ਪੰਜਾਬ ਸਰਕਾਰ ਦੇ ਮਿਸ਼ਨ ਇਨਵੈਸਟ ਨੂੰ ਵੱਡੀ ਕਾਮਯਾਬੀ
ਪੰਜਾਬ ਸਰਕਾਰ ਦੇ ਮਿਸ਼ਨ ਨਿਵੇਸ਼ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਟੈਲੀਪਰਫਾਰਮੈਂਸ ਗਰੁੱਪ ਦੇ ਸੀਈਓ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਮੋਹਾਲੀ ਵਿਚ ਨਿਵੇਸ਼ ਕਰਨ ਦੀ ਦਿਲਚਸਪੀ ਦਿਖਾਈ ਗਈ।;
ਚੰਡੀਗੜ੍ਹ : ਪੰਜਾਬ ਸਰਕਾਰ ਦੇ ਮਿਸ਼ਨ ਨਿਵੇਸ਼ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਟੈਲੀਪਰਫਾਰਮੈਂਸ ਗਰੁੱਪ ਦੇ ਸੀਈਓ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਮੋਹਾਲੀ ਵਿਚ ਨਿਵੇਸ਼ ਕਰਨ ਦੀ ਦਿਲਚਸਪੀ ਦਿਖਾਈ ਗਈ। ਸੀਐਮ ਮਾਨ ਨੇ ਗਰੁੱਪ ਦੇ ਸੀਈਓ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਅਤੇ ਆਖਿਆ ਕਿ ਇਸ ਦੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।
ਪੰਜਾਬ ਸਰਕਾਰ ਵੱਲੋਂ ਵੱਡੀਆਂ ਕੰਪਨੀਆਂ ਦਾ ਪੰਜਾਬ ਵਿਚ ਨਿਵੇਸ਼ ਕਰਵਾਉਣ ਲਈ ਮੁਹਿੰਮ ਚਲਾਈ ਜਾ ਰਹੀ ਐ ਪਰ ਅੱਜ ਸਰਕਾਰ ਦੇ ਇਸ ਮਿਸ਼ਨ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਟੈਲੀਪਰਫਾਰਮੈਂਸ ਗਰੁੱਪ ਦੇ ਸੀਈਓ ਨੇ ਮੁਹਾਲੀ ਵਿਚ ਵੱਡੇ ਨਿਵੇਸ਼ ਦੀ ਇੱਛਾ ਜਤਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ।
ਮੁੱਖ ਮੰਤਰੀ ਮਾਨ ਨੇ ਗਰੁੱਪ ਦੇ ਸੀਈਓ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਗਰੁੱਪ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਰਾਜ ਵਿਚ ਇਨਵੈਸਟ ਕਰਨ ਵਿਚ ਕਿਸੇ ਕੰਪਨੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਪ੍ਰੋਜੈਕਟ ਨੂੰ ਲੈ ਕੇ ਸਾਰੀਆਂ ਰਸਮਾਂ ਮਹਿਜ ਕੁੱਝ ਦਿਨਾਂ ਵਿਚ ਹੀ ਪੂਰੀਆਂ ਕਰ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗਰੁੱਪ ਦੇ ਨਿਵੇਸ਼ ਕਰਨ ਦੇ ਨਾਲ ਸੂਬੇ ਦੇ ਆਰਥਿਕ ਵਿਕਾਸ ਨੂੰ ਬੜ੍ਹਾਵਾ ਮਿਲੇਗਾ ਅਤੇ ਨਾਲ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਣਗੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੰਬਈ ਦਾ ਦੌਰਾ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਕਈ ਕੰਪਨੀਆਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਸੀ ਅਤੇ ਕਈ ਕੰਪਨੀਆਂ ਨੇ ਪੰਜਾਬ ਵਿਚ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਸੀ। ਇਸ ਦੌਰਾਨ ਸਨ ਫਾਰਮਾ ਨੇ ਆਪਣੇ ਮੌਜੂਦਾ ਟੌਸਾ ਪ੍ਰੋਜੈਕਟ ਦੇ ਵਿਸਤਾਰ ਦੀ ਵੀ ਇੱਛਾ ਜਤਾਈ ਸੀ।
ਜਦਕਿ ਉਸ ਤੋਂ ਪਹਿਲਾਂ ਬੀਐਮਡਬਲਯੂ ਕੰਪਨੀ ਵੱਲੋਂ ਵੀ ਫਤਿਹਗੜ੍ਹ ਸਾਹਿਬ ਵਿਚ ਨਿਵੇਸ਼ ਕਰਨ ਵਿਚ ਦਿਲਚਸਪੀ ਦਿਖਾਈ ਗਈ ਸੀ, ਜਲਦ ਹੀ ਕੰਪਨੀ ਵੱਲੋਂ ਉਥੇ ਆਪਣਾ ਪਲਾਂਟ ਸਥਾਪਿਤ ਕੀਤਾ ਜਾਵੇਗਾ। ਇੱਥੇ ਹੀ ਬਸ ਨਹੀਂ, ਸਿਫੀ ਟੈਕਨਾਲੌਜੀ ਨੇ ਮੋਹਾਲੀ ਵਿਚ ਏਆਈ ਆਧਾਰਤ ਹੌਰੀਜੈਂਟਲ ਡਾਟਾ ਸੈਂਟਰ ਵਿਚ 1500 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਫ਼ੈਸਲਾ ਲਿਆ ਸੀ, ਜਦਕਿ ਜੇਐਸਡਬਲਯੂ ਸਟੀਲ ਨੇ 1600 ਕਰੋੜ ਦੀ ਲਾਗਤ ਨਾਲ 28 ਏਕੜ ਵਿਚ ਨਵਾਂ ਯੂਨਿਟ ਸਥਾਪਿਤ ਕਰਨ ’ਤੇ ਸਹਿਮਤੀ ਜਤਾਈ ਸੀ।
ਦੱਸ ਦਈਏ ਕਿ ਇਸ ਦੌਰਾਨ ਮੀਟਿੰਗ ਵਿਚ ਸੀਐਮ ਭਗਵੰਤ ਮਾਨ ਤੋਂ ਇਲਾਵਾ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਸਮੇਤ ਹੋਰ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।