹੜਾ ਦੇ ਨਾਮ 'ਤੇ ਇੱਕ ਅਕੈਡਮੀ ਸਥਾਪਤ ਕੀਤੀ ਗਈ ਹੈ, ਜਿਥੇ ਸਿੱਖ ਬੱਚਿਆਂ ਨੂੰ UPSC ਅਤੇ ਹੋਰ ਮੁੱਖ ਟੈਸਟਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ। ਇਸ ਸਾਲ 1200 ਬੱਚਿਆਂ ਵਿੱਚੋਂ 600 ਚੁਣੇ ਗਏ ਹਨ ਜੋ ਅਕੈਡਮੀ 'ਚ ਤਿਆਰੀ ਕਰ ਰਹੇ ਹਨ। ਹਜੂਰ ਸਾਹਿਬ ਵੱਲੋਂ ਮੰਗ ਕੀਤੇ ਜਾਣ ਉਪਰੰਤ SGPC ਵੱਲੋਂ ਉੱਥੇ 200 ਸਰੂਪ ਭੇਜਣ ਦੀ ਵੀ ਪਕਕੀ ਗੱਲ ਕੀਤੀ ਗਈ। ਨਾਲ ਹੀ, ਦੇਸ਼ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸ਼ਤਾਬਦੀ ਸਮਾਗਮਾਂ ਲਈ ਸੱਦੇ ਭੇਜੇ ਜਾਣਗੇ।


ਐਡਵੋਕੇਟ ਧਾਮੀ ਨੇ ਕਿਹਾ ਕਿ "ਆਮ ਆਦਮੀ ਪਾਰਟੀ" ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੋਕਣ ਦੀ ਵੀ ਨਿਖੇਧੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੋ ਪਾਰਟੀ ਸ਼ਤਾਬਦੀ ਮਨਾਉਣ ਵਿੱਚ ਸ਼ਾਮਲ ਹੋ ਰਹੀ ਹੈ, ਉਹੀ ਰਿਹਾਈ ਰੋਕਣ ਵਿੱਚ ਰੁਕਾਵਟ ਬਣ ਰਹੀ ਹੈ। ਇਸ ਮੌਕੇ SGPC ਨੇ ਇੱਕ ਹੋਰ ਗੰਭੀਰ ਮੁੱਦਾ ਵੀ ਚੁੱਕਿਆ ਕਿ SGPC ਅਹੁਦੇਦਾਰਾਂ ਨੂੰ ਧਮਕੀ ਭਰੀਆਂ ਈਮੇਲਾਂ ਮਿਲ ਰਹੀਆਂ ਹਨ। ਧਾਮੀ ਨੇ ਦੱਸਿਆ ਕਿ ਹੁਣ ਤਕ 12 ਤੋਂ ਵੱਧ ਈਮੇਲਾਂ ਮਿਲ ਚੁੱਕੀਆਂ ਹਨ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਸੁਰੱਖਿਆ ਸੰਬੰਧੀ ਜਿੰਮੇਵਾਰ ਐਜੰਸੀਆਂ ਤੋਂ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ।

Tags:    

Similar News