Punjab: ਗੁਰਦਾਸਪੁਰ ਗਰਨੇਡ ਹਮਲੇ ਦਾ ਮੁੱਖ ਦੋਸ਼ੀ ਗ੍ਰਿਫਤਾਰ, ਪਾਕਿਸਤਾਨ ਨਾਲ ਜੁੜੇ ਤਾਰ
ਇਸ ਪਾਕਿਸਤਾਨੀ ਗੈਂਗਸਟਰ ਦੇ ਇਸ਼ਾਰੇ ਤੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ
Punjab News: ਪੰਜਾਬ ਪੁਲਿਸ ਨੇ 25 ਨਵੰਬਰ ਨੂੰ ਗੁਰਦਾਸਪੁਰ ਦੇ ਸਿਟੀ ਪੁਲਿਸ ਸਟੇਸ਼ਨ 'ਤੇ ਹੋਏ ਗ੍ਰਨੇਡ ਹਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਐਕਸ 'ਤੇ ਇੱਕ ਪੋਸਟ ਵਿੱਚ ਇਸ ਅਹਿਮ ਗ੍ਰਿਫ਼ਤਾਰੀ ਦਾ ਐਲਾਨ ਕੀਤਾ।
ਮੁਲਜ਼ਮ ਦੀ ਪਛਾਣ ਮੋਹਨ ਸਿੰਘ ਵਜੋਂ ਹੋਈ ਹੈ, ਜੋ ਕਿ ਬਠਿੰਡਾ ਜ਼ਿਲ੍ਹੇ ਦੇ ਰਾਮੂਵਾਲ ਦਾ ਰਹਿਣ ਵਾਲਾ ਹੈ। ਡੀਜੀਪੀ ਨੇ ਪੁਸ਼ਟੀ ਕੀਤੀ ਕਿ ਮੋਹਨ ਸਿੰਘ ਦੀ ਗ੍ਰਿਫ਼ਤਾਰੀ ਦੇ ਨਾਲ, ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ। ਇਸ ਤੋਂ ਪਹਿਲਾਂ, 1 ਦਸੰਬਰ ਨੂੰ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਾਕਿਸਤਾਨ ਨਾਲ ਜੁੜੇ ਤਾਰ
ਸ਼ੁਰੂਆਤੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗ੍ਰਨੇਡ ਹਮਲੇ ਪਿੱਛੇ ਪਾਕਿਸਤਾਨ ਸਥਿਤ ਅੱਤਵਾਦੀਆਂ ਦਾ ਹੱਥ ਸੀ, ਜੋ ਕਿ ਮੋਹਨ ਸਿੰਘ ਰਾਹੀਂ ਕੀਤਾ ਗਿਆ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੋਹਨ ਸਿੰਘ ਇੱਕ ਬਦਨਾਮ ਪਾਕਿਸਤਾਨੀ ਅਪਰਾਧੀ ਸ਼ਹਿਜ਼ਾਦ ਭੱਟੀ ਨਾਲ ਸਿੱਧੇ ਸੰਪਰਕ ਵਿੱਚ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੋਹਨ ਸਿੰਘ ਨੇ ਸ਼ਹਿਜ਼ਾਦ ਭੱਟੀ ਦੇ ਇਸ਼ਾਰੇ 'ਤੇ ਅਤੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਹਮਲਾ ਕੀਤਾ ਸੀ।
ਚਾਰ ਗ੍ਰਿਫ਼ਤਾਰੀਆਂ ਪਹਿਲਾਂ ਹੀ ਹੋ ਚੁੱਕੀਆਂ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕੀਤੀ ਸੀ, ਮੋਹਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ 1 ਦਸੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਤੋਂ ਚਾਰ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਚਾਰ ਸ਼ੱਕੀਆਂ ਤੋਂ ਇੱਕ ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ। ਡੀਜੀਪੀ ਯਾਦਵ ਨੇ ਸਪੱਸ਼ਟ ਕੀਤਾ ਕਿ ਜਾਂਚ ਅਜੇ ਵੀ ਜਾਰੀ ਹੈ, ਅਤੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।