Punjab news : ਰੂਸ-ਯੂਕਰੇਨ ਜੰਗ ਚ ਦਰਦਨਾਕ ਅੰਤ: ਲਾਸ਼ ਦੀ ਜਗ੍ਹਾ ਤਾਬੂਤ ਵਿੱਚੋਂ ਮਿਲਿਆ ਸਿਰਫ਼ ਪਿੰਜਰ
ਮਾਂ ਆਖਰੀ ਵਾਰ ਚਿਹਰਾ ਵੀ ਨਾ ਦੇਖ ਸਕੀ
ਲੁਧਿਆਣਾ: 14 ਮਾਰਚ, 2026
ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤੇ ਗਏ ਲੁਧਿਆਣਾ ਦੇ ਨੌਜਵਾਨ ਸਮਰਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। 10 ਸਤੰਬਰ, 2025 ਨੂੰ ਯੂਕਰੇਨ ਸਰਹੱਦ 'ਤੇ ਡਰੋਨ ਹਮਲੇ ਵਿੱਚ ਸ਼ਹੀਦ ਹੋਏ ਸਮਰਜੀਤ ਦੀ ਮ੍ਰਿਤਕ ਦੇਹ ਜਦੋਂ ਲੰਬੇ ਸਮੇਂ ਬਾਅਦ ਘਰ ਪਹੁੰਚੀ, ਤਾਂ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ। ਤਾਬੂਤ ਦੇ ਅੰਦਰ ਇੱਕ ਸੀਲਬੰਦ ਲੋਹੇ ਦੇ ਡੱਬੇ ਵਿੱਚ ਸਮਰਜੀਤ ਦੀ ਲਾਸ਼ ਦੀ ਬਜਾਏ ਸਿਰਫ਼ ਇੱਕ ਪਿੰਜਰ ਮਿਲਿਆ। ਪਰਿਵਾਰ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਸਨ ਕਿ ਇਸ ਡੱਬੇ ਨੂੰ ਸਿਰਫ਼ ਚਿਤਾ 'ਤੇ ਹੀ ਖੋਲ੍ਹਿਆ ਜਾਵੇ, ਜਿਸ ਕਾਰਨ ਮਾਂ ਅਕਬਰ ਕੌਰ ਆਪਣੇ ਪੁੱਤਰ ਦਾ ਆਖਰੀ ਵਾਰ ਚਿਹਰਾ ਵੀ ਨਹੀਂ ਦੇਖ ਸਕੀ।
ਸਮਰਜੀਤ 16 ਜੁਲਾਈ ਨੂੰ ਰੋਜ਼ੀ-ਰੋਟੀ ਲਈ ਰੂਸ ਗਿਆ ਸੀ। 8 ਸਤੰਬਰ, 2025 ਨੂੰ ਉਸ ਨੇ ਆਪਣੇ ਪਿਤਾ ਚਰਨਜੀਤ ਸਿੰਘ ਨਾਲ ਆਖਰੀ ਵਾਰ ਵੀਡੀਓ ਕਾਲ 'ਤੇ ਗੱਲ ਕੀਤੀ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਠੀਕ ਹੈ ਅਤੇ ਮਾਪਿਆਂ ਦਾ ਧਿਆਨ ਰੱਖਣ ਲਈ ਕਿਹਾ ਸੀ। ਇਸ ਤੋਂ ਬਾਅਦ ਸੰਪਰਕ ਟੁੱਟ ਗਿਆ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਰੂਸੀ ਫੌਜ ਉਸ ਨੂੰ ਯੂਕਰੇਨ ਸਰਹੱਦ ਵੱਲ ਲੈ ਗਈ ਸੀ, ਜਿੱਥੇ ਉਹ ਡਰੋਨ ਹਮਲੇ ਵਿੱਚ ਮਾਰਿਆ ਗਿਆ। ਰੂਸੀ ਫੌਜ ਨੂੰ ਤਲਾਸ਼ੀ ਦੌਰਾਨ ਉਸ ਦੀ ਜੇਬ ਵਿੱਚੋਂ ਮਿਲੀ ਇੱਕ ਪਰਚੀ ਅਤੇ ਫੌਜੀ ਟੋਕਨ ਰਾਹੀਂ ਉਸ ਦੀ ਪਛਾਣ ਹੋਈ। ਭਾਰਤੀ ਦੂਤਾਵਾਸ ਦੇ ਦਖਲ ਤੋਂ ਬਾਅਦ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋਈ।
ਸਮਰਜੀਤ ਦੇ ਪਰਿਵਾਰ ਦੀ ਆਰਥਿਕ ਹਾਲਤ ਬੇਹੱਦ ਖ਼ਰਾਬ ਹੈ। ਪਿਤਾ ਚਰਨਜੀਤ ਸਿੰਘ ਨੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਘਰ ਗਿਰਵੀ ਰੱਖ ਕੇ 7.80 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਪਿਛਲੇ ਦੋ ਮਹੀਨਿਆਂ ਤੋਂ ਉਹ ਬੈਂਕ ਦੀਆਂ 14,000 ਰੁਪਏ ਦੀਆਂ ਮਹੀਨਾਵਾਰ ਕਿਸ਼ਤਾਂ ਭਰਨ ਵਿੱਚ ਵੀ ਅਸਮਰੱਥ ਹਨ, ਜਿਸ ਕਾਰਨ ਬੈਂਕ ਵੱਲੋਂ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਹੁਣ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨੂੰ ਬੈਂਕਾਂ ਦੀ ਕਾਰਵਾਈ ਤੋਂ ਰਾਹਤ ਦਿੱਤੀ ਜਾਵੇ, ਕਿਉਂਕਿ ਉਨ੍ਹਾਂ ਦੀ ਮਾਨਸਿਕ ਅਤੇ ਆਰਥਿਕ ਸਥਿਤੀ ਬਹੁਤ ਨਾਜ਼ੁਕ ਹੈ।