ਪ੍ਰਿੰਸੀਪਲ ਸਰਵਣ ਸਿੰਘ ਨੇ ਵਿਨੇਸ਼ ਫੋਗਾਟ ਲਈ ਕਰਤਾ ਵੱਡਾ ਐਲਾਨ, ਜਾਣੋ ਪੂਰੀ ਖਬਰ

ਮੀਡੀਆ ਰਿਪੋਰਟ ਮੁਤਾਬਕ ਸਰਵਣ ਸਿੰਘ ਨੇ ਆਪਣੇ ਇਸ ਫ਼ੈਸਲੇ ਬਾਰੇ ਬੋਲਦਿਆਂ ਆਖਿਆ ਕਿ ਸਾਰੇ ਖੇਡ ਪ੍ਰੇਮੀ, ਖੇਡ ਪ੍ਰੋਮਟਰਾਂ ਨੇ ਮਿਲ ਕੇ ਤੈਅ ਕੀਤਾ ਏ ਕਿ ਉਹ ਵਿਨੇਸ਼ ਫੋਗਾਟ ਦਾ ਵੱਧ ਤੋਂ ਵੱਧ ਸਨਮਾਨ ਕਰਨਗੇ।;

Update: 2024-08-10 06:46 GMT

ਚੰਡੀਗੜ੍ਹ  : ਪੈਰਿਸ ਓਲੰਪਿਕ ਵਿਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਮੁਕਾਬਲੇ ਵਿਚ ਆਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਹਰ ਕੋਈ ਇਹੀ ਆਖ ਰਿਹਾ ਏ ਕਿ ਵਿਨੇਸ਼ ਫੋਗਾਟ ਦੇ ਨਾਲ ਇਹ ਵੱਡਾ ਧੱਕਾ ਹੋਇਆ ਏ। ਕਈਆਂ ਵੱਲੋਂ ਤਾਂ ਇਹ ਵੀ ਆਖਿਆ ਜਾ ਰਿਹਾ ਏ ਕਿ ਵਿਨੇਸ਼ ਫੋਗਾਟ ਸਿਆਸਤ ਦਾ ਸ਼ਿਕਾਰ ਹੋਈ ਐ, ਨਹੀਂ ਤਾਂ ਉਸ ਦਾ ਗੋਲਡ ਮੈਡਲ ਪੱਕਾ ਸੀ। ਇਸ ਤੋਂ ਬਾਅਦ ਸਾਰੇ ਪਾਸੇ ਵਿਨੇਸ਼ ਫੋਗਾਟ ਲਈ ਹਮਦਰਦੀ ਦੀ ਭਾਵਨਾ ਜ਼ਾਹਿਰ ਕਰ ਰਹੇ ਨੇ। ਕਈ ਖੇਡ ਪ੍ਰੇਮੀਆਂ ਵੱਲੋਂ ਵਿਨੇਸ਼ ਦੀ ਹੌਂਸਲਾ ਅਫ਼ਜ਼ਾਈ ਆਪੋ ਆਪਣੇ ਪੱਧਰ ’ਤੇ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਨੇ। ਇਸੇ ਦੌਰਾਨ ਪੰਜਾਬੀ ਖੇਡ ਜਗਤ ਦੇ ਉੱਘੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਆਪਣਾ ‘ਖੇਡ ਰਤਨ ਪੁਰਸਕਾਰ’ ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ ਕੀਤਾ ਗਿਆ ਏ, ਜਿਸ ਵਿਚ ਸਵਾ ਦੋ ਤੋਲੇ ਦਾ ਗੋਲਡ ਮੈਡਲ ਵੀ ਸ਼ਾਮਲ ਐ। ਜਿਵੇਂ ਹੀ ਉਨ੍ਹਾਂ ਦਾ ਇਹ ਐਲਾਨ ਸਾਹਮਣੇ ਆਇਆ ਤਾਂ ਸਾਰਿਆਂ ਵੱਲੋਂ ਉਨ੍ਹਾਂ ਦੀ ਇਸ ਫ਼ੈਸਲੇ ਦੀ ਜਮ ਕੇ ਤਾਰੀਫ਼ ਕੀਤੀ ਜਾ ਰਹੀ ਐ। ਪ੍ਰਿੰਸੀਪਲ ਸਰਵਣ ਸਿੰਘ ਨੂੰ ਪੰਜਾਬੀ ਖੇਡ ਪੱਤਰਕਾਰੀ ਦਾ ਸਿਰਮੌਰ ਖੇਡ ਲੇਖਕ ਮੰਨਿਆ ਜਾਂਦਾ ਏ ਅਤੇ ਉਨ੍ਹਾਂ ਨੂੰ ਕਈ ਲੋਕਾਂ ਵੱਲੋਂ ਖੇਡ ਸਾਹਿਤ ਦਾ ‘ਬਾਬਾ ਬੋਹੜ’ ਵੀ ਆਖਿਆ ਜਾਂਦੈ।

ਪ੍ਰਿੰਸੀਪਲ ਸਰਵਣ ਸਿੰਘ ਦੀ ਗੱਲ ਕਰੀਏ ਤਾਂ ਉਹ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਦੇ ਰਹਿਣ ਵਾਲੇ ਨੇ ਜੋ ਮੌਜੂਦਾ ਸਮੇਂ ਕੈਨੇਡਾ ਵਿਚ ਰਹਿ ਰਹੇ ਨੇ। ਉਨ੍ਹਾਂ ਦਾ ਜਨਮ 8 ਜੁਲਾਈ 1940 ਨੂੰ ਪਿੰਡ ਚਕਰ ਵਿਚ ਮਾਤਾ ਕਰਤਾਰ ਕੌਰ ਦੀ ਕੁੱਖੋਂ ਅਤੇ ਪਿਤਾ ਬਾਬੂ ਸਿੰਘ ਸੰਧੂ ਦੇ ਘਰ ਹੋਇਆ। ਉਨ੍ਹਾਂ ਨੇ 1962 ਵਿਚ ਪੰਜਾਬ ਯੂਨੀਵਰਸਿਟੀ ਤੋਂ ਬੀਐਡ ਕੀਤੀ ਅਤੇ ਫਿਰ ਦਿੱਲੀ ਯੂਨੀਵਰਸਿਟੀ ਤੋਂ 1964 ਵਿਚ ਐਮਏ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ 1971 ਵਿੱਚ ਪਟਿਆਲਾ ਤੋਂ ਖੇਡਾਂ ਦਾ ਓਰੀਐਂਟੇਸ਼ਨ ਕੋਰਸ ਐੱਨਆਈਐੱਸ ਕੀਤਾ ਸੀ। 84 ਸਾਲਾਂ ਦੇ ਪ੍ਰਿੰਸੀਪਲ ਸਰਵਣ ਸਿੰਘ ਪਿਛਲੇ 63 ਸਾਲਾਂ ਤੋਂ ਖੇਡਾਂ ਅਤੇ ਖਿਡਾਰੀਆਂ ਬਾਰੇ ਲਿਖਦੇ ਆ ਰਹੇ ਨੇ। ਉਨ੍ਹਾਂ ਦੀਆਂ ਜ਼ਿਆਦਾਤਰ ਕਿਤਾਬਾਂ ਖੇਡਾਂ ਤੇ ਖਿਡਾਰੀਆਂ ਦੇ ਨਾਲ ਹੀ ਸਬੰਧਤ ਨੇ। ਸਾਲ 2000 ਵਿਚ ਉਹ ਸੇਵਾਮੁਕਤ ਹੋ ਗਏ ਪਰ ਉਨ੍ਹਾਂ ਨੇ ਹਾਲੇ ਤੱਕ ਵੀ ਲਿਖਣਾ ਨਹੀਂ ਛੱਡਿਆ।

ਇਕ ਜਾਣਕਾਰੀ ਅਨੁਸਾਰ ਪ੍ਰਿੰਸੀਪਲ ਸਰਵਣ ਸਿੰਘ ਨੂੰ ਇਹ ‘ਖੇਡ ਰਤਨ’ ਸਨਮਾਨ 5 ਮਾਰਚ 2023 ਨੂੰ ਪੰਜਾਬ ਦੀ ਮਿੰਨੀ ਓਲੰਪਿਕ ਵਜੋਂ ਜਾਣੀਆਂ ਜਾਂਦੀਆਂ ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡਾਂ ਹਕੀਮਪੁਰ ਵਿਖੇ ਉਨ੍ਹਾਂ ਦੀਆਂ ਖੇਡ ਸਾਹਿਤ ਜਗਤ ਦੀਆਂ ਪ੍ਰਾਪਤੀਆਂ ਅਤੇ ਲੇਖਣੀ ਕਰ ਕੇ ਦਿੱਤਾ ਗਿਆ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਸਰਵਣ ਸਿੰਘ ਨੇ ਆਪਣੇ ਇਸ ਫ਼ੈਸਲੇ ਬਾਰੇ ਬੋਲਦਿਆਂ ਆਖਿਆ ਕਿ ਸਾਰੇ ਖੇਡ ਪ੍ਰੇਮੀ, ਖੇਡ ਪ੍ਰੋਮਟਰਾਂ ਨੇ ਮਿਲ ਕੇ ਤੈਅ ਕੀਤਾ ਏ ਕਿ ਉਹ ਵਿਨੇਸ਼ ਫੋਗਾਟ ਦਾ ਵੱਧ ਤੋਂ ਵੱਧ ਸਨਮਾਨ ਕਰਨਗੇ। ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਉਹ ਦੇਸ਼ ਦੀ ਇਸ ਬੱਚੀ ਨੂੰ ਆਪਣਾ ਖੇਡ ਰਤਨ ਪੁਰਸਕਾਰ ਦੇਣਾ ਚਾਹੁੰਦੇ ਨੇ ਕਿ ਕਿਉਂਕਿ ਉਸ ਦਾ ਅਸਲੀ ਗੋਲਡ ਮੈਡਲ ਗੰਦੀ ਸਿਆਸਤ ਦੀ ਭੇਂਟ ਚੜ੍ਹ ਗਿਆ। ਉਨ੍ਹਾਂ ਆਖਿਆ ਕਿ ਵਿਨੇਸ਼ ਇਕ ਅਜਿਹੀ ਭਲਵਾਨ ਐ, ਜਿਸ ਨੇ ਕਈ ਹੋਰਨਾਂ ਕੁੜੀਆਂ ਲਈ ਸੰਘਰਸ਼ ਕੀਤਾ ਅਤੇ ਆਪਣੇ ਕਈ ਸਾਲ ਕੁਸ਼ਤੀ ਦੇ ਨਾਂਅ ਕਰ ਦਿੱਤੇ ਪਰ ਜਦੋਂ ਉਹ ਆਪਣੇ ਕਰੀਅਰ ਦੇ ਸਭ ਤੋਂ ਸ਼ਿਖ਼ਰਲੇ ਮੁਕਾਮ ’ਤੇ ਪੁੱਜੀ ਤਾਂ ਉਸ ਦੇ ਨੂੰ ਕੋਝੀ ਸਿਆਸਤ ਦਾ ਸ਼ਿਕਾਰ ਬਣਾ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਮੇਰੇ ਵੱਲੋਂ ਦਿੱਤਾ ਗਿਆ ਸਨਮਾਨ ਤਾਂ ਸਿਰਫ਼ ਟੋਕਨ ਐ, ਅਸੀਂ ਵਿਨੇਸ਼ ਦੇ ਲਈ ਹੋਰ ਵੀ ਕੁਝ ਵੱਡਾ ਕਰਨ ਦੀ ਸੋਚ ਰਹੇ ਹਾਂ।

ਦੱਸ ਦਈਏ ਕਿ ਪੈਰਿਸ ਓਲੰਪਿਕਸ ਦੇ ਫਾਈਨਲ ਮੁਕਾਬਲੇ ਵਾਲੇ ਦਿਨ ਸਵੇਰੇ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਭਾਰ ਜ਼ਿਆਦਾ ਹੋਣ ਕਰ ਕੇ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਵਿਨੇਸ਼ ਨਾਲ ਵਾਪਰੀ ਇਸ ਘਟਨਾ ’ਤੇ ਜਿੱਥੇ ਸਾਰੇ ਭਾਰਤ ਵਾਸੀਆਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਐ, ਉਥੇ ਹੀ ਇਸ ਮਾਮਲੇ ਨੂੰ ਲੈ ਕੇ ਦੇਸ਼ ਵਿਚ ਪੂਰੀ ਤਰ੍ਹਾਂ ਸਿਆਸਤ ਵੀ ਗਰਮਾਈ ਹੋਈ ਐ। ਵਿਨੇਸ਼ ਫੋਗਾਟ ਦੇ ਦਿਲ ’ਤੇ ਜੋ ਬੀਤੀ ਐ, ਉਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦੈ ਕਿ ਫਾਈਨਲ ਮੁਕਾਬਲੇ ਵਿਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਸ ਨੇ ਇਹ ਕਹਿੰਦਿਆਂ ਕੁਸ਼ਤੀ ਨੂੰ ਅਲਵਿਦਾ ਆਖ ਦਿੱਤਾ ਕਿ ‘‘ਕੁਸ਼ਤੀ ਜਿੱਤ ਗਈ, ਉਹ ਹਾਰ ਗਈ।


Tags:    

Similar News