“ਚਰਚਾ 'ਚ ਪੰਚਾਇਤੀ ਮਤਾ”
ਕੁਝ ਮਹੀਨੇ ਪਹਿਲਾਂ ਪੰਜਾਬ 'ਚ ਪੰਚਾਇਤੀ ਚੋਣਾਂ ਹੋਕੇ ਹਟੀਆਂ ਨੇ,ਬਹੁਤ ਵੱਡੇ ਪੱਧਰ ਤੇ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਰਹੀਆਂ ਇਹ ਚੋਣਾਂ। ਕਦੇ ਖ਼ਬਰ ਲੱਗੀ ਕਿ ਫਲਾਣੇ ਪਿੰਡ ਦੇ ਸਰਪੰਚ ਨੇ 20 ਲੱਖ ਦੀ ਬੋਲੀ ਲਾ ਕੇ ਸਰਪੰਚੀ ਲੈ ਲਈ,ਕਦੇ ਖ਼ਬਰ ਆਈ ਕਿ 40 ਲੱਖ ਲਾ ਕੇ ਬੋਲੀ ਲਾਈ ਗਈ ਸਰਪੰਚੀ ਦੀ ਤੇ ਕਈ ਥਾਵਾਂ ਤੋਂ ਇਸ ਬੋਲੀ ਦੀ ਰਕਮ 2 ਕਰੋੜ ਤੱਕ ਵੀ ਪੁੱਜੀ ਤੇ ਫਿਰ ਬਾਅਦ 'ਚ ਇਹ ਵੀ ਜਾਣਕਾਰੀਆਂ ਮਿਲੀਆਂ ਕਿ ਕਈ ਬੋਲੀ ਲਾਉਣ ਵਾਲੇ ਪੁਲਿਸ ਦੇ ਵਲੋਂ ਲੰਮੇਂ ਹੱਥੀਂ ਵੀ ਲਏ ਗਏ।
ਚੰਡੀਗੜ੍ਹ (ਸ਼ੇਰਗਿੱਲ) : ਕੁਝ ਮਹੀਨੇ ਪਹਿਲਾਂ ਪੰਜਾਬ 'ਚ ਪੰਚਾਇਤੀ ਚੋਣਾਂ ਹੋਕੇ ਹਟੀਆਂ ਨੇ,ਬਹੁਤ ਵੱਡੇ ਪੱਧਰ ਤੇ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਰਹੀਆਂ ਇਹ ਚੋਣਾਂ। ਕਦੇ ਖ਼ਬਰ ਲੱਗੀ ਕਿ ਫਲਾਣੇ ਪਿੰਡ ਦੇ ਸਰਪੰਚ ਨੇ 20 ਲੱਖ ਦੀ ਬੋਲੀ ਲਾ ਕੇ ਸਰਪੰਚੀ ਲੈ ਲਈ,ਕਦੇ ਖ਼ਬਰ ਆਈ ਕਿ 40 ਲੱਖ ਲਾ ਕੇ ਬੋਲੀ ਲਾਈ ਗਈ ਸਰਪੰਚੀ ਦੀ ਤੇ ਕਈ ਥਾਵਾਂ ਤੋਂ ਇਸ ਬੋਲੀ ਦੀ ਰਕਮ 2 ਕਰੋੜ ਤੱਕ ਵੀ ਪੁੱਜੀ ਤੇ ਫਿਰ ਬਾਅਦ 'ਚ ਇਹ ਵੀ ਜਾਣਕਾਰੀਆਂ ਮਿਲੀਆਂ ਕਿ ਕਈ ਬੋਲੀ ਲਾਉਣ ਵਾਲੇ ਪੁਲਿਸ ਦੇ ਵਲੋਂ ਲੰਮੇਂ ਹੱਥੀਂ ਵੀ ਲਏ ਗਏ।
ਚਲੋ ਆਪਾਂ ਏਧਰਲੇ ਪਾਸੇ ਨੂੰ ਨਹੀਂ ਜਾਂਦੇ ਪਰ ਗੱਲ ਕਰਾਂਗੇ ਕਿ ਆਖ਼ਰ ਕਿਉਂ ਸਰਪੰਚ ਬਣਨ ਦੀ ਚਾਹਤ ਪੈਸੇ ਦੀ ਬਰਬਾਦੀ ਵੀ ਕਰਵਾਉਂਦੀ ਹੈ ਤੇ ਪਰਚਿਆਂ ਤੇ ਕਤਲਾਂ ਤੱਕ ਦੇ ਕਾਰਨ ਵੀ ਬਣਦੀ ਹੈ ਪਰ ਇਹ ਸਭ ਕਰਨ ਤੋਂ ਬਾਅਦ ਵੀ ਸਰਪੰਚ ਦੇ ਜੋ ਅਸਲ ਕੰਮ ਹੁੰਦੇ ਨੇ ਉਹ ਭਲਾ ਇਹਨਾਂ ਲੋਕਾਂ ਦੇ ਵਲੋਂ ਕੀਤੇ ਜਾਂਦੇ ਵੀ ਨੇ ਜਾਂ ਨਹੀਂ ?
ਪਰ ਪੰਚਾਇਤ ਦੇ ਵਲੋਂ ਜਿਹੜੀਆਂ ਜਿੰਮੇਵਾਰੀਆਂ ਨਿਭਾਵਾਂਗੇ ਦਾ ਵਾਅਦਾ ਕਰਕੇ ਸੌਂਹ ਚੁੱਕੀ ਜਾਂਦੀ ਹੈ ਉਸ ਚੁੱਕੀ ਗਈ ਸੌਂਹ 'ਤੇ ਲੱਤ ਕੋਈ-ਕੋਈ ਪੰਚਾਇਤ ਹੀ ਲਾਉਂਦੀ ਹੈ, ਪਰ ਇੱਕ ਮਿਸਾਲੀ ਕੰਮ ਇਸ ਪਿੰਡ ਦੀ ਪੰਚਾਇਤ ਦੇ ਵਲੋਂ ਕੀਤਾ ਗਿਆ ਹੈ ਜਿਸਦੀ ਸਰਾਹਣਾ ਕਰਨੀ ਤਾਂ ਬਿਲਕੁਲ ਬਣਦੀ ਹੈ।
ਇਸ ਪਿੰਡ ਹੈ ਜੀ ਮਾਨਸਾ ਬਠਿੰਡਾ ਇਲਾਕੇ ਦਾ ਭੂੰਦੜ,ਜਿੱਥੇ ਦੀ ਪੰਚਾਇਤ ਨੇ ਮਤਾ ਪਾ ਕੇ ਕੁਝ ਅਜਿਹੇ ਫ਼ੈਸਲੇ ਕੀਤੇ ਨੇ ਜਿਨ੍ਹਾਂ ਨਾਲ ਅੱਜ ਤਾਂ ਭਾਵੇਂ ਪਿੰਡ ਦੇ ਕਿਸੇ ਬਾਸ਼ਿੰਦੇ ਨੂੰ ਦਿੱਕਤ ਹੋਵੇ ਪਰ ਆਉਣ ਵਾਲੇ ਸਮੇਂ 'ਚ ਉਸਦੇ ਵਲੋਂ ਜ਼ਰੂਰ ਕੀਤੇ ਇਹਨਾਂ ਫ਼ੈਸਲਿਆਂ ਦਾ ਧੰਨਵਾਦ ਕੀਤਾ ਜਾਵੇਗਾ ਕਿਉਂਕਿ ਇਹ ਮਤਾ ਪਾ ਕੇ ਕੀਤੇ ਫ਼ੈਸਲੇ ਸਾਡੇ ਆਉਣ ਵਾਲੇ ਬੱਚਿਆਂ ਦੇ ਭਵਿੱਖ 'ਤੇ ਬਹੁਤ ਹਾਂ ਪੱਖੀ ਅਸਰ ਪਾਉਣਗੇ।
ਪੰਚਾਇਤ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਪਿੰਡ 'ਚ ਕਿਸੇ ਦਾ ਕੋਈ ਮਸਲਾ ਮੁਫ਼ਾਦ ਹੋ ਜਾਂਦਾ ਹੈ ਕਿਸੇ ਕਾਰਨ ਤਾਂ ਉਸਦਾ ਫ਼ੈਸਲਾ ਪੰਚਾਇਤ 'ਚ ਹੀ ਕੀਤਾ ਜਾਵੇ ਤੇ ਜੇਕਰ ਕੋਈ ਪੰਚਾਇਤ ਤੋਂ ਬਾਗ਼ੀ ਹੋ ਕੇ ਥਾਣੇ ਤੱਕ ਆਪਣਾ ਮਸਲਾ ਲੈ ਕੇ ਜਾਂਦਾ ਹੈ ਤਾਂ ਐਸੀ ਸੂਰਤ 'ਚ ਪੰਚਾਇਤ ਫ਼ਿਰ ਇਸ ਮਾਮਲੇ 'ਚ ਕੋਈ ਸਹਾਇਤਾ ਨਹੀਂ ਕਰੇਗੀ ਇਸ ਨਾਲ ਪਿੰਡ ਦੇ ਲੋਕਾਂ ਦਾ ਆਪਸੀ ਵਿਹਾਰ ਸੁਧਰੇਗਾ ।
ਦੂਜਾ ਫ਼ੈਸਲਾ ਹੈ ਕਿ ਪਿੰਡ 'ਚ ਕਿਸੇ ਵੀ ਪ੍ਰਵਾਸੀ ਦੀ ਵੋਟ ਨਹੀਂ ਬਣਾਈ ਜਾਵੇਗੀ ਹਾਂ ਕੋਈ ਵੀ ਪ੍ਰਵਾਸੀ ਆ ਕੇ ਆਪਣੀ ਮਿਹਨਤ ਮੁਸ਼ੱਕਤ ਕਰ ਸਕਦਾ ਹੈ ।
ਤੀਜੀ ਗੱਲ ਕਿਸੇ ਵੀ ਵਿਅਕਤੀ ਦੇ ਵਲੋਂ ਜੇਕਰ ਨਸ਼ਾ ਵੇਚਿਆ ਗਿਆ ਤਾਂ ਪੰਚਾਇਤ ਦੇ ਵਲੋਂ ਉਸਦੇ ਉੱਪਰ ਖ਼ੁਦ ਪੁਲਿਸ ਨੂੰ ਸੂਚਿਤ ਕੀਤਾ ਜਾਵੇਗਾ ਤੇ ਕਾਰਵਾਈ ਕਾਰਵਾਈ ਜਾਵੇਗੀ ਤੇ ਕਿਸੇ ਵੀ ਪੰਚਾਇਤ ਮੈਂਬਰ ਵਲੋਂ ਉਸਦੇ ਹੱਕ 'ਚ ਆਕੇ ਉਸਦੀ ਸਹਾਇਤਾ ਕੀਤੀ ਗਈ ਤਾਂ ਉਸ ਦਾ ਪਿੰਡ ਵਲੋਂ ਪੂਰਨ ਬਾਈਕਾਟ ਕੀਤਾ ਜਾਵੇਗਾ ।
ਅਗਲਾ ਅਹਿਮ ਤੇ ਖ਼ਾਸ ਫ਼ੈਸਲਾ ਇਹ ਕੀਤਾ ਗਿਆ ਹੈ ਕਿਸੇ ਵੀ ਦੁਕਾਨ 'ਤੇ ਕੋਈ ਵੀ ਨਸ਼ੇ ਵਾਲੀ ਚੀਜ਼ ਨਹੀਂ ਵੇਚੀ ਜਾਵੇਗੀ ਤੇ ਜੇਕਰ ਕੋਈ ਵਿਅਕਤੀ ਤੰਬਾਕੂ,ਸਿਗਰੇਟ ਜਾਂ ਹੋਰ ਕੋਈ ਚੀਜ਼ ਇਹੋ ਜਿਹੀ ਵੇਚਦਾ ਪਾਇਆ ਗਿਆ ਤਾਂ ਉਸਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ।
ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਲੋੜੀਂਦੇ ਫ਼ੈਸਲੇ ਇਸ ਪੰਚਾਇਤ ਦੇ ਵਲੋਂ ਕੀਤੇ ਗਏ ਨੇ ਜਿਨ੍ਹਾਂ ਦੀ ਲੋੜ ਪੰਜਾਬ ਦੇ ਇਹਨਾਂ 13 ਹਜ਼ਾਰ ਤੋਂ ਉੱਪਰ ਸਾਰਿਆਂ ਪਿੰਡਾਂ ਨੂੰ ਵੀ ਲਾਜ਼ਮੀ ਕਰਨੇ ਚਾਹੀਦੇ ਨੇ,ਬਹੁਤ ਬਹੁਤ ਮੁਬਾਰਕਬਾਦ ਇਸ ਪਿੰਡ ਦੀ ਪੰਚਾਇਤ ਨੂੰ ਇਸ ਉਮਦਾ ਉਪਰਾਲੇ ਵਾਸਤੇ ਤੇ ਸਰਪੰਚ ਸਰਬਜੀਤ ਕੌਰ ਹੁਰਾਂ ਵਲੋਂ ਇਹਨਾਂ ਲਏ ਗਏ ਹਲਫ਼ਾਂ 'ਤੇ ਕਾਇਮ ਵੀ ਰਿਹਾ ਜਾਏਗਾ ਇਸਦੀ ਵੀ ਅਸੀਂ ਕਾਮਨਾ ਕਰਦੇ ਹਾਂ।