ਰੁਪਿੰਦਰ ਕੌਰ ਪੰਧੇਰ ਕਤਲ ਮਾਮਲੇ ’ਚ ਆਇਆ ਨਵਾਂ ਮੋੜ
ਤੀਜਾ ਵਿਆਹ ਕਰਵਾਉਣ ਅਮਰੀਕਾ ਤੋਂ ਪੰਜਾਬ ਪੁੱਜੀ ਰੁਪਿੰਦਰ ਕੌਰ ਪੰਧੇਰ ਦੇ ਕਤਲ ਮਾਮਲੇ ਵਿਚ ਨਵਾਂ ਮੋੜ ਆਉਂਦਾ ਮਹਿਸੂਸ ਹੋ ਰਿਹਾ ਹੈ
ਲੁਧਿਆਣਾ : ਤੀਜਾ ਵਿਆਹ ਕਰਵਾਉਣ ਅਮਰੀਕਾ ਤੋਂ ਪੰਜਾਬ ਪੁੱਜੀ ਰੁਪਿੰਦਰ ਕੌਰ ਪੰਧੇਰ ਦੇ ਕਤਲ ਮਾਮਲੇ ਵਿਚ ਨਵਾਂ ਮੋੜ ਆਉਂਦਾ ਮਹਿਸੂਸ ਹੋ ਰਿਹਾ ਹੈ। ਜੀ ਹਾਂ, ਕਿਲਾਰਾਏਪੁਰ ਦੇ ਵਸਨੀਕ ਅਤੇ ਰੁਪਿੰਦਰ ਕੌਰ ਦੇ ਰਿਸ਼ਤੇਦਾਰ ਪੁਲਿਸ ਦੀ ਕਹਾਣੀ ਉਤੇ ਯਕੀਨ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੇ ਐਨ ਵਿਚਕਾਰ ਸਥਿਤ ਘਰ ਵਿਚ ਇਕ ਔਰਤ ਦਾ ਕਤਲ ਕਰ ਕੇ ਉਸ ਦੀ ਲਾਸ਼ ਸਾੜਨਾ ਸੌਖਾ ਕੰਮ ਨਹੀਂ। ਘਰ ਵਿਚੋਂ ਉਠਣ ਵਾਲੇ ਧੂੰਏਂ ਰਾਹੀਂ ਆਂਢ-ਗੁਆਂਢ ਦੇ ਲੋਕਾਂ ਨੂੰ ਤੁਰਤ ਪਤਾ ਲੱਗ ਜਾਂਦਾ ਪਰ ਇਥੇ ਕਿਸੇ ਨੂੰ ਕੰਨੋ ਕੰਨ ਖ਼ਬਰ ਨਾ ਹੋਈ।
ਪਿੰਡ ਦੇ ਲੋਕਾਂ ਨੂੰ ਪੁਲਿਸ ਦੀ ਕਹਾਣੀ ’ਤੇ ਯਕੀਨ ਨਹੀਂ
ਸਭ ਤੋਂ ਅਹਿਮ ਗੱਲ ਇਹ ਹੈ ਕਿ ਮਨੁੱਖੀ ਮਾਸ ਸੜਨ ਦੀ ਦੁਰਗੰਧ ਦਬਾਈ ਹੀ ਨਹੀਂ ਜਾ ਸਕਦੀ ਅਤੇ ਬਚੀਆਂ ਖੁਚੀਆਂ ਹੱਡੀਆਂ ਨੂੰ ਰਾਤੋ-ਰਾਤ ਦੂਰ ਕਿਸੇ ਥਾਂ ’ਤੇ ਸੁੱਟ ਕੇ ਆਉਣਾ ਮੁਸ਼ਕਲ ਹੈ। ਦੂਜੇ ਪਾਸੇ ਸੁਖਜੀਤ ਸਿੰਘ ਸੋਨੂੰ ਕਿਸੇ ਵੀ ਵੇਲੇ ਆਪਣੇ ਬਿਆਨਾਂ ਤੋਂ ਮੁਕਰ ਸਕਦਾ ਹੈ। ਕਾਨੂੰਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਖਸ ਦੋ ਮਹੀਨੇ ਤੱਕ ਕਤਲ ’ਤੇ ਪਰਦਾ ਪਾ ਸਕਦਾ ਹੈ, ਉਹ ਅਦਾਲਤ ਵਿਚ ਜਾ ਕੇ ਆਪਣੇ ਬਿਆਨ ਵੀ ਬਦਲ ਸਕਦਾ ਹੈ। ਦੱਸ ਦੇਈਏ ਕਿ ਪੁਲਿਸ ਵੱਲੋਂ ਮੁਢਲੇ ਤੌਰ ’ਤੇ ਕੀਤੀ ਪੁੱਛ ਪੜਤਾਲ ਦੌਰਾਨ ਸੁਖਜੀਤ ਸਿੰਘ ਸੋਨੂੰ ਖੁਦ ਨੂੰ ਬੇਕਸੂਰ ਦਸਦਾ ਰਿਹਾ ਪਰ ਡੇਹਲੋਂ ਪੁਲਿਸ ਨੂੰ ਮਿਲੀ ਸੂਹ ਰਾਹੀਂ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ਜਾ ਸਕੀ। ਉਧਰ, ਪੰਜਾਬ ਪੁਲਿਸ ਵੱਲੋਂ ਐਨ.ਆਰ.ਆਈ. ਚਰਨਜੀਤ ਸਿੰਘ ਗਰੇਵਾਲ ਵਿਰੁੱਧ ਲੁਕ ਆਊਟ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਭਗੌੜਾ ਐਲਾਨਣ ਦੀ ਕਾਨੂੰਨੀ ਪ੍ਰਕਿਰਿਆ ਵੀ ਆਰੰਭ ਦਿਤੀ ਜਾਵੇਗੀ ਜਿਸ ਮਗਰੋਂ ਪੰਜਾਬ ਵਿਚ ਮੌਜੂਦ ਉਸ ਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ। ਸੁਖਜੀਤ ਸਿੰਘ ਸੋਨੂੰ ਦੀ ਨਿਸ਼ਾਨਦੇਹੀ ’ਤੇ ਬਰਾਮਦ ਹੱਡੀਆਂ ਦਾ ਡੀ.ਐਨ.ਏ. ਟੈਸਟ ਕਰਦਿਆਂ ਇਸ ਨੂੰ ਰੁਪਿੰਦਰ ਕੌਰ ਪੰਧੇਰ ਦੀ ਟੈਕਸਸ ਰਹਿੰਦੀ ਭੈਣ ਕਮਲਜੀਤ ਕੌਰ ਖਹਿਰਾ ਦੇ ਐਸ.ਟੀ.ਆਰ. ਨਾਲ ਮਿਲਾਉਣ ਦੀ ਯੋਜਨਾ ਬਣਾਈ ਗਈ ਹੈ। ਕਮਲਜੀਤ ਕੌਰ ਖਹਿਰਾ ਲਗਾਤਾਰ ਪੰਜਾਬ ਪੁਲਿਸ ਦੇ ਸੰਪਰਕ ਵਿਚ ਹਨ ਅਤੇ ਕੇਸ ਨਾਲ ਸਬੰਧਤ ਅਪਡੇਟ ਉਨ੍ਹਾਂ ਨੂੰ ਦਿਤੀ ਜਾ ਰਹੀ ਹੈ। ਪੁਲਿਸ ਵੱਲੋਂ ਰੁਪਿੰਦਰ ਕੌਰ ਪੰਧੇਰ ਦੇ ਆਧਾਰ ਕਾਰਡ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ ਜੋ 3 ਮਾਰਚ 2025 ਨੂੰ ਬਣਿਆ ਅਤੇ ਇਸ ਵਿਚ ਰੁਪਿੰਦਰ ਕੌਰ ਦਾ ਪਤਾ ਕੇਅਰ ਆਫ਼ ਹਰਭਜਨ ਸਿੰਘ ਗਰੇਵਾਲ, ਮਕਾਨ ਨੰਬਰ 4465, ਸ਼ਿਮਲਾਪੁਰੀ ਲਿਖਿਆ ਹੋਇਆ ਹੈ। ਰੁਪਿੰਦਰ ਕੌਰ ਦੀ ਭੈਣ ਕਮਲਜੀਤ ਕੌਰ ਮੁਤਾਬਕ ਆਧਾਰ ਕਾਰਡ ਵਿਚ ਦਰਜ ਪਤਾ ਫਰਜ਼ੀ ਹੈ।
ਚਰਨਜੀਤ ਗਰੇਵਾਲ ਨੂੰ ਭਗੌੜਾ ਐਲਾਨਣ ਦੀ ਤਿਆਰੀ
ਉਨ੍ਹਾਂ ਦੱਸਿਆ ਕਿ ਰੁਪਿੰਦਰ ਕੌਰ ਦੇ ਸਾਰੇ ਦਸਤਾਵੇਜ਼ ਅਤੇ ਵਿੱਤੀ ਲੈਣ-ਦੇਣ ਅਮਰੀਕਾ ਦੇ ਪਾਸਪੋਰਟ ’ਤੇ ਆਧਾਰਤ ਹੈ ਅਤੇ ਪਾਸਪੋਰਟ ਵਿਚ ਪੱਕਾ ਪਤਾ ਸਿਐਟਲ ਦਾ ਦਰਜ ਹੈ। ਰੁਪਿੰਦਰ ਕੌਰ ਦੇ ਚਰਨਜੀਤ ਸਿੰਘ ਨਾਲ ਸਬੰਧਾਂ ਬਾਰੇ ਵੱਖੋ ਵੱਖਰੀਆਂ ਕਹਾਣੀਆਂ ਉਭਰ ਰਹੀਆਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਦੋਹਾਂ ਦੀ ਮੁਲਾਕਾਤ 2014 ਵਿਚ ਹੋਈ ਜਦਕਿ ਕੁਝ ਲੋਕ ਰਿਸ਼ਤੇ ਨੂੰ 2-4 ਸਾਲ ਪੁਰਾਣਾ ਦੱਸ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਰੁਪਿੰਦਰ ਕੌਰ ਪਿਛਲੇ ਸਾਲ ਅਕਤੂਬਰ ਵਿਚ ਭਾਰਤ ਆਈ ਅਤੇ ਮਈ 2025 ਵਿਚ ਅਮਰੀਕਾ ਪਰਤ ਗਈ। ਇਸ ਮਗਰੋਂ ਉਹ ਜੂਨ ਵਿਚ ਮੁੜ ਭਾਰਤ ਆਈ ਅਤੇ ਚਰਨਜੀਤ ਸਿੰਘ ਦੇ ਜਾਣਕਾਰਾਂ ਨੂੰ ਮਿਲੀ। ਰੁਪਿੰਦਰ ਕੌਰ ਨੇ ਮੁਲਜ਼ਮਾਂ ਦੇ ਖਾਤਿਆਂ ਵਿਚ 30 ਤੋਂ 35 ਲੱਖ ਰੁਪਏ ਟ੍ਰਾਂਸਫਰ ਕੀਤੇ ਅਤੇ ਇਸ ਮਗਰੋਂ ਚਰਨਜੀਤ ਸਿੰਘ ਵਿਆਹ ਤੋਂ ਆਨਾਕਾਨੀ ਕਰਨ ਲੱਗਾ ਅਤੇ ਸੁਖਜੀਤ ਨੂੰ 50 ਲੱਖ ਰੁਪਏ ਦਾ ਲਾਲਚ ਦੇ ਕੇ ਕਤਲ ਕਰਨ ਵਾਸਤੇ ਆਖਿਆ। ਸੁਖਜੀਤ ਨੇ 12 ਤੋਂ 15 ਜੁਲਾਈ ਦਰਮਿਆਨ ਰੁਪਿੰਦਰ ਦਾ ਕਤਲ ਕਰ ਕੇ ਲਾਸ਼ ਖੁਰਦ ਬੁਰਦ ਕਰ ਦਿਤੀ।