Punjab News: ਜੀਰਾ 'ਚ ਸੁਨਿਆਰੇ 'ਤੇ ਚਲਾਈਆਂ ਗੈਂਗਸਟਰਾਂ ਨੇ ਗੋਲੀਆਂ
ਜਬਾੜੇ ਕੋਲ ਲੱਗੀ ਗੋਲੀ, ਗੈਂਗਸਟਰਾਂ ਤੋਂ ਮਿਲ ਰਹੀਆਂ ਸੀ ਧਮਕੀਆਂ
Crime News: ਪੰਜਾਬ 'ਚ ਹਰ ਦਿਨ ਗੈਂਗਸਟਰਾਂ ਦੀ ਗੁੰਡਾਗਰਦੀ ਵਧਦੀ ਜਾ ਰਹੀ ਹੈ। ਤਾਜ਼ਾ ਵਾਰਦਾਤ ਜੀਰੇ ਦੀ ਹੈ, ਜਿੱਥੇ ਇੱਕ ਸੁਨਿਆਰੇ ਉੱਪਰ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਜੀਰਾ ਵਿਧਾਨ ਸਭਾ ਹਲਕੇ ਵਿੱਚ ਮੰਜੂ ਜਵੈਲਰਜ਼ ਦੀ ਦੁਕਾਨ ਦੇ ਮਾਲਕ 'ਤੇ ਚਲਾਈਆਂ ਗਈਆਂ। ਇਸ ਘਟਨਾ ਵਿੱਚ ਦੁਕਾਨ ਮਾਲਕ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸਦੇ ਜਬਾੜੇ ਦੇ ਨੇੜੇ ਲੱਗੀ। ਇਸ ਘਟਨਾ ਪਿੱਛੇ ਗੈਂਗਸਟਰ ਹਰੀਕੇ ਲੰਡੇ ਦਾ ਹੱਥ ਦੱਸਿਆ ਜਾ ਰਿਹਾ ਹੈ। ਕਿਉਂਕਿ ਕਾਫ਼ੀ ਸਮੇਂ ਤੋਂ ਉਹ ਦੁਕਾਨ ਮਾਲਕ ਨੂੰ ਮੋਬਾਈਲ 'ਤੇ ਧਮਕੀਆਂ ਦੇ ਰਿਹਾ ਸੀ। ਪਤਾ ਲੱਗਾ ਹੈ ਕਿ ਦੁਕਾਨਦਾਰ ਤੋਂ ਫਿਰੌਤੀ ਮੰਗੀ ਜਾ ਰਹੀ ਸੀ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਪੁਲਿਸ ਪਾਰਟੀ ਸਮੇਤ ਜੀਰਾ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇੜੇ ਲੱਗੇ ਸੀਸੀਟੀਵੀ ਦੀ ਫੁਟੇਜ ਦੀ ਭਾਲ ਵਿੱਚ ਰੁੱਝੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜੀਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਜੀਰਾ ਦੇ ਦੁਕਾਨਦਾਰ ਅਤੇ ਵਪਾਰੀ ਦਹਿਸ਼ਤ ਵਿੱਚ ਹਨ।
ਮੰਜੂ ਜਵੈਲਰਜ਼ ਦੇ ਮਾਲਕ ਰਤਨਲਾਲ ਨੂੰ ਗੈਂਗਸਟਰਾਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਹੈ। ਵਿਧਾਇਕ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਗੈਂਗਸਟਰਾਂ ਨੇ ਰਤਨਲਾਲ ਤੋਂ ਫਿਰੌਤੀ ਮੰਗੀ ਸੀ। ਉਸਨੇ ਗੈਂਗਸਟਰਾਂ ਨੂੰ ਫਿਰੌਤੀ ਨਹੀਂ ਦਿੱਤੀ ਅਤੇ ਨਾ ਹੀ ਉਨ੍ਹਾਂ ਦਾ ਮੋਬਾਈਲ ਅਟੈਂਡ ਕੀਤਾ। ਇਸ ਕਾਰਨ ਉਨ੍ਹਾਂ ਨੇ ਦੁਕਾਨ ਵਿੱਚ ਦਾਖਲ ਹੋ ਕੇ ਉਸ ਨੂੰ ਗੋਲੀ ਮਾਰ ਦਿੱਤੀ। ਵਿਧਾਇਕ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਡੀਜੀਪੀ ਨੇ ਜ਼ੀਰਾ ਵਿੱਚ ਪੁਲਿਸ ਦਾ ਫਲੈਗ ਮਾਰਚ ਕੱਢਿਆ ਸੀ, ਜਦੋਂ ਕਿ ਜੀਰੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਖਰਾਬ ਹੈ।
ਜੇਕਰ ਇਹੀ ਕਾਨੂੰਨ ਵਿਵਸਥਾ ਦੀ ਸਥਿਤੀ ਜਾਰੀ ਰਹੀ ਤਾਂ ਹਰ ਦੁਕਾਨਦਾਰ ਅਤੇ ਕਾਰੋਬਾਰੀ ਡਰ ਕੇ ਕੰਮ ਨਹੀਂ ਕਰ ਸਕੇਗਾ। ਆਮ ਆਦਮੀ ਪਾਰਟੀ ਦੇ ਰਾਜ ਵਿੱਚ ਗੁੰਡਾਗਰਦੀ ਬਹੁਤ ਜ਼ਿਆਦਾ ਵਧ ਗਈ ਹੈ। ਦੁਕਾਨਦਾਰ ਅਤੇ ਕਾਰੋਬਾਰੀ ਡਰੇ ਹੋਏ ਹਨ। ਇੰਨਾ ਹੀ ਨਹੀਂ, ਦੁਕਾਨਾਂ ਵਿੱਚ ਚੋਰੀਆਂ ਦੀਆਂ ਘਟਨਾਵਾਂ ਵੀ ਬਹੁਤ ਵੱਧ ਗਈਆਂ ਹਨ। ਦੁਕਾਨਦਾਰ ਸ਼ਾਂਤੀ ਨਾਲ ਸੌਂ ਨਹੀਂ ਪਾ ਰਹੇ ਹਨ। ਵਿਧਾਇਕ ਨੇ ਕਿਹਾ ਕਿ ਰਤਨ ਲਾਲ ਨੂੰ ਗੋਲੀ ਮਾਰਨ ਦੀ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।