ਹੁਣ ਫ਼ਿਲਮਾਂ ਅਤੇ ਟੀਵੀ ਸੀਰੀਅਲ 'ਚ ਨਹੀਂ ਦਿਖਾਇਆ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਫ਼ਿਲਮਾਂ ਅਤੇ ਟੀਵੀ ਸੀਰੀਅਲ 'ਚ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਨਹੀਂ ਦਿਖਾਇਆ ਜਾਵੇਗਾ।
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਫ਼ਿਲਮਾਂ ਅਤੇ ਟੀਵੀ ਸੀਰੀਅਲ 'ਚ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਨਹੀਂ ਦਿਖਾਇਆ ਜਾਵੇਗਾ। ਇਸ ਮਾਮਲੇ 'ਤੇ ਜਲਦ ਪੰਜੇ ਤਖ਼ਤਾਂ ਦੇ ਜਥੇਦਾਰਾਂ ਦੀ ਬੈਠਕ ਹੋ ਸਕਦੀ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਜਲਦ ਫ਼ੈਸਲਾ ਜਾਰੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਵੀ ਇਸ ਸਬੰਧ ਵਿੱਚ ਸਖ਼ਤ ਤਾੜਨਾ ਕੀਤੀ ਗਈ ਹੈ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਫ਼ਿਲਮਾਂ ਬਣਾਉਣ ਵਾਲੇ ਤੇ ਡਰਾਮੇ ਬਣਾਉਣ ਵਾਲਿਆਂ ਨੂੰ ਇਸ ਸੰਬੰਧ ਵਿੱਚ ਤਾੜਨਾ ਕੀਤੀ ਗਈ ਹੈ ਕਿ ਕੋਈ ਵੀ ਸ਼ੂਟਿੰਗ ਦੇ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਆਪਣੀਆਂ ਫ਼ਿਲਮਾਂ ਜਾਂ ਟੀਵੀ ਸੀਰੀਅਲ ਦੇ ਵਿੱਚ ਨਹੀਂ ਦਿਖਾ ਸਕੇਗਾ।
ਦਰਅਸਲ 'ਚ ਬੀਤੇ ਦਿਨੀਂ ਮੋਹਾਲੀ ਦੇ ਖਰੜ ਨੇੜੇ ਪਿੰਡ ਘੜੂੰਆਂ ਵਿਖੇ ਇਕ ਹਿੰਦੀ ਨਾਟਕ ਦੀ ਚੱਲ ਰਹੀ ਸ਼ੂਟਿੰਗ ਦੌਰਾਨ ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਨਕਲੀ ਅਨੰਦ ਕਾਰਜ ਕਰਵਾਏ ਜਾ ਰਹੇ ਸਨ। ਜਿਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਸ਼ੂਟਿੰਗ ਵਾਲੀ ਜਗ੍ਹਾ ’ਤੇ ਜਾ ਕੇ ਸ਼ੂਟਿੰਗ ਦਾ ਕੰਮ ਰੁਕਵਾ ਦਿੱਤਾ ਸੀ।ਦੱਸਿਆ ਜਾ ਰਿਹਾ ਹੈ ਕਿ ਸ਼ੂਟਿੰਗ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰ ਕੇ ਪੂਰੀ ਪਾਲਕੀ ਸਾਹਿਬ ਸਜਾ ਕੇ ਚੌਰ ਸਾਹਿਬ, ਤਬਲੇ, ਤਿੰਨ ਗ੍ਰੰਥੀ ਸਿੰਘ ਮੌਜੂਦ ਸੀ, ਜੋ ਕਿ ਨਕਲੀ ਅਨੰਦ ਕਾਰਜ ਕਰਵਾਉਣ ਦੀ ਵੀਡੀਓ ਬਣਾ ਕੇ ਕੋਈ ਸੀਰੀਅਲ ਬਣਾ ਰਹੇ ਸੀ। ਇਸ ਦਾ ਨਿਹੰਗ ਸਿੰਘਾਂ ਵੱਲੋਂ ਵਿਰੋਧ ਕੀਤਾ ਗਿਆ ਸੀ।