ਅਕਾਲੀ ਦਲ ’ਚ ਹੂੰਝਾ ਫੇਰਨਗੇ ਗਿਆਨੀ ਹਰਪ੍ਰੀਤ ਸਿੰਘ!
SGPC ਦੀ ਅੰਤ੍ਰਿਗ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਪੱਕੇ ਤੌਰ ’ਤੇ ਖ਼ਤਮ ਕਰ ਦਿੱਤੀਆਂ ਗਈਆਂ ਨੇ, ਜਿਸ ਤੋਂ ਬਾਅਦ ਪੰਥਕ ਸਿਆਸਤ ਵਿਚ ਵੱਡਾ ਭੂਚਾਲ ਖੜ੍ਹਾ ਹੋ ਗਿਆ ਏ। ਫ਼ੈਸਲਾ ਸੁਣਾਉਂਦੇ ਹੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੀਟਿੰਗ ’ਚੋਂ ਇੰਝ ਰਫ਼ੂ ਚੱਕਰ ਹੋ ਗਏ, ਜਿਵੇਂ ਉਨ੍ਹਾਂ ਕੋਈ ਗ਼ਲਤ ਫ਼ੈਸਲਾ ਸੁਣਾ ਦਿੱਤਾ ਹੋਵੇ,;
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਪੱਕੇ ਤੌਰ ’ਤੇ ਖ਼ਤਮ ਕਰ ਦਿੱਤੀਆਂ ਗਈਆਂ ਨੇ, ਜਿਸ ਤੋਂ ਬਾਅਦ ਪੰਥਕ ਸਿਆਸਤ ਵਿਚ ਵੱਡਾ ਭੂਚਾਲ ਖੜ੍ਹਾ ਹੋ ਗਿਆ ਏ। ਫ਼ੈਸਲਾ ਸੁਣਾਉਂਦੇ ਹੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੀਟਿੰਗ ’ਚੋਂ ਇੰਝ ਰਫ਼ੂ ਚੱਕਰ ਹੋ ਗਏ, ਜਿਵੇਂ ਉਨ੍ਹਾਂ ਕੋਈ ਗ਼ਲਤ ਫ਼ੈਸਲਾ ਸੁਣਾ ਦਿੱਤਾ ਹੋਵੇ, ਜਦਕਿ ਪੱਤਰਕਾਰ ਬਿਆਨ ਲੈਣ ਲਈ ਆਵਾਜ਼ਾਂ ਮਾਰਦੇ ਹੀ ਰਹਿ ਗਏ। ਜਿੱਥੇ ਅਕਾਲੀ ਦਲ ਨਾਲ ਜੁੜੇ ਆਗੂ ਇਸ ਫ਼ੈਸਲੇ ਦੀ ਸ਼ਲਾਘਾ ਕਰ ਰਹੇ ਨੇ, ਉਥੇ ਹੀ ਬਹੁਤ ਸਾਰੇ ਸਿੱਖ ਆਗੂਆਂ ਵੱਲੋਂ ਇਸ ਫ਼ੈਸਲੇ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ। ਇਸੇ ਵਿਚਕਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਗਰਦ ਠਾਲਣ ਵਾਲਾ ਬਿਆਨ ਦੇ ਦਿੱਤਾ ਏ। ਦੇਖੋ ਪੂਰੀ ਖ਼ਬਰ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਖ਼ਤਮ ਕਰਨ ਤੋਂ ਬਾਅਦ ਪੰਥਕ ਸਿਆਸਤ ਵਿਚ ਵੱਡਾ ਭੂਚਾਲ ਆਉਂਦਾ ਦਿਖਾਈ ਦੇ ਰਿਹਾ ਏ। ਜਿਸ ਤਰੀਕੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹ ਫ਼ੈਸਲਾ ਸੁਣਾ ਕੇ ਮੀਟਿੰਗ ਵਾਲੀ ਥਾਂ ਤੋਂ ਜਿਸ ਤਰੀਕੇ ਬਿਨਾਂ ਮੀਡੀਆ ਨੂੰ ਮੁਖ਼ਾਤਿਬ ਹੋਏ ਨਿਕਲੇ, ਉਸ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ। ਉਧਰ ਹੁਣ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਫ਼ੈਸਲੇ ਤੋਂ ਬਾਅਦ ਵੱਡਾ ਬਿਆਨ ਦਿੱਤਾ ਗਿਆ ਏ, ਜਿਸ ਨਾਲ ਪੰਥਕ ਹਲਕਿਆਂ ਵਿਚ ਗਰਦ ਉਠਣੀ ਸ਼ੁਰੂ ਹੋ ਗਈ ਐ। ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਏ ਕਿ ਉਸ ਨੂੰ ਪਤਾ ਸੀ ਕਿ ਅਜਿਹਾ ਹੀ ਫ਼ੈਸਲਾ ਆਵੇਗਾ,, ਪਰ ਨਾਲ ਹੀ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਸਾਰੀਆਂ ਪੰਥਕ ਜਥੇਬੰਦੀਆਂ ਸਮੇਤ ਅਕਾਲੀ ਦਲ ਦੇ 80 ਫ਼ੀਸਦੀ ਲੋਕ ਉਨ੍ਹਾਂ ਦੇ ਨਾਲ ਨੇ।
ਗਿਆਨੀ ਹਰਪ੍ਰੀਤ ਸਿੰਘ ਇਸ ਬਿਆਨ ਦੇ ਕਾਫ਼ੀ ਡੂੰਘੇ ਮਤਲਬ ਕੱਢੇ ਜਾ ਰਹੇ ਨੇ। ਪੰਥਕ ਗਲਿਆਰਿਆਂ ਵਿਚ ਚਰਚਾ ਛਿੜੀ ਹੋਈ ਐ ਕਿ ਗਿਆਨੀ ਹਰਪ੍ਰੀਤ ਸਿੰਘ ਨਵੀਂ ਪਾਰਟੀ ਬਣਾ ਕੇ ਬਾਦਲ ਦਲ ਨੂੰ ਟੱਕਰ ਦੇਣ ਦੀ ਤਿਆਰੀ ਕਰ ਰਹੇ ਨੇ। ਇਹ ਖ਼ਬਰਾਂ ਹੁਣ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਨੇ। ਅੱਜ ਦੀ ਮੀਟਿੰਗ ਵਿਚ ਮੌਜੂਦ ਕਈ ਐਸਜੀਪੀਸੀ ਮੈਂਬਰਾਂ ਵੱਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਅਤੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਫ਼ੈਸਲਾ ਦੱਸਿਆ। ਐਸਜੀਪੀਸੀ ਮੈਂਬਰ ਜਸਵੰਤ ਸਿੰਘ ਪੁੜੈਣ ਨੇ ਆਖਿਆ ਕਿ ਸਾਨੂੰ ਨਹੀਂ ਪਤਾ ਕਿ ਗਿਆਨੀ ਹਰਪ੍ਰੀਤ ਸਿੰਘ ’ਤੇ ਲਗਾਏ ਦੋਸ਼ ਸਹੀ ਨੇ ਜਾਂ ਗ਼ਲਤ, ਪਰ ਸਿਧਾਂਤਕ ਗੱਲ ਇਹ ਐ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਹੱਕ ’ਚ ਬੋਲਦੇ ਰਹੇ, ਉਦੋਂ ਤੱਕ ਸਹੀ ਸੀ ਜਦੋਂ ਉਹ ਸਿਆਸੀ ਗੱਲਾਂ ਦੀ ਪੂਰਤੀ ਨਹੀਂ ਕਰਦੇ ਤਾਂ ਅਕਾਲ ਦਲ ਨੇ ਉਨ੍ਹਾਂ ਨੂੰ ਲਾਹ ਕੇ ਸੁੱਟ ਦਿੱਤਾ।
ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਸ ਜਾਂਚ ਕਮੇਟੀ ਦਾ ਵਿਰੋਧ ਕੀਤਾ ਸੀ ਪਰ ਅੱਜ ਦਾ ਫ਼ੈਸਲਾ ਅਕਾਲ ਤਖ਼ਤ ਦੇ ਉਲਟ ਲਿਆ ਗਿਆ ਏ। ਹੁਣ ਤਾਂ ਬਾਦਲਾਂ ਨੇ ਸਿੱਧਾ ਅਕਾਲ ਤਖ਼ਤ ਦੇ ਨਾਲ ਮੱਥਾ ਲਾ ਲਿਆ ਏ ਕਿਉਂਕਿ ਐਸਜੀਪੀਸੀ ਨੇ ਅੱਜ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਐ।
ਇਸੇ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਖਿਆ ਕਿ ਅੱਜ ਦਾ ਫ਼ੈਸਲਾ ਸਿੱਖ ਇਤਿਹਾਸ ਦਾ ਕਾਲਾ ਦਿਨ ਐ ਕਿਉਂਕਿ ਐਸਜੀਪੀਸੀ ਨੇ ਸ੍ਰੀ ਅਕਾਲ ਤਖ਼ਤ ਦੇ ਸਾਹਿਬ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਰੱਖ ਦਿੱਤਾ ਏ।
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਆਗੂ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫ਼ੈਸਲਾ ਬਿਲਕੁਲ ਸਹੀ ਐ ਕਿਉਂਕਿ ਜਿਹੜਾ ਜਥੇਦਾਰ ਸਿੱਖ ਮਰਿਆਦਾ ਦੇ ਉਲਟ ਜਾ ਕੇ ਕੰਮ ਕਰੇਗਾ, ਉਸ ਦੇ ਕਾਰਜਕਾਲ ਨੂੰ ਐਸਜੀਪੀਸੀ ਕਿਸ ਸਮੇਂ ਵੀ ਖ਼ਤਮ ਕਰ ਸਕਦੀ ਐ।
ਇਸੇ ਤਰ੍ਹਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਹਟਾਏ ਜਾਣ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੇਵਾਕਾਲ ਵਿਚ ਕੋਈ ਚੰਗਾ ਕੰਮ ਨਹੀਂ ਕੀਤਾ ਬਲਕਿ ਪੰਥਕ ਮਰਿਆਦਾਵਾਂ ਦੀ ਉਲੰਘਣਾ ਕੀਤੀ।
ਦੱਸ ਦਈਏ ਕਿ ਕੁੱਝ ਪੰਥਕ ਜਥੇਬੰਦੀਆਂ ਵੱਲੋਂ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਵੀ ਇਹ ਮਾਮਲਾ ਉਠਾਉਣ ਦੀ ਤਿਆਰੀ ਕੀਤੀ ਜਾ ਰਹੀ ਐ ਕਿ ਜਦੋਂ ਜਾਂਚ ਕਮੇਟੀ ਨੂੰ ਜਥੇਦਾਰ ਸਾਹਿਬ ਨੇ ਬੋਗਸ ਕਰਾਰ ਦਿੱਤਾ ਹੋਇਆ ਸੀ ਤਾਂ ਫਿਰ ਉਹ ਕਮੇਟੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਿਵੇਂ ਕਰ ਸਕਦੀ ਐ ਅਤੇ ਫਿਰ ਉਸੇ ਜਾਂਚ ਦੇ ਆਧਾਰ ’ਤੇ ਉਨ੍ਹਾਂ ਦੀਆਂ ਸੇਵਾਵਾਂ ਕਿਵੇਂ ਖ਼ਤਮ ਕੀਤੀਆਂ ਜਾ ਸਕਦੀਆਂ ਨੇ? ਖ਼ੈਰ,,, ਇਸ ਮਾਮਲੇ ’ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੀ ਫ਼ੈਸਲਾ ਸੁਣਾਉਣਗੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।