ਹੁਣ ਗਿੱਦੜਬਾਹਾ ਸੀਟ ’ਤੇ ਫਸਣਗੇ ਕੁੰਡੀਆਂ ਦੇ ਸਿੰਗ
ਪੰਜਾਬ ਵਿਚ ਭਾਵੇਂ ਹਾਲੇ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋਇਆ ਪਰ ਇਸ ਤੋਂ ਪਹਿਲਾਂ ਹੀ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਹੋ ਚੁੱਕੀਆਂ ਨੇ। ਇਸ ਸਮੇਂ ਗਿੱਦੜਬਾਹਾ ਦੀ ਸੀਟ ਕਾਫ਼ੀ ਚਰਚਾ ਵਿਚ ਆਈ ਹੋਈ ਐ, ਜਿਸ ’ਤੇ ਸਾਰੀਆਂ ਪਾਰਟੀਆਂ ਦੀ ਨਿਗ੍ਹਾ ਟਿਕੀ ਹੋਈ ਐ ਕਿਉਂਕਿ ਇਸ ਸੀਟ ’ਤੇ ਹੋਣ ਵਾਲੀ ਚੋਣ ਕਾਫ਼ੀ ਰੌਚਕ ਹੁੰਦੀ ਦਿਖਾਈ ਦੇ ਰਹੀ ਐ।;
ਚੰਡੀਗੜ੍ਹ : ਪੰਜਾਬ ਵਿਚ ਭਾਵੇਂ ਹਾਲੇ ਉਪ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋਇਆ ਪਰ ਇਸ ਤੋਂ ਪਹਿਲਾਂ ਹੀ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਹੋ ਚੁੱਕੀਆਂ ਨੇ। ਇਸ ਸਮੇਂ ਗਿੱਦੜਬਾਹਾ ਦੀ ਸੀਟ ਕਾਫ਼ੀ ਚਰਚਾ ਵਿਚ ਆਈ ਹੋਈ ਐ, ਜਿਸ ’ਤੇ ਸਾਰੀਆਂ ਪਾਰਟੀਆਂ ਦੀ ਨਿਗ੍ਹਾ ਟਿਕੀ ਹੋਈ ਐ ਕਿਉਂਕਿ ਇਸ ਸੀਟ ’ਤੇ ਹੋਣ ਵਾਲੀ ਚੋਣ ਕਾਫ਼ੀ ਰੌਚਕ ਹੁੰਦੀ ਦਿਖਾਈ ਦੇ ਰਹੀ ਐ। ਇਸ ਸੀਟ ਲਈ ਜਿੱਥੇ ਵਾਰਿਸ ਪੰਜਾਬ ਦੇ ਫਾਊਂਡਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਚੋਣ ਮੈਦਾਨ ਵਿਚ ਉਤਰ ਚੁੱਕੇ ਨੇ, ਉਥੇ ਹੀ ਸੁਖਰਾਜ ਸਿੰਘ ਨਿਆਮੀਵਾਲਾ ਵੱਲੋਂ ਵੀ ਇਸ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਏ, ਜਦਕਿ ਬਾਕੀ ਚਾਰ ਸਿਆਸੀ ਪਾਰਟੀਆਂ ਪਹਿਲਾਂ ਹੀ ਸਰਗਰਮ ਨੇ।
ਪੰਜਾਬ ਵਿਚ ਉਪ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੰਸਦੀ ਚੋਣ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਅਕਾਲੀ ਦਲ ਵੱਲੋਂ ਇਸ ਸੀਟ ’ਤੇ ਪ੍ਰਚਾਰ ਦੀ ਕਮਾਨ ਹਰਸਿਮਰਤ ਕੌਰ ਬਾਦਲ ਦੇ ਹੱਥ ਵਿਚ ਦਿੱਤੀ ਗਈ ਐ ਜਦਕਿ ਪਹਿਲਾਂ ਸੁਖਬੀਰ ਬਾਦਲ ਵੱਲੋਂ ਇੱਥੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ। ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਜ਼ਿੰਮੇਵਾਰੀ ਹੁਣ ਹਰਸਿਮਰਤ ਬਾਦਲ ਨੂੰ ਸੌਂਪੀ ਗਈ ਐ।
ਹਲਕਾ ਗਿੱਦੜਬਾਹਾ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਗੜ੍ਹ ਰਿਹਾ ਏ, ਹੁਣ ਅਕਾਲੀ ਦਲ ਮੁੜ ਤੋਂ ਇਸ ਸੀਟ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਏ। ਹਰਸਿਮਰਤ ਬਾਦਲ ਦੇ ਨਾਲ ਨਾਲ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਇਕਬਾਲ ਸਿੰਘ ਝੂੰਦਾ ਨੂੰ ਬਰਨਾਲਾ ਸ਼ਹਿਰੀ ਅਤੇ ਦਿਹਾਤੀ ਦੀ ਜ਼ਿੰਮੇਵਾਰੀ ਸੌਂਪੀ ਗਈ ਐ। ਸੁਖਬੀਰ ਬਾਦਲ ਦੇ ਕਰੀਬੀ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਆਪ ਵਿਚ ਜਾਣ ਤੋਂ ਬਾਅਦ ਅਕਾਲੀ ਦਲ ਲਈ ਇੱਥੇ ਚੁਣੌਤੀਆਂ ਹੋਰ ਜ਼ਿਆਦਾ ਵਧ ਚੁੱਕੀਆਂ ਨੇ।
ਉਧਰ ਵਾਰਿਸ ਪੰਜਾਬ ਜਥੇਬੰਦੀ ਦੇ ਫਾਊਂਡਰ ਮਰਹੂਮ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਵੀ ਸਿਆਸਤ ਵਿਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਨੇ, ਜਿਨ੍ਹਾਂ ਵੱਲੋਂ ਗਿੱਦੜਬਾਹਾ ਤੋਂ ਚੋਣ ਲੜਨ ਦੀ ਤਿਆਰੀ ਕੀਤੀ ਜਾ ਰਹੀ ਐ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਮਨਦੀਪ ਸਿੱਧੂ ਵੱਲੋਂ ਗਿੱਦੜਬਾਹਾ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਭਾਵੇਂ ਕਿ ਮਨਦੀਪ ਸਿੱਧੂ ਨੇ ਹਾਲੇ ਤੱਕ ਇਸ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਪਰ ਬੀਤੇ ਦਿਨੀਂ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਇਕ ਇੰਟਰਵਿਊ ਦੌਰਾਨ ਐਲਾਨ ਕੀਤਾ ਜਾ ਚੁੱਕਿਆ ਏ ਕਿ ਮਨਦੀਪ ਸਿੰਘ ਸਿੱਧੂ ਗਿੱਦੜਬਾਹਾ ਤੋਂ ਚੋਣ ਲੜਨਗੇ।
ਇਸ ਤੋਂ ਇਲਾਵਾ ਬਰਗਾੜੀ ਇਨਸਾਫ਼ ਮੋਰਚਾ ਲਗਾਉਣ ਵਾਲੇ ਸੁਖਰਾਜ ਸਿੰਘ ਨਿਆਮੀ ਵਾਲਾ ਵੱਲੋਂ ਵੀ ਗਿੱਦੜਬਾਹਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਏ। ਸੁਖਰਾਜ ਸਿੰਘ ਬਹਿਬਲ ਕਲਾਂ ਵਿਚ 14 ਅਕਤੂਬਰ 2015 ਨੂੰ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿਚ ਬੇਅਦਬੀ ਦੀ ਘਟਨਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਨੇ।
ਸੁਖਰਾਜ ਸਿੰਘ ਨੇ ਬੀਤੇ ਦਿਨੀਂ ਇਹ ਐਲਾਨ ਕਰਦਿਆਂ ਆਖਿਆ ਸੀ ਕਿ ਅਸੀਂ ਪਿਛਲੇ 9 ਸਾਲਾਂ ਤੋਂ ਇਨਸਾਫ਼ ਦਾ ਇੰਤਜ਼ਾਰ ਕਰਦੇ ਆ ਰਹੇ ਆਂ। ਸੁਖਰਾਜ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਦੀ ਹੱਤਿਆ ਸ਼ਾਂਤੀਪੂਰਨ ਪ੍ਰਦਰਸ਼ਨ ਦੌਰਾਨ ਕੀਤੀ ਗਈ ਸੀ ਪਰ ਤਿੰਨ ਸਰਕਾਰਾਂ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿਵਾ ਸਕੀਆਂ। ਉਨ੍ਹਾਂ ਇਹ ਵੀ ਕਿਹਾ ਸੀ ਕਿ ਹੁਣ ਉਹ ਦੂਜੇ ਨੇਤਾਵਾਂ ’ਤੇ ਨਿਰਭਰ ਰਹਿਣ ਦੀ ਬਜਾਏ ਸਿੱਧੇ ਵਿਧਾਨ ਸਭਾ ਵਿਚ ਸਰਕਾਰ ਤੋਂ ਸਵਾਲ ਪੁੱਛਣਾ ਚਾਹੁੰਦੇ ਨੇ।
ਉਧਰ ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਮੈਦਾਨ ਵਿਚ ਉਤਾਰਿਆ ਜਾ ਰਿਹਾ ਏ, ਜਿਸ ਦੇ ਜ਼ਰੀਏ ਸੀਐਮ ਭਗਵੰਤ ਮਾਨ ਇਕ ਤੀਰ ਦੇ ਨਾਲ ਦੋ ਨਿਸ਼ਾਨੇ ਲਗਾਉਣਾ ਚਾਹੁੰਦੇ ਨੇ। ਡਿੰਪੀ ਢਿੱਲੋਂ ਜ਼ਰੀਏ ਇਕ ਤਾਂ ਅਕਾਲੀ ਦਲ ਨੂੰ ਤਿੱਖਾ ਜਵਾਬ ਦੇਣ ਦੀ ਤਿਆਰੀ ਐ, ਦੂਜਾ ਰਾਜਾ ਵੜਿੰਗ ਨੂੰ,,, ਕਿਉਂਕਿ ਡਿੰਪੀ ਢਿੱਲੋਂ ਕਈ ਵਾਰ ਰਾਜਾ ਵੜਿੰਗ ਦੇ ਖ਼ਿਲਾਫ਼ ਚੋਣ ਲੜ ਚੁੱਕਿਆ ਏ।
ਸੋ ਇਸ ਵਾਰ ਇਕੱਲੇ ਗਿੱਦੜਬਾਹਾ ਹੀ ਨਹੀਂ ਬਲਕਿ ਬਾਕੀ ਹੋਰ ਤਿੰਨ ਉਪ ਚੋਣਾਂ ’ਤੇ ਹੋਣ ਵਾਲੇ ਮੁਕਾਬਲੇ ਵੀ ਕਾਫ਼ੀ ਦਿਲਚਸਪ ਹੋਣ ਦੀ ਉਮੀਦ ਐ ਕਿਉਂਕਿ ਇਸ ਵਾਰ ਜਿੱਥੇ ਚਾਰ ਮੁੱਖ ਸਿਆਸੀ ਪਾਰਟੀਆਂ ਚੋਣਾਂ ਵਿਚ ਥਾਪ ਠੋਕ ਰਹੀਆਂ ਨੇ, ਉਥੇ ਹੀ ਹੁਣ ਗਰਮ ਖ਼ਿਆਲੀ ਧੜੇ ਦੇ ਆਗੂ ਵੀ ਇਨ੍ਹਾਂ ਚੋਣਾਂ ਵਿਚ ਵਧ ਚੜ੍ਹ ਕੇ ਸ਼ਮੂਲੀਅਤ ਕਰਨਗੇ ਜੋ ਪਾਰਲੀਮੈਂਟ ਚੋਣਾਂ ਵਿਚ ਮਿਲੀਆਂ ਦੋ ਸ਼ਾਨਦਾਰ ਜਿੱਤਾਂ ਤੋਂ ਕਾਫ਼ੀ ਉਤਸ਼ਾਹਿਤ ਨੇ।