ਹੁਣ ਐਡਵੋਕੇਟ ਧਾਮੀ ਦੀ ਪਊ ਅਕਾਲ ਤਖ਼ਤ ’ਤੇ ਪੇਸ਼ੀ?

ਇਹ ਮਾਮਲਾ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਗਿਆ ਅਤੇ ਐਡਵੋਕੇਟ ਧਾਮੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਐ। ਸ਼੍ਰੋਮਣੀ ਕਮੇਟੀ ਦੀਆਂ ਕੁੱਝ ਮਹਿਲਾ ਮੈਂਬਰਾਂ ਦਾ ਕਹਿਣਾ ਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਹਿਲਾ ਕਮਿਸ਼ਨ ਵਿਚ ਜਾ ਕੇ ਮੁਆਫ਼ੀਆਂ ਮੰਗਦਾ ਫਿਰੇ,, ਇਸ ਨਾਲ ਪੂਰੀ ਸਿੱਖ ਕੌਮ ਦਾ ਸਿਰ ਸ਼ਰਮ ਦੇ ਨਾਲ ਝੁਕ ਗਿਆ ਏ

Update: 2024-12-17 12:50 GMT

ਚੰਡੀਗੜ੍ਹ : ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰਨਾਂ ਆਮ ਸੰਸਥਾਵਾਂ ਵਰਗੀ ਸੰਸਥਾ ਨਹੀਂ ਬਲਕਿ ਇਸ ਦਾ ਇਤਿਹਾਸ ਬਹੁਤ ਕੁਰਬਾਨੀਆਂ ਭਰਿਆ ਏ। ਸਿੱਖ ਪੰਥ ਦੇ ਮਸਲਿਆਂ ਨੂੰ ਹੱਲ ਕਰਵਾਉਣ ਵਿਚ ਇਸ ਮਹਾਨ ਸੰਸਥਾ ਦਾ ਵੱਡਾ ਯੋਗਦਾਨ ਐ, ਜਿਸ ਕਰਕੇ ਇਸ ਨੂੰ ਸਿੱਖਾਂ ਦੀ ਪਾਰਲੀਮੈਂਟ ਵੀ ਆਖਿਆ ਜਾਂਦਾ ਏ ਪਰ ਜੋ ਆਡੀਓ ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਵਾਇਰਲ ਹੋਈ ਐ, ਉਹ ਬੇਹੱਦ ਸ਼ਰਮਨਾਕ ਐ, ਜਿਸ ਦੇ ਚਲਦਿਆਂ ਸਿੱਖਾਂ ਦੀ ਮਹਾਨ ਸੰਸਥਾ ਦੇ ਪ੍ਰਧਾਨ ਨੂੰ ਮਹਿਲਾ ਕਮਿਸ਼ਨ ਦੇ ਦਫ਼ਤਰ ਜਾ ਕੇ ਮੁਆਫ਼ੀ ਮੰਗਣੀ ਪਈ।

ਜਿਸ ਸਿੱਖ ਧਰਮ ਦੇ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਵੱਡਾ ਦਰਜਾ ਦੇ ਕੇ ਨਿਵਾਜ਼ਿਆ ਹੋਵੇ, ਕੀ ਅਜਿਹੇ ਵਿਅਕਤੀ ਨੂੰ ਉਸ ਸਿੱਖ ਧਰਮ ਦੀ ਇਕ ਮਹਾਨ ਸੰਸਥਾ ਦਾ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਹੋਣਾ ਚਾਹੀਦਾ ਹੈ ਜਾਂ ਨਹੀਂ,,,ਇਸ ਨੂੰ ਲੈ ਕੇ ਸਿੱਖ ਗਲਿਆਰਿਆਂ ਵਿਚ ਵੱਡੀ ਚਰਚਾ ਛਿੜ ਚੁੱਕੀ ਐ ਅਤੇ ਮਾਮਲਾ ਅਕਾਲ ਤਖ਼ਤ ’ਤੇ ਵੀ ਪਹੁੰਚ ਗਿਆ ਏ। ਦੇਖੋ ਸਾਡੀ ਇਹ ਖ਼ਾਸ ਰਿਪੋਰਟ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜੋ ਅਪਸ਼ਬਦ ਬੀਬੀ ਜਗੀਰ ਕੌਰ ਦੇ ਲਈ ਵਰਤੇ ਗਏ, ਉਹ ਬੇਹੱਦ ਸ਼ਰਮਨਾਕ ਐ,,, ਖ਼ਾਸ ਤੌਰ ’ਤੇ ਅਜਿਹੇ ਵਿਅਕਤੀ ਦੇ ਲਈ ਹੋਰ ਵੀ ਜ਼ਿਆਦਾ ਸ਼ਰਮਨਾਕ ਐ,, ਜੋ ਇਕ ਤਾਂ ਸਿੱਖਾਂ ਦੀ ਇਕ ਮਹਾਨ ਸੰਸਥਾ ਦਾ ਪ੍ਰਧਾਨ ਹੋਵੇ,,, ਦੂਜਾ ਵਕੀਲ ਵੀ ਹੋਵੇ। ਭਾਵੇਂ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਵੱਲੋਂ ਬੀਬੀ ਜਗੀਰ ਕੌਰ ਦੇ ਲਈ ਵਰਤੇ ਅਪਸ਼ਬਦਾਂ ’ਤੇ ਮਹਿਲਾ ਕਮਿਸ਼ਨ ਦੇ ਦਫ਼ਤਰ ਪਹੁੰਚ ਕੇ ਆਪਣੀ ਗ਼ਲਤੀ ਸਵੀਕਾਰ ਕਰਦਿਆਂ ਮੁਆਫ਼ੀ ਮੰਗ ਲਈ ਐ,, ਪਰ ਕੀ ਮੁਆਫ਼ੀ ਮੰਗਣ ਦੇ ਨਾਲ ਉਨ੍ਹਾਂ ਵੱਲੋਂ ਬੋਲੇ ਗਏ ਅਪਸ਼ਬਦ ਵਾਪਸ ਹੋ ਜਾਣਗੇ?

ਇਹ ਮਾਮਲਾ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚ ਗਿਆ ਅਤੇ ਐਡਵੋਕੇਟ ਧਾਮੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਐ। ਸ਼੍ਰੋਮਣੀ ਕਮੇਟੀ ਦੀਆਂ ਕੁੱਝ ਮਹਿਲਾ ਮੈਂਬਰਾਂ ਦਾ ਕਹਿਣਾ ਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਹਿਲਾ ਕਮਿਸ਼ਨ ਵਿਚ ਜਾ ਕੇ ਮੁਆਫ਼ੀਆਂ ਮੰਗਦਾ ਫਿਰੇ,, ਇਸ ਨਾਲ ਪੂਰੀ ਸਿੱਖ ਕੌਮ ਦਾ ਸਿਰ ਸ਼ਰਮ ਦੇ ਨਾਲ ਝੁਕ ਗਿਆ ਏ ਅਤੇ ਧਾਮੀ ਸਾਬ੍ਹ ਨੂੰ ਖ਼ੁਦ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਏ।


ਕੁੱਝ ਸਿੱਖ ਆਗੂਆਂ ਦਾ ਕਹਿਣਾ ਏ ਕਿ ਐਡਵੋਕੇਟ ਧਾਮੀ ਨੇ ਇਹ ਅਪਸ਼ਬਦ ਭਾਵੇਂ ਜਾਣੇ ਵਿਚ ਬੋਲੇ ਹੋਣ, ਜਾਂ ਅਣਜਾਣੇ ਵਿਚ,,, ਇਸ ਦੇ ਨਾਲ ਪੰਥ ਦਾ ਵੱਡਾ ਨੁਕਸਾਨ ਹੋਇਆ ਏ ਕਿਉਂਕਿ ਸਿੱਖ ਪੰਥ ਦੀ ਮਹਾਨ ਸੰਸਥਾ ਦੇ ਮੁਖੀ ਨੂੰ ਅਜਿਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ। ਜਿਨ੍ਹਾਂ ਆਗੂਆਂ ਦੇ ਹੱਥ ਵੱਡੀਆਂ ਸੰਸਥਾਵਾਂ ਦੀ ਵਾਗਡੋਰ ਹੁੰਦੀ ਐ, ਉਨ੍ਹਾਂ ਨੂੰ ਬਹੁਤ ਨਾਪ ਤੋਲ ਕੇ ਬੋਲਣਾ ਚਾਹੀਦਾ ਏ ਕਿਉਂਕਿ ਜਿਸ ਸੰਸਥਾ ’ਤੇ ਉਹ ਬੈਠੇ ਹੁੰਦੇ ਨੇ, ਉਹ ਉਨ੍ਹਾਂ ਦੀ ਕੋਈ ਨਿੱਜੀ ਜਾਇਦਾਦ ਨਹੀਂ ਹੁੰਦੀ,, ਬਲਕਿ ਪੂਰਾ ਪੰਥ ਉਸ ਸੰਸਥਾ ਦੇ ਨਾਲ ਜੁੜਿਆ ਹੁੰਦਾ ਏ। ਇਸ ਲਈ ਐਡਵੋਕੇਟ ਧਾਮੀ ਦੇ ਵਿਗੜੇ ਬੋਲਾਂ ਨੇ ਇਕੱਲੇ ਖ਼ੁਦ ਦਾ ਨੁਕਸਾਨ ਨਹੀਂ ਕੀਤਾ,, ਬਲਕਿ ਪੂਰੇ ਪੰਥ ਦਾ ਨੁਕਸਾਨ ਕੀਤਾ ਏ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਮਾਮਲੇ ਨੂੰ ਲੈ ਕੇ ਸਿੱਖਾਂ ਵਿਚ ਦਿਨ ਪ੍ਰਤੀ ਦਿਨ ਰੋਸ ਵਧਦਾ ਜਾ ਰਿਹਾ ਏ ਕਿਉਂਕਿ ਐਡਵੋਕੇਟ ਧਾਮੀ ਇਸ ਮਾਮਲੇ ਵਿਚ ਮੁਆਫ਼ੀ ਮੰਗ ਕੇ ਇਸ ਰਫ਼ਾ ਦਫ਼ਾ ਕਰਨਾ ਚਾਹੁੰਦੇ ਨੇ, ਜਦਕਿ ਸਿੱਖ ਧਾਰਮਿਕ ਰਵਾਇਤਾਂ ਮੁਤਾਬਕ ਉਨ੍ਹਾਂ ’ਤੇ ਇਸ ਮਾਮਲੇ ਵਿਚ ਵੱਡੀ ਕਾਰਵਾਈ ਹੋਣੀ ਚਾਹੀਦੀ ਐ,,, ਪਰ ਹੈਰਾਨੀ ਦੀ ਗੱਲ ਐ ਕਿ ਧਾਮੀ ਸਾਬ੍ਹ ਨੇ ਖ਼ੁਦ ਤਾਂ ਅਹੁਦੇ ਤੋਂ ਅਸਤੀਫ਼ਾ ਕੀ ਦੇਣਾ ਸੀ,, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ’ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਔਰਤਾਂ ਦੇ ਸਤਿਕਾਰ ਪ੍ਰਤੀ ਗੁਰੂ ਸਾਹਿਬ ਦੇ ਫ਼ਰਮਾਨ ‘‘ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ’’ ਦਾ ਹੋਕਾ ਸਿੱਖ ਕੌਮ ਪੂਰੀ ਦੁਨੀਆ ਵਿਚ ਦੇ ਰਹੀ ਐ,, ਪਰ ਜਦੋਂ ਸਿੱਖਾਂ ਦੀ ਮਹਾਨ ਸੰਸਥਾ ਦਾ ਆਗੂ ਔਰਤਾਂ ਪ੍ਰਤੀ ਅਜਿਹੀ ਸ਼ਬਦਾਵਲੀ ਵਰਤੇ ਤਾਂ ਕੀ ਇਸ ਦਾ ਨੁਕਸਾਨ ਪੰਥ ਨੂੰ ਨਹੀਂ ਹੋਇਆ ਹੋਵੇਗਾ?


ਹੈਰਾਨੀ ਇਸ ਦੀ ਗੱਲ ਹੁੰਦੀ ਐ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵੱਡੇ ਆਗੂ ਦੇ ਮੂੰਹੋਂ ਇਹ ਸੁਣਨ ਨੂੰ ਨਹੀਂ ਮਿਲਿਆ ਕਿ ਧਾਮੀ ਸਾਬ੍ਹ ਦੀ ਬਿਆਨਬਾਜ਼ੀ ਗ਼ਲਤ ਐ। ਹਾਂ,, ਜੇਕਰ ਬੀਬੀ ਜਗੀਰ ਕੌਰ ਜਾਂ ਕਿਸੇ ਹੋਰ ਵਿਰੋਧੀ ਨੇ ਧਾਮੀ ਸਾਬ੍ਹ ਬਾਰੇ ਕੁੱਝ ਬੋਲ ਦਿੱਤਾ ਹੁੰਦਾ ਤਾਂ ਅਕਾਲੀ ਦਲ ਦੀ ਸਾਰੀ ਫ਼ੌਜ ਧਾਮੀ ਸਾਬ੍ਹ ਦੇ ਹੱਕ ਵਿਚ ਆ ਖੜ੍ਹੀ ਹੋਣੀ ਸੀ। ਵੈਸੇ, ਇਕ ਤਰ੍ਹਾਂ ਨਾਲ ਅਕਾਲੀ ਦਲ ਹੁਣ ਵੀ ਧਾਮੀ ਸਾਬ੍ਹ ਦੇ ਹੱਕ ਵਿਚ ਹੀ ਖੜ੍ਹਾ ਹੋਇਆ ਏ ਕਿਉਂਕਿ ਮਾਮਲੇ ’ਤੇ ਚੁੱਪੀ ਧਾਰਨ ਵਾਲਿਆਂ ਨੂੰ ਸਮਰਥਨ ਵਾਲੇ ਪਾਸੇ ਹੀ ਗਿਣਿਆ ਜਾਵੇਗਾ।

ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀਆਂ ਨੂੰ ਸੁਣਾਈ ਗਈ ਧਾਰਮਿਕ ਸਜ਼ਾ ਦੇ ਮਾਮਲੇ ਵਿਚ ਕੀਤਾ,,, ਚੁੱਪ ਰਹਿਣ ਵਾਲਿਆਂ ਨੂੰ ਵੀ ਧਾਰਮਿਕ ਸਜ਼ਾ ਦਿੱਤੀ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਦਾ ਕਹਿਣਾ ਏ ਕਿ ਧਾਮੀ ਸਾਬ੍ਹ ਨੂੰ ਐਸਜੀਪੀਸੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਏ ਕਿਉਂਕਿ ਜਿਸ ਵਿਅਕਤੀ ਦੀ ਜ਼ੁਬਾਨ ’ਤੇ ਹੀ ਕੰਟਰੋਲ ਨਹੀਂ, ਉਹ ਇਸ ਮਹਾਨ ਸੰਸਥਾ ਦੀ ਅਗਵਾਈ ਨਹੀਂ ਕਰ ਸਕਦਾ। ਕਿੱਥੇ-ਕਿੱਥੇ ਸਿੱਖ ਕੌਮ ਅਜਿਹੇ ਲੋਕਾਂ ਦੀਆਂ ਬਿਆਨਬਾਜ਼ੀਆਂ ਕਾਰਨ ਆਪਣਾ ਨੁਕਸਾਨ ਕਰਵਾਉਂਦੀ ਰਹੇਗੀ?


ਫਿਲਹਾਲ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀ ਪਹੁੰਚ ਗਿਆ ਏ, ਪਰ ਦੇਖਣਾ ਹੋਵੇਗਾ ਕਿ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਮਾਮਲੇ ਨੂੰ ਲੈ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ’ਤੇ ਕੀ ਕਾਰਵਾਈ ਕਰਨਗੇ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News