ਹੁਣ ਜੱਟ ਸਿੱਖ ਸਾਂਭੇਗਾ ਪੰਜਾਬ ਭਾਜਪਾ ਦੀ ਕਮਾਨ!
ਪੰਜਾਬ ਦੀ ਸਿਆਸਤ ਇਸ ਸਮੇਂ ਅਕਾਲੀ ਦਲ ਸਮੇਤ ਹੋਰ ਕਈ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਕਾਫ਼ੀ ਗਰਮਾਈ ਹੋਈ ਐ ਪਰ ਹੁਣ ਜੋ ਖ਼ਬਰ ਸਾਹਮਣੇ ਆ ਰਹੀ ਐ, ਉਸ ਤੋਂ ਬਾਅਦ ਸਿਆਸਤ ਵਿਚ ਹੋਰ ਜ਼ਿਆਦਾ ਉਬਾਲ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਐ। ਦਰਅਸਲ ਸੂਤਰਾਂ ਤੋਂ ਇਹ ਖ਼ਬਰ ਆ ਰਹੀ ਐ ਕਿ ਭਾਜਪਾ ਵੱਲੋਂ ਕਿਸੇ ਵੇਲੇ ਵੀ ਸੁਨੀਲ ਜਾਖੜ ਦੀ ਛੁੱਟੀ ਕੀਤੀ ਜਾ ਸਕਦੀ ਐ
ਚੰਡੀਗੜ੍ਹ : ਪੰਜਾਬ ਦੀ ਸਿਆਸਤ ਇਸ ਸਮੇਂ ਅਕਾਲੀ ਦਲ ਸਮੇਤ ਹੋਰ ਕਈ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਕਾਫ਼ੀ ਗਰਮਾਈ ਹੋਈ ਐ ਪਰ ਹੁਣ ਜੋ ਖ਼ਬਰ ਸਾਹਮਣੇ ਆ ਰਹੀ ਐ, ਉਸ ਤੋਂ ਬਾਅਦ ਸਿਆਸਤ ਵਿਚ ਹੋਰ ਜ਼ਿਆਦਾ ਉਬਾਲ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਐ। ਦਰਅਸਲ ਸੂਤਰਾਂ ਤੋਂ ਇਹ ਖ਼ਬਰ ਆ ਰਹੀ ਐ ਕਿ ਭਾਜਪਾ ਵੱਲੋਂ ਕਿਸੇ ਵੇਲੇ ਵੀ ਸੁਨੀਲ ਜਾਖੜ ਦੀ ਛੁੱਟੀ ਕੀਤੀ ਜਾ ਸਕਦੀ ਐ ਅਤੇ ਉਨ੍ਹਾਂ ਦੀ ਕਿਸੇ ਜੱਟ ਸਿੱਖ ਨੂੰ ਭਾਜਪਾ ਦਾ ਪ੍ਰਧਾਨ ਬਣਾਇਆ ਜਾ ਸਕਦਾ ਏ। ਆਪਣੇ ਸਿਆਸੀ ਫ਼ਾਇਦੇ ਲਈ ਹਰ ਪਾਰਟੀ ਬਦਲਾਅ ਕਰਦੀ ਐ, ਇਸ ਲਈ ਭਾਜਪਾ ਨੂੰ ਵੀ ਬਦਲਾਅ ਕਰਨ ਦਾ ਪੂਰਾ ਹੱਕ ਐ ਪਰ ਇਸ ਨਾਲ ਉਸ ਨੂੰ ਫ਼ਾਇਦਾ ਹੋਵੇਗਾ ਜਾਂ ਨੁਕਸਾਨ, ਇਹ ਤਾਂ ਬਾਅਦ ਵਿਚ ਪਤਾ ਚੱਲੇਗਾ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਹੋ ਸਕਦੈ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਅਤੇ ਪਾਰਟੀ ਵਰਕਰਾਂ ਵਿਚ ਕੀ ਚੱਲ ਰਹੀ ਐ ਚਰਚਾ।
ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰ ਸਿਆਸੀ ਪਾਰਟੀ ਵੱਡਾ ਦਾਅ ਖੇਡਣ ਵਿਚ ਲੱਗੀ ਹੋਈ ਐ ਤਾਂ ਜੋ ਪੰਜਾਬ ਦੀ ਸੱਤਾ ਹਾਸਲ ਕੀਤੀ ਜਾ ਸਕੇ। ਸੂਤਰਾਂ ਤੋਂ ਖ਼ਬਰ ਮਿਲ ਰਹੀ ਐ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਹਟਾ ਕੇ ਨਵਾਂ ਪ੍ਰਧਾਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਐ, ਜਿਸ ਦੇ ਚਲਦਿਆਂ ਸੁਨੀਲ ਜਾਖੜ ਨੂੰ ਕਿਸੇ ਸਮੇਂ ਵੀ ਅਹੁਦੇ ਤੋਂ ਹਟਾਇਆ ਜਾ ਸਕਦਾ ਏ। ਉਨ੍ਹਾਂ ਦੀ ਥਾਂ ’ਤੇ ਕਿਸੇ ਜੱਟ ਸਿੱਖ ਨੂੰ ਨਵਾਂ ਪ੍ਰਧਾਨ ਬਣਾਉਣ ਦੀਆਂ ਕਨਸੋਆਂ ਮਿਲ ਰਹੀਆਂ ਨੇ। ਦਰਅਸਲ ਭਾਜਪਾ ਨੂੰ ਇਹ ਲਗਦਾ ਏ ਕਿ ਜੇਕਰ ਪੰਜਾਬ ਵਿਚ ਅੱਗੇ ਵਧਣਾ ਏ ਤਾਂ ਦਸਤਾਰਧਾਰੀ ਸਿੱਖ ਦੇ ਹੱਥ ਪਾਰਟੀ ਦੀ ਵਾਗਡੋਰ ਫੜਾਉਣੀ ਹੋਵੇਗੀ। ਪਾਰਟੀ ਦੀ ਇਸ ਸੋਚ ਦਾ ਅੰਦਾਜ਼ਾ ਰਵਨੀਤ ਬਿੱਟੂ ਤੋਂ ਲਗਾਇਆ ਜਾ ਸਕਦਾ ਏ, ਜਿਸ ਨੂੰ ਚੋਣ ਹਾਰਨ ਤੋਂ ਬਾਅਦ ਵੀ ਭਾਜਪਾ ਨੇ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ ਅਤੇ ਹੁਣ ਉਸ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣਾ ਦਿੱਤਾ।
ਭਾਵੇਂ ਕਿ ਭਾਜਪਾ ਵੱਲੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਿਆਸੀ ਲਾਹਾ ਖੱਟਣ ਲਈ ਆਪਣੇ ਨਾਲ ਜੋੜਿਆ ਗਿਆ ਸੀ ਪਰ ਕੈਪਟਨ ਸਾਬ੍ਹ ਆਪਣਾ ਜਲਵਾ ਨਹੀਂ ਦਿਖਾ ਸਕੇ, ਉਹ ਅਜਿਹਾ ਕਰਨ ਵਿਚ ਫ਼ੇਲ੍ਹ ਸਾਬਤ ਹੋਏ। ਦਰਅਸਲ ਕੈਪਟਨ ਅਮਰਿੰਦਰ ਸਿੰਘ ਆਲ ਇੰਡੀਆ ਜੱਟ ਮਹਾਂ ਸਭਾ ਦੇ ਪ੍ਰਧਾਨ ਸੀ, ਇਸ ਲਈ ਭਾਜਪਾ ਨੂੰ ਉਨ੍ਹਾਂ ਤੋਂ ਕਾਫ਼ੀ ਉਮੀਦ ਸੀ। ਖ਼ੈਰ, ਕੈਪਟਨ ਸਾਬ੍ਹ ਭਾਵੇਂ ਕਿਸਾਨਾਂ ਨੂੰ ਤਾਂ ਭਾਵੇਂ ਭਾਜਪਾ ਨਾਲ ਨਹੀਂ ਜੋੜ ਸਕੇ ਪਰ ਉਨ੍ਹਾਂ ਨੇ ਆਪਣਾ ਪਰਿਵਾਰ ਅਤੇ ਆਪਣੇ ਕੁੱਝ ਸਾਥੀ ਜ਼ਰੂਰ ਭਾਜਪਾ ਨਾਲ ਜੋੜ ਦਿੱਤੇ। ਬੇਟੀ ਜੈਇੰਦਰ ਕੌਰ ਨੂੰ ਪਾਰਟੀ ਵਿਚ ਵੱਡਾ ਅਹੁਦਾ ਦਿਵਾ ਦਿੱਤਾ।
ਉਂਝ ਨਵੇਂ ਪ੍ਰਧਾਨ ਦੇ ਲਈ ਜਿਸ ਆਗੂ ਦੇ ਨਾਂਅ ਦਾ ਸਭ ਤੋਂ ਵੱਧ ਜ਼ੋਰ ਲਗਾਇਆ ਜਾ ਰਿਹਾ ਏ, ਉਹ ਵੀ ਕੈਪਟਨ ਸਾਬ੍ਹ ਦਾ ਖ਼ਾਸ ਕਰੀਬੀ ਐ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਬਲ ਸਿੰਘ ਢਿੱਲੋਂ,,, ਜੋ ਆਪਣੇ ਸ਼ਾਹੀ ਸ਼ੌਕਾਂ ਲਈ ਵੀ ਕਾਫ਼ੀ ਮਸ਼ਹੂਰ ਨੇ। ਉਨ੍ਹਾਂ ਦੀਆਂ ਕੀਮਤੀ ਘੜੀਆਂ ਦੀ ਦੂਰ-ਦੂਰ ਤੱਕ ਚਰਚਾ ਹੋ ਚੁੱਕੀ ਐ। ਭਾਜਪਾ ਨਾਲ ਜੁੜੇ ਕੁੱਝ ਲੋਕਾਂ ਦਾ ਕਹਿਣਾ ਏ ਕਿ ਮੌਜੂਦਾ ਸਮੇਂ ਦੀ ਭਾਜਪਾ ਵਿਚ ਉਹ ਚੰਗੀ ਤਰ੍ਹਾਂ ਫਿੱਟ ਬੈਠ ਸਕਦੇ ਨੇ, ਕਿਉਂਕਿ ਮੌਜੂਦਾ ਸਮੇਂ ਭਾਜਪਾ ਨੇ ਪੁਰਾਣੇ ਸੰਘਰਸ਼ੀ ਆਗੂਆਂ ਨੂੰ ਛੱਡ ਕੇ ਬਾਹਰੀ ਰਜਵਾੜਿਆਂ ਨੂੰ ਪਾਰਟੀ ਵਿਚ ਚੰਗੇ ਅਹੁਦਿਆਂ ਨਾਲ ਨਿਵਾਜ਼ਣ ’ਤੇ ਜ਼ੋਰ ਲਗਾਇਆ ਹੋਇਆ ਏ।
ਮੌਜੂਦਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਬਾਹਰੀ ਸਨ, ਜਿਨ੍ਹਾਂ ਨੂੰ ਅਸ਼ਵਨੀ ਸ਼ਰਮਾ ਦੀ ਥਾਂ ਪ੍ਰਧਾਨ ਬਣਾਇਆ ਗਿਆ ਏ ਪਰ ਪਾਰਟੀ ਦੇ ਕੁੱਝ ਪੁਰਾਣੇ ਵਰਕਰਾਂ ਤੇ ਆਗੂਆਂ ਦਾ ਮੰਨਣਾ ਏ ਕਿ ਜਾਖੜ ਸਾਬ੍ਹ ਦੀ ਕਾਰਗੁਜ਼ਾਰੀ ਅਸ਼ਵਨੀ ਸ਼ਰਮਾ ਦੇ ਮੁਕਾਬਲੇ ਕੁੱਝ ਵੀ ਨਹੀਂ। ਜਾਖੜ ਸਾਬ੍ਹ ਨੇ ਜਲੰਧਰ ਚੋਣਾਂ ਵਿਚ ਜਾ ਕੇ ‘ਬੱਤੀ ਨਹੀਂ ਵਾਹੀ’,, ਯਾਨੀ ਕਿ ਉਥੇ ਵਿਰੋਧੀਆਂ ਦੇ ਖ਼ਿਲਾਫ਼ ਇੰਨੇ ਜ਼ਬਰਦਸਤ ਮੁੱਦੇ ਸੀ, ਪਰ ਜਾਖੜ ਸਾਬ੍ਹ ਨੇ ਇਕ ਮੁੱਦਾ ਨਹੀਂ ਚੁੱਕਿਆ। ਇੱਥੋਂ ਤੱਕ ਕਿ ਸ਼ੀਤਲ ਅੰਗੁਰਾਲ ਪੈਨ ਡਰਾਈਵ ਲੈ ਕੇ ਵੀ ਘੁੰਮਦੇ ਰਹੇ ਪਰ ਪੰਜਾਬ ਭਾਜਪਾ ਉਸ ਮੁੱਦੇ ਨੂੰ ਉਭਾਰਨ ਵਿਚ ਨਾਕਾਮਯਾਬ ਰਹੀ। ਪੰਜਾਬ ਭਾਜਪਾ ਦੀ ਸਥਿਤੀ ਨੂੰ ਪੰਜਾਬ ਦੇ ਲੋਕ ਵੀ ਚੰਗੀ ਤਰ੍ਹਾਂ ਦੇਖ ਰਹੇ ਨੇ ਕਿ ਪਾਰਟੀ ਪੁਰਾਣੇ ਆਗੂਆਂ ਦੀ ਤਾਂ ਪੁੱਛ ਪ੍ਰਤੀਤ ਨਹੀਂ ਕਰ ਰਹੀ, ਨਵੇਂ ਤੋਂ ਨਵੇਂ ਆਗੂ ਉਨ੍ਹਾਂ ਦੇ ਸਿਰ ’ਤੇ ਲਿਆ ਕੇ ਬਿਠਾਈ ਜਾ ਰਹੀ ਐ। ਦਰਅਸਲ ਭਾਜਪਾ ਹਾਈਕਮਾਨ ਨੂੰ ਇਹ ਲਗਦਾ ਏ ਕਿ ਪੰਜਾਬ ਵਿਚ ਇਹ ਪੱਗਾਂ ਵਾਲੇ ਆਗੂ ਭਾਜਪਾ ਨੂੰ ਸੱਤਾ ਦੇ ਰਾਹੇ ਪਾਉਣਗੇ। ਇਸੇ ਕਰਕੇ ਹੁਣ ਇਹ ਖ਼ਬਰਾਂ ਮਿਲ ਰਹੀਆਂ ਨੇ ਕਿ ਪੰਜਾਬ ਭਾਜਪਾ ਦਾ ਪ੍ਰਧਾਨ ਵੀ ਕਿਸੇ ਪੱਗ ਵਾਲੇ ਜੱਟ ਸਿੱਖ ਨੂੰ ਬਣਾਏ ਜਾਣ ਦੀ ਤਿਆਰੀ ਹੋ ਰਹੀ ਐ।
ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਭਾਜਪਾ ਕੋਲ ਬਹੁਤ ਸਾਰੇ ਵੱਡੇ ਸਿੱਖ ਚਿਹਰੇ ਸੁਖਵਿੰਦਰ ਪਾਲ ਸਿੰਘ ਗਰੇਵਾਲ, ਹਰਜੀਤ ਸਿੰਘ ਗਰੇਵਾਲ, ਸੁਖਪਾਲ ਸਿੰਘ ਨੰਨੂ, ਦਿਆਲ ਸਿੰਘ ਸੋਢੀ ਮੌਜੂਦ ਨੇ, ਜੋ ਕਈ ਕਈ ਦਹਾਕਿਆਂ ਤੋਂ ਭਾਜਪਾ ਦੇ ਨਾਲ ਜੁੜੇ ਹੋਏ ਨੇ। ਇਨ੍ਹਾਂ ਭਾਜਪਾ ਆਗੂਆਂ ਦੀ ਦਾਦ ਦੇਣੀ ਬਣਦੀ ਐ ਕਿਉਂਕਿ ਇਹ ਆਗੂ ਉਸ ਸਮੇਂ ਤੋਂ ਭਾਜਪਾ ਦੇ ਨਾਲ ਜੁੜੇ ਹੋਏ ਨੇ, ਜਦੋਂ ਭਾਜਪਾ ਦਾ ਨਾਮ ਲੈਣ ਤੋਂ ਵੀ ਡਰ ਲਗਦਾ ਸੀ। ਕਿਸਾਨੀ ਅੰਦੋਲਨ ਸਮੇਂ ਇਨ੍ਹਾਂ ਆਗੂਆਂ ਨੇ ਕਿੰਨੀਆਂ ਮੁਸੀਬਤਾਂ ਝੱਲੀਆਂ, ਲੋਕਾਂ ਨੂੰ ਅੰਤਾਂ ਦੀਆਂ ਗਾਲ਼ਾਂ ਸੁਣੀਆਂ। ਇਨ੍ਹਾਂ ਆਗੂਆਂ ਦਾ ਬਾਹਰ ਨਿਕਲਣਾ ਤੱਕ ਮੁਸ਼ਕਲ ਹੋ ਗਿਆ ਸੀ ਪਰ ਇਸ ਸਭ ਦੇ ਬਾਵਜੂਦ ਇਨ੍ਹਾਂ ਆਗੂਆਂ ਨੇ ਭਾਜਪਾ ਦਾ ਸਾਥ ਨਹੀਂ ਛੱਡਿਆ।
ਇੰਨੇ ਸੰਘਰਸ਼ ਦੇ ਬਾਵਜੂਦ ਇਨ੍ਹਾਂ ਆਗੂਆਂ ਨੂੰ ਉਹ ਸਨਮਾਨ ਨਹੀਂ ਮਿਲ ਸਕਿਆ ਜੋ ਮਿਲਣਾ ਚਾਹੀਦਾ ਸੀ, ਭਾਜਪਾ ਦੇ ਪੁਰਾਣੇ ਵਰਕਰ ਇਨ੍ਹਾਂ ਗੱਲਾਂ ਨੂੰ ਮਹਿਸੂਸ ਕਰ ਰਹੇ ਨੇ। ਹੁਣ ਪਾਰਟੀ ਵਿਚ ਕੈਪਟਨ ਅਮਰਿੰਦਰ ਸਿੰਘ, ਬੀਬੀ ਜੈਇੰਦਰ ਕੌਰ, ਫਤਿਹਜੰਗ ਬਾਜਵਾ, ਰਾਣਾ ਗੁਰਮੀਤ ਸਿੰਘ ਸੋਢੀ, ਰਵਨੀਤ ਸਿੰਘ ਬਿੱਟੂ ਵਰਗੇ ਨਵੇਂ ਆਗੂ ਆ ਗਏ, ਜਿਨ੍ਹਾਂ ਨੂੰ ਪਾਰਟੀ ਨੇ ਪੁਰਾਣੇ ਆਗੂਆਂ ਦੇ ਸਿਰ ’ਤੇ ਲਿਆ ਕੇ ਬਿਠਾ ਦਿੱਤਾ। ਪੁਰਾਣੇ ਆਗੂਆਂ ਵੱਲੋਂ ਕੀਤੇ ਗਏ ਸੰਘਰਸ਼ ਦੀ ਸੁਆਹ ਕਰਕੇ ਰੱਖ ਦਿੱਤੀ। ਇਹ ਵੀ ਸੁਣਨ ਵਿਚ ਆ ਰਿਹਾ ਏ ਕਿ ਇਸ ਸਭ ਨੂੰ ਲੈ ਕੇ ਪਾਰਟੀ ਵਰਕਰਾਂ ਵਿਚਕਾਰ ਇਕ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਐ ਜੋ ਕਿਸੇ ਸਮੇਂ ਵੀ ਵੱਡੇ ਉਬਾਲ ਦਾ ਰੂਪ ਧਾਰਨ ਕਰ ਸਕਦੀ ਐ।
ਇਸ ਤੋਂ ਇਲਾਵਾ ਭਾਜਪਾ ਵਿਚ ਪੁਰਾਣੇ ਵਰਕਰਾਂ ਨੂੰ ਅੱਗੇ ਲਿਆਉਣ ਦੀ ਥਾਂ ਹੁਣ ਸੇਵਾਮੁਕਤ ਅਫ਼ਸਰਾਂ ਦੀ ਵੀ ਭਰਮਾਰ ਲੱਗੀ ਹੋਈ ਐ, ਜਦਕਿ ਪੁਰਾਣੇ ਵਰਕਰ ਉਥੇ ਦੇ ਉਥੇ ਹਾਈਕਮਾਨ ਦਾ ਮੂੰਹ ਤਾਕ ਰਹੇ ਨੇ। ਮੌਜੂਦਾ ਸਮੇਂ ਪਾਰਟੀ ਵਿਚ ਵੱਡੀ ਗਿਣਤੀ ਵਿਚ ਸਾਬਕਾ ਆਈਏਐਸ ਅਤੇ ਆਈਐਫਐਸ ਸ਼ਾਮਲ ਹੋ ਚੁੱਕੇ ਨੇ, ਜਿਨ੍ਹਾਂ ਵਿਚ ਪਰਮਪਾਲ ਕੌਰ, ਜਗਮੋਹਨ ਸਿੰਘ ਰਾਜੂ, ਤਰਨਜੀਤ ਸਿੰਘ ਸੰਧੂ, ਹਰਦੀਪ ਸਿੰਘ ਪੁਰੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਇਸ ਕੈਟਾਗਿਰੀ ਵਿਚ ਸ਼ਾਮਲ ਨੇ। ਖ਼ੈਰ,,,, ਭਾਜਪਾ ਵੱਲੋਂ ਪੰਜਾਬ ਦੀ ਸੱਤਾ ਵਿਚ ਪੈਰ ਅੜਾਉਣ ਲਈ ਹੁਣ ‘ਜੱਟ ਸਿੱਖ’ ਦਾ ਪੱਤਾ ਖੇਡਣ ਦੀ ਤਿਆਰੀ ਕੀਤੀ ਜਾ ਰਹੀ ਐ, ਪਰ ਸਿਆਸੀ ਕਾਰਡ ਭਾਜਪਾ ਨੂੰ ਕਿੰਨਾ ਕੁ ਫਿੱਟ ਬੈਠੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ