ਪਾਰਟੀ ਦੇ ਕਹਿਣ ’ਤੇ ਮੈਂ ਸਾਰਾ ਕੁੱਝ ਆਪਣਾ ਝੋਲੀ ਪਵਾਇਆ : ਸੁਖਬੀਰ ਬਾਦਲ

ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਅਤੇ ਮਾਤਾ ਭਾਗ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਾਘੀ ਮੇਲੇ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਘੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੁਖਬੀਰ ਬਾਦਲ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਸ਼ਾਮਲ ਹੋਏ।;

Update: 2025-01-14 11:00 GMT

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਅਤੇ ਮਾਤਾ ਭਾਗ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਾਘੀ ਮੇਲੇ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਘੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੁਖਬੀਰ ਬਾਦਲ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਸ਼ਾਮਲ ਹੋਏ। ਲੋਕਾਂ ਦਾ ਭਾਰੀ ਇਕੱਠ ਵਾਲੀ ਅਕਾਲੀ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਵਿਰੋਧੀਆਂ ’ਤੇ ਜਮ ਕੇ ਤਿੱਖੇ ਨਿਸ਼ਾਨੇ ਸਾਧੇ ਗਏ।

ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਘੀ ਕਾਨਫਰੰਸ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋ ਦਸੰਬਰ ਨੂੰ ਹੋਏ ਘਟਨਾਕ੍ਰਮ ’ਤੇ ਬੋਲਦਿਆਂ ਆਖਿਆ ਕਿ ਪਿਛਲੇ 10 ਸਾਲਾਂ ਤੋਂ ਸਾਡੇ ’ਤੇ ਇਲਜ਼ਾਮ ’ਤੇ ਇਲਜ਼ਾਮ ਲਗਾ ਕੇ ਸਿਆਸਤ ਕੀਤੀ ਜਾ ਰਹੀ ਸੀ, ਸਿੱਖ ਕੌਮ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ, ਭਾਵੇਂ ਸਾਡੇ ਕੋਲ ਸਾਰੇ ਸਵਾਲਾਂ ਦੇ ਜਵਾਬ ਸੀ, ਪਰ ਫਿਰ ਵੀ ਪਾਰਟੀ ਦੇ ਕਹਿਣ ’ਤੇ ਉਨ੍ਹਾਂ ਨੇ ਸਾਰਾ ਕੁੱਝ ਆਪਣੀ ਝੋਲੀ ਵਿਚ ਪਵਾ ਲਿਆ। ਉਨ੍ਹਾਂ ਆਖਿਆ ਕਿ ਸਾਡੇ ਵਿਰੋਧੀਆਂ ਨੂੰ ਇਸ ਤੋਂ ਬਾਅਦ ਵੀ ਸਬਰ ਨਹੀਂ ਹੋਇਆ, ਫਿਰ ਉਹ ਸਾਨੂੰ ਜਾਨੋਂ ਮਾਰਨ ਦੀਆਂ ਸਕੀਮਾਂ ਲਗਾਉਣ ਲੱਗ ਗਏ ਪਰ ਸਾਨੂੰ ਗੁਰੂ ਸਾਹਿਬ ਨੇ ਬਚਾਅ ਲਿਆ।

Full View

ਸੁਖਬੀਰ ਬਾਦਲ ਨੇ ਅੱਗੇ ਬੋਲਦਿਆਂ ਜਿੱਥੇ ਆਪਣੇ ਮਰਹੂਮ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਕਾਰਗੁਜ਼ਾਰੀ ਦੀਆਂ ਤਾਰੀਫ਼ਾਂ ਕੀਤੀਆਂ, ਉਥੇ ਹੀ ਉਨ੍ਹਾਂ ਆਖਿਆ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ, ਅਕਾਲੀ ਦਲ ਨੇ ਦਿੱਤੀਆਂ,,,ਪਰ ਪੰਜਾਬ ਵਿਰੋਧੀ ਤਾਕਤਾਂ ਨੂੰ ਪਤਾ ਹੈ ਕਿ ਪੰਜਾਬ ’ਤੇ ਕਾਬਜ਼ ਤਾਂ ਹੀ ਹੋ ਸਕਾਂਗੇ ਜਦੋਂ ਅਕਾਲੀ ਦਲ ਖ਼ਤਮ ਹੋਵੇਗਾ, ਬਾਦਲ ਪਰਿਵਾਰ ਖ਼ਤਮ ਹੋਵੇਗਾ, ਜਿਸ ਕਰਕੇ ਸਾਡੇ ’ਤੇ ਹਰ ਕਿਸਮ ਦਾ ਹੱਥਕੰਡਾ ਅਪਣਾਇਆ ਜਾ ਰਿਹਾ ਏ।


ਇਸ ਦੌਰਾਨ ਸੁਖਬੀਰ ਬਾਦਲ ਨੇ ਅੰਮ੍ਰਿਤਪਾਲ ਸਿੰਘ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਆਖਿਆ ਕਿ ਸਾਨੂੰ ਹਰ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ, ਇਹ ਜਿਹੜੇ ਨਵੀਂ ਦੁਕਾਨ ਸ਼ੁਰੂ ਕਰਨ ਲੱਗੇ ਆਂ, ਉਹ ਨਸ਼ਾ ਛੁਡਾਉਣ ਦੀਆਂ ਗੱਲਾਂ ਕਰਦੇ ਸੀ ਪਰ ਉਨ੍ਹਾਂ ਦੇ ਆਪਣੇ ਪਰਿਵਾਰ ਦਾ ਬੰਦਾ ਹੀ ਨਸ਼ੇ ਵਿਚ ਫੜਿਆ ਗਿਆ। ਉਨ੍ਹਾਂ ਆਖਿਆ ਕਿ ਸਾਨੂੰ ਅਜਿਹੇ ਲੋਕਾਂ ਤੋਂ ਬਚਣ ਦੀ ਲੋੜ ਐ ਜੋ ਥੋਡੇ ਮੋਢੇ ’ਤੇ ਬੰਦੂਕ ਰੱਖ ਕੇ ਚਲਾਉਣ ਨੂੰ ਫਿਰਦੇ ਆ।


ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪੰਥ ਵਿਰੋਧੀ ਤਾਕਤਾਂ ਹੱਥ ਧੋ ਕੇ ਸਾਡੇ ਪਿੱਛੇ ਪਈਆਂ ਸੀ ਕਿ ਅਕਾਲੀ ਦਲ ਅਤੇ ਬਾਦਲਾਂ ਦਾ ਨਾਮ ਖ਼ਤਮ ਕਰ ਦਿਓ। ਉਨ੍ਹਾਂ ਆਖਿਆ ਕਿ 104 ਸਾਲ ਪੁਰਾਣੀ ਪਾਰਟੀ ਵਿਚ ਬਾਪੂ ਬਾਦਲ ਨੇ 70 ਸਾਲ ਤੱਕ ਸੇਵਾ ਕੀਤੀ ਅਤੇ ਕਿਸੇ ਨੂੰ ਕਦੇ ਕੋਈ ਮਾੜਾ ਸ਼ਬਦ ਨਹੀਂ ਬੋਲਿਆ।

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਘੀ ਕਾਨਫਰੰਸ ਵਿਚ ਕਾਫ਼ੀ ਇਕੱਠ ਦੇਖਣ ਨੂੰ ਮਿਲਿਆ ਅਤੇ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਦੌਰਾਨ ਵੀ ਬੋਲੇ ਸੋ ਨਿਹਾਲ ਦੇ ਜੈਕਾਰੇ ਸੁਣਾਈ ਦਿੱਤੇ।


Tags:    

Similar News