ਪੁਲਿਸ ਨੇ ਮਾਮੀ-ਭਾਣਜੇ ਨੂੰ 33 ਕਰੋੜ ਦੀ ਹੈਰੋਇਨ ਨਾਲ ਕੀਤਾ ਗ੍ਰਿਫਤਾਰ

ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ‘ਚ ਸ਼ਾਮਲ ਨੈੱਟਵਰਕਾਂ ਖਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ 6.65 ਕਿਲੋ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਦੋ ਨਸ਼ਾ ਤਸਕਰਾਂ, ਜਿਨ੍ਹਾਂ ਵਿੱਚੋਂ ਇੱਕ ਮਹਿਲਾ ਹੈ, ਨੂੰ ਗ੍ਰਿਫਤਾਰ ਕੀਤਾ ਹੈ।

Update: 2024-08-08 11:25 GMT

ਫਿਰੋਜ਼ਪੁਰ: ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ‘ਚ ਸ਼ਾਮਲ ਨੈੱਟਵਰਕਾਂ ਖਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ਫਿਰੋਜ਼ਪੁਰ ਪੁਲਿਸ ਨੇ 6.65 ਕਿਲੋ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਦੋ ਨਸ਼ਾ ਤਸਕਰਾਂ, ਜਿਨ੍ਹਾਂ ਵਿੱਚੋਂ ਇੱਕ ਮਹਿਲਾ ਹੈ, ਨੂੰ ਗ੍ਰਿਫਤਾਰ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸਿਮਰਨ ਕੌਰ ਉਰਫ਼ ਇੰਦੂ (38) ਵਾਸੀ ਮੋਗਾ ਅਤੇ ਗੁਰਜੋਤ ਸਿੰਘ (28) ਵਾਸੀ ਜੈਮਲ ਵਾਲਾ ਮੋਗਾ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦਾ ਅਪਰਾਧਕ ਪਿਛੋਕੜ ਹੈ ਅਤੇ ਮੁਲਜ਼ਮ ਸਿਮਰਨ ਖਿਲਾਫ਼ ਐਨਡੀਪੀਐਸ ਐਕਟ, ਜੇਲ੍ਹ ਐਕਟ ਆਦਿ ਨਾਲ ਸਬੰਧਤ ਘੱਟੋ-ਘੱਟ 15 ਅਪਰਾਧਕ ਮਾਮਲੇ ਦਰਜ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਿਸ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਮੁਲਜ਼ਮ ਸਿਮਰਨ ਅਤੇ ਗੁਰਜੋਤ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਨਸ਼ਿਆਂ ਦੀ ਵੱਡੀ ਖੇਪ ਹਾਸਲ ਕਰਨ ਤੋਂ ਬਾਅਦ ਇਸ ਨੂੰ ਆਪਣੀ ਟੋਇਟਾ ਇਨੋਵਾ ਕਾਰ ਰਜਿਸਟ੍ਰੇਸ਼ਨ ਨੰਬਰ ਡੀਐਲ12ਸੀਸੀ6003 ਵਿੱਚ ਕਿਸੇ ਨੂੰ ਡਲਿਵਰ ਕਰਨ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸੀ.ਆਈ.ਏ.ਫਿਰੋਜ਼ਪੁਰ ਦੀਆਂ ਪੁਲਿਸ ਟੀਮਾਂ ਨੇ ਪੁਰਾਣੀ ਮੁੱਦਕੀ ਰੋਡ 'ਤੇ ਨਾਕਾ ਲਗਾ ਕੇ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਇਨੋਵਾ ਕਾਰ 'ਚ ਲੁਕਾ ਕੇ ਰੱਖੀ 6.65 ਕਿੱਲੋ ਹੈਰੋਇਨ ਸਮੇਤ 6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਵਾਹਨ ਵੀ ਜ਼ਬਤ ਕਰ ਲਿਆ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

ਹੋਰ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਤਕਨੀਕੀ ਜਾਣਕਾਰੀ ਦੇ ਆਧਾਰ ‘ਤੇ ਸੀਆਈਏ ਪੁਲਿਸ ਟੀਮ ਨੇ ਸਫ਼ਲਤਾਪੂਰਵਕ ਕਾਰਵਾਈ ਨੂੰ ਅੰਜ਼ਾਮ ਦਿੱਤਾ ਅਤੇ ਬੁੱਧਵਾਰ ਦੇਰ ਰਾਤ ਨੂੰ ਮੁਲਜ਼ਮਾਂ ਨੂੰ ਨਸ਼ਿਆਂ ਦੀ ਖੇਪ ਅਤੇ ਡਰੱਗ ਮਨੀ ਸਮੇਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਅਧਾਰਤ ਨਸ਼ਾ ਤਸਕਰ ਅਤੇ ਜਿੰਨ੍ਹਾਂ ਵਿਅਕਤੀਆਂ ਨੂੰ ਇਹ ਖੇਪ ਪਹੁੰਚਾਈ ਜਾਣੀ ਸੀ, ਦੀ ਪਛਾਣ ਲਈ ਅਗਲੇਰੀ ਜਾਂਚ ਜਾਰੀ ਹੈ।ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਐਨਡੀਪੀਐਸ ਐਕਟ ਦੀ ਧਾਰਾ 68ਐਫ ਤਹਿਤ ਗ੍ਰਿਫਤਾਰ ਕੀਤੇ ਗਏ ਤਸਕਰਾਂ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਜ਼ਬਤ ਕਰਨ ਲਈ ਵੀ ਕਾਰਵਾਈ ਜਲਦ ਸ਼ੁਰੂ ਕੀਤੀ ਜਾਵੇਗੀ। 

Tags:    

Similar News