ਘਿਰਿਆ ਸੁਖਬੀਰ ਧੜਾ! ਨਵੇਂ ਪ੍ਰਧਾਨ ਦੀ ਪਹਿਲੀ ਬੜ੍ਹਕ ਨੇ ਕੱਢਤੇ ਕੜਿੱਲ
ਪੰਜਾਬ ਦੀ ਪੰਥਕ ਸਿਆਸਤ ਵਿਚ ਪੰਜ ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ ਨੂੰ ਲੈ ਕੇ ਜੋ ਚਰਚਾ ਛਿੜੀ ਹੋਈ ਸੀ, ਉਸ ’ਤੇ ਅੱਜ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਪੰਜ ਮੈਂਬਰੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਗਏ ਆਦੇਸ਼ਾਂ ’ਤੇ ਚਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ,
ਚੰਡੀਗੜ੍ਹ : ਪੰਜਾਬ ਦੀ ਪੰਥਕ ਸਿਆਸਤ ਵਿਚ ਪੰਜ ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦਾ ਪ੍ਰਧਾਨ ਚੁਣੇ ਜਾਣ ਨੂੰ ਲੈ ਕੇ ਜੋ ਚਰਚਾ ਛਿੜੀ ਹੋਈ ਸੀ, ਉਸ ’ਤੇ ਅੱਜ ਉਸ ਸਮੇਂ ਵਿਰਾਮ ਲੱਗ ਗਿਆ ਜਦੋਂ ਪੰਜ ਮੈਂਬਰੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਗਏ ਆਦੇਸ਼ਾਂ ’ਤੇ ਚਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ, ਜਦਕਿ ਧਾਰਮਿਕ ਕੌਂਸਲ ਦੀ ਕਮਾਨ ਬੀਬੀ ਸਤਵੰਤ ਕੌਰ ਨੂੰ ਸੌਂਪੀ ਗਈ ਐ। ਪ੍ਰਧਾਨਗੀ ਵਾਲੀ ਚਰਚਾ ’ਤੇ ਬੇਸ਼ੱਕ ਵਿਰਾਮ ਲੱਗ ਗਿਆ ਹੋਵੇ,, ਪਰ ਗਿਆਨੀ ਹਰਪ੍ਰੀਤ ਸਿੰਘ ਦੇ ਲਾਵੇ ਵਾਂਗ ਤਪਦੇ ਬਿਆਨਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦੈ ਕਿ ਇਹ ਲੜਾਈ ਖ਼ਤਮ ਨਹੀਂ ਬਲਕਿ ਹਾਲੇ ਸ਼ੁਰੂ ਹੋਈ ਐ, ਜਿਸ ਦੇ ਸੰਕੇਤ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਨੇ ਆਪਣੇ ਭਾਸ਼ਣ ਵਿਚ ਹੀ ਦੇ ਦਿੱਤੇ ਨੇ। ਦੇਖੋ, ਸਾਡੀ ਇਹ ਖ਼ਾਸ ਰਿਪੋਰਟ :
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜ ਮੈਂਬਰੀ ਕਮੇਟੀ ਦੇ ਡੈਲੀਗੇਟ ਇਜਲਾਸ ਵਿਚ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ, ਜਿਸ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਦਿਆਂ ਹੀ ਆਪਣੇ ਪਹਿਲੇ ਭਾਸ਼ਣ ਵਿਚ ਜਿਸ ਤਰੀਕੇ ਨਾਲ ਸੁਖਬੀਰ ਧੜੇ ਨੂੰ ਕਰਾਰੇ ਹੱਥੀਂ ਲਿਆ ਏ, ਉਸ ਤੋਂ ਇੰਝ ਜਾਪਦਾ ੲੈ ਕਿ ਦੋਵੇਂ ਧੜਿਆਂ ਵਿਚਲੀ ਇਹ ਲੜਾਈ ਹੁਣ ਪ੍ਰਚੰਡ ਰੂਪ ਧਾਰਨ ਕਰਨ ਵਾਲੀ ਐ।
ਨਵੇਂ ਚੁਣੇ ਗਏ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਭਾਸ਼ਣ ਵਿਚ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਇਕ ਵਾਰ ਪ੍ਰਧਾਨ ਬਣੋ, ਫਿਰ ਦੱਸਾਂਗੇ। ਇਸ ’ਤੇ ਜੋ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਭਾਸ਼ਣ ਵਿਚ ਆਖੀ, ਉਹ ਨਵੀਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਿਚ ਜੋਸ਼ ਭਰਨ ਵਾਲੀ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤ ਹੀ ਤਿੱਖੇ ਸ਼ਬਦਾਂ ਵਿਚ ਸੁਖਬੀਰ ਧੜੇ ਨੂੰ ਚਿਤਾਵਨੀ ਦਿੱਤੀ ਕਿ ‘‘ਮੇਰੀ ਛੱਡੋ, ਜੇ ਮੇਰੇ ਕਿਸੇ ਵਰਕਰ ਦੀ ਵੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰਦਿਆਂ ਪਰਿਵਾਰਾਂ ਤੱਕ ਗਏ ਤਾਂ ਉਹ ਤੁਹਾਨੂੰ ਤੁਹਾਡੇ ਦਰਵਾਜ਼ੇ ’ਤੇ ਆ ਕੇ ਨੰਗਾ ਕਰਨਗੇ।’’
ਉਧਰ ਦੂਜੇ ਪਾਸੇ ਸੁਖਬੀਰ ਬਾਦਲ ਧੜਾ ਇਸ ਦਾ ਜਵਾਬ ਦੇਣ ਵਿਚ ਕਾਫ਼ੀ ਠੰਡਾ ਨਜ਼ਰ ਆਇਆ,, ਹੋਰ ਤਾਂ ਹੋਰ ਸੁਖਬੀਰ ਬਾਦਲ ਦੇ ਬਿਆਨ ਵਿਚ ਵੀ ਪਹਿਲਾਂ ਵਾਲੀ ਗਰਮੀ ਦਿਖਾਈ ਨਹੀਂ ਦਿੱਤੀ,, ਉਨ੍ਹਾਂ ਦੇ ਇਸ ਰੁਖ਼ ਨੇ ਸਾਫ਼ ਦਿਖਾ ਦਿੱਤਾ ਹੈ ਕਿ ਉਨ੍ਹਾਂ ਨੂੰ ਇਸ ਚੋਣ ਦੇ ਨਾਲ ਕਿੱਡਾ ਵੱਡਾ ਝਟਕਾ ਲੱਗਿਆ ਏ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸੁਰਜੀਤ ਸਿੰਘ ਰੱਖੜਾ, ਚੰਦੂਮਾਜਰਾ ਸਮੇਤ ਕੁੱਝ ਆਗੂਆਂ ਵੱਲੋਂ ਸੈਂਟਰ ਨਾਲ ਮਿਲ ਕੇ ਬਾਦਲ ਪਰਿਵਾਰ ਨੂੰ ਲਾਂਭੇ ਕਰਨ ਦੀ ਸਾਜਿਸ਼ ਕੀਤੀ ਜਾ ਗਈ, ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਦੀ ਸਾਰੀ ਖੇਡ ਖੇਡੀ ਗਈ।
ਸੁਖਬੀਰ ਬਾਦਲ ਦੇ ਇਸ ਬਿਆਨ ’ਤੇ ਹੈਰਾਨੀ ਹੁੰਦੀ ਐ ਅਤੇ ਉਹ ਇਸ ਬਿਆਨ ਵਿਚ ਖ਼ੁਦ ਹੀ ਫਸਦੇ ਦਿਖਾਈ ਦਿੰਦੇ ਨੇ ਕਿਉਂਕਿ ਜਦੋਂ ਉਨ੍ਹਾਂ ਦਾ ਖ਼ੁਦ ਦਾ ਭਾਜਪਾ ਨਾਲ ਗਠਜੋੜ ਸੀ ਤਾਂ ਉਹ ਚੰਗਾ ਸੀ,,,ਉਸ ਸਮੇਂ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਆਰਐਸਐਸ ਅਤੇ ਭਾਜਪਾ ਦੇ ਖ਼ਿਲਾਫ਼ ਬੋਲਣ ਤੋਂ ਰੋਕਿਆ ਜਾਂਦਾ ਸੀ, ਜਿਸ ਦਾ ਖ਼ੁਲਾਸਾ ਕਾਫ਼ੀ ਸਮਾਂ ਪਹਿਲਾਂ ਖ਼ੁਦ ਗਿਆਨੀ ਹਰਪ੍ਰੀਤ ਸਿੰਘ ਕਰ ਸ਼ਰ੍ਹੇਆਮ ਕਰ ਚੁੱਕੇ ਨੇ,, ਕਿ ਜੇਕਰ ਉਨ੍ਹਾਂ ਕੋਲੋਂ ਕੋਈ ਆਰਐਸਐਸ ਜਾਂ ਭਾਜਪਾ ਦੇ ਖ਼ਿਲਾਫ਼ ਗੱਲ ਹੋ ਜਾਂਦੀ ਸੀ ਤਾਂ ਝੱਟ ਉਨ੍ਹਾਂ ਨੂੰ ਫ਼ੋਨ ਆ ਜਾਂਦਾ ਸੀ ਕਿ ਇਹ ਕੰਮ ਨਾ ਕਰੋ, ਸਾਡਾ ਉਨ੍ਹਾਂ ਨਾਲ ਗਠਜੋੜ ਐ। ਹੁਣ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਅਮਲ ਕਰਦਿਆਂ ਇਕ ਪ੍ਰਕਿਰਿਆ ਦੇ ਤਹਿਤ ਨਵਾਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣ ਲਿਆ ਗਿਆ ਹੈ ਤਾਂ ਸੁਖਬੀਰ ਇਹ ਆਖ ਰਹੇ ਨੇ ਕਿ ਇਹ ਸਭ ਕੁੱਝ ਸੈਂਟਰ ਦੇ ਇਸ਼ਾਰੇ ’ਤੇ ਹੋ ਰਿਹਾ ਏ। ਕੀ ਪੰਜਾਬ ਦੇ ਲੋਕ ਸੁਖਬੀਰ ਦੀ ਇਸ ਗੱਲ ’ਤੇ ਯਕੀਨ ਕਰਨਗੇ?
ਹੋਰ ਤਾਂ ਹੋਰ ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਫਿਰ ਉਹੀ ਗੱਲ ਦੁਹਰਾਈ ਗਈ ਕਿ ਕਿਵੇਂ ਉਨ੍ਹਾਂ ਨੇ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਸਾਰਾ ਕੁੱਝ ਆਪਣਾ ਝੋਲੀ ਪਵਾ ਲਿਆ ਸੀ। ਹੈਰਾਨੀ ਇਸ ਗੱਲ ਦੀ ਹੁੰਦੀ ਕਿ ਜੇਕਰ ਸੁਖਬੀਰ ਨੇ ਸਾਰਾ ਕੁੱਝ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਖੜ੍ਹੇ ਹੋ ਕੇ ਆਪਣੀ ਝੋਲੀ ਪਵਾ ਹੀ ਲਿਆ ਸੀ ਤਾਂ ਧਾਰਮਿਕ ਸਜ਼ਾ ਭੁਗਤਣ ਤੋਂ ਬਾਅਦ ਬਾਹਰ ਆ ਕੇ ਸਫ਼ਾਈ ਦੇਣ ਦੀ ਕੀ ਲੋੜ ਪੈ ਗਈ ਸੀ? ਕੁੱਝ ਧਾਰਮਿਕ ਆਗੂਆਂ ਦਾ ਕਹਿਣਾ ਏ ਕਿ ਜਦੋਂ ਵੀ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਆਪਣੀ ਕੀਤੀਆਂ ਗ਼ਲਤੀਆਂ ਗੁਨਾਹਾਂ ਦੀ ਮੁਆਫ਼ੀ ਮੰਗਦਾ ਹੈ ਤਾਂ ਉਹ ਧਾਰਮਿਕ ਸਜ਼ਾ ਭੁਗਤਣ ਮਗਰੋਂ ਇਕ ਨਵਜੰਮੇ ਬੱਚੇ ਦੀ ਤਰ੍ਹਾਂ ਪਾਕਿ ਸਾਫ਼ ਹੋ ਜਾਂਦਾ ਹੈ,, ਪਰ ਸੁਖਬੀਰ ਬਾਦਲ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਮਗਰੋਂ ਜਨਤਾ ਨੂੰ ਸਫ਼ਾਈ ਦੇਣ ਵਿਚ ਜੁਟ ਕੇ ਉਨ੍ਹਾਂ ਨੇ ਤਾਂ ਸਭ ਕੁੱਝ ਖ਼ਤਮ ਕਰਨ ਵਾਸਤੇ ਸਭ ਕੁੱਝ ਆਪਣੀ ਝੋਲੀ ਪਵਾਇਆ ਸੀ। ਉਹ ਕਹਿੰਦੇ, ਜਦੋਂ ਬੇਅਦਬੀ ਹੋਈ, ਉਸ ਸਮੇਂ ਮੈਂ ਤਾਂ ਪੰਜਾਬ ਵਿਚ ਹੈ ਹੀ ਨਹੀਂ ਸੀ। ਆਓ ਪਹਿਲਾਂ ਤੁਹਾਨੂੰ ਸੁਖਬੀਰ ਬਾਦਲ ਦਾ ਉਹ ਪੁਰਾਣਾ ਬਿਆਨ ਵੀ ਸੁਣਾ ਦੇਨੇ ਆਂ, ਫੇਰ ਕਰਦੇ ਆਂ ਅਗਲੀ ਗੱਲਬਾਤ।
ਸੁਖਬੀਰ ਬਾਦਲ ਦੇ ਇਸ ਬਿਆਨ ਨੇ ਸੁਖਬੀਰ ਧੜੇ ਦੀ ਸਾਰੀ ਕਹਾਣੀ ਵਿਗਾੜ ਕੇ ਰੱਖ ਦਿੱਤੀ। ਜ਼ਿਆਦਾਤਰ ਲੋਕਾਂ ਨੇ ਸੁਖਬੀਰ ਦੇ ਇਸ ਬਿਆਨ ਨੂੰ ਇੰਝ ਦੇਖਿਆ ਕਿ ਜਿਵੇਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਢਾਹ ਲਗਾ ਰਹੇ ਹੋਣ। ਹੁਣ ਪੰਜ ਮੈਂਬਰੀ ਕਮੇਟੀ ਵੱਲੋਂ ਨਵੇਂ ਚੁਣੇ ਗਏ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਇਕ ਪੁਰਾਣਾ ਕਿੱਸਾ ਸਾਂਝਾ ਕੀਤਾ, ਉਥੇ ਇਹ ਵੀ ਆਖਿਆ ਕਿ ਜੋ ਬੰਦਾ ਅਕਾਲ ਤਖ਼ਤ ਸਾਹਿਬ ’ਤੇ ਆਪਣੇ ਕੋਲੋਂ ਗ਼ਲਤੀਆਂ ਕੋਤਾਹੀਆਂ ਕਬੂਲ ਲੈਂਦਾ ਹੈ, ਉਸ ’ਤੇ ਗੁਰੂ ਦੀ ਰਹਿਮਤ ਹੋ ਜਾਂਦੀ ਹੈ, ਪਰ ਸੁਖਬੀਰ ਬਾਦਲ ਇਤਿਹਾਸ ਦਾ ਪਹਿਲਾ ਅਜਿਹਾ ਬੰਦਾ ਹੈ, ਜੋ ਸੰਗਤ ਦਾ ਸਤਿਕਾਰ ਲੈਣ ਦੀ ਥਾਂ ਤ੍ਰਿਸਕਾਰ ਲੈ ਕੇ ਨਿਕਲਿਆ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸੁਖਬੀਰ ਧੜੇ ਵੱਲੋਂ ਪੰਜ ਮੈਂਬਰੀ ਕਮੇਟੀ ਦੇ ਸਮਾਗਮ ਵਿਚ ਅੜਿੱਕੇ ਡਾਹੁਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਹੋਰ ਤਾਂ ਹੋਰ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੰਜ ਮੈਂਬਰੀ ਕਮੇਟੀ ਨੂੰ ਸਮਾਗਮ ਲਈ ਤੇਜ਼ਾ ਸਿੰਘ ਸਮੁੰਦਰੀ ਹਾਲ ਤੋਂ ਇਲਾਵਾ ਹੋਰ ਕੋਈ ਵੀ ਹਾਲ ਦੇਣ ਤੋਂ ਇਨਕਾਰ ਕਰਕੇ ਇਸ ਵਿਚ ਸੁਖਬੀਰ ਬਾਦਲ ਦਾ ਪੂਰਾ ਸਾਥ ਦਿੱਤਾ ਗਿਆ। ਪੰਜ ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਇਕਬਾਲ ਸਿੰਘ ਝੂੰਦਾ ਵੱਲੋਂ ਇਸ ਗੱਲ ’ਤੇ ਹੈਰਾਨਗੀ ਜਤਾਈ ਗਈ ਕਿ ਜੋ ਸੰਸਥਾ ਸਾਰੇ ਸਿੱਖਾਂ ਦੀ ਸਾਂਝੀ ਹੋਵੇ, ਉਹ ਇੰਝ ਕਿਵੇਂ ਕਰ ਸਕਦੀ ਐ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ’ਤੇ ਟਿੱਪਣੀ ਕੀਤੀ ਗਈ ਪਰ ਉਨ੍ਹਾਂ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਨਹੀਂ ਬਲਕਿ ਸੁਖਬੀਰ ਬਾਦਲ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਨੂੰ ਨਾ ਪੰਜਾਬੀ ਬੋਲਣੀ ਆਉਂਦੀ ਐ ਅਤੇ ਨਾ ਹੀ ਉਸ ਨੂੰ ਧਰਮ ਦੀ ਸਮਝ ਐ। ਉਨ੍ਹਾਂ ਆਖਿਆ ਕਿ ਜੇ ਤੁਸੀਂ ਗ਼ਲਤੀਆਂ ਕੀਤੀਆਂ ਤਾਂ ਹੀ ਅਗਲਿਆਂ ਨੇ ਨਵਾਂ ਪ੍ਰਧਾਨ ਬਣਾਇਐ।
ਦੱਸ ਦਈਏ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਣਾ ਯਕੀਨਨ ਤੌਰ ’ਤੇ ਪੰਜਾਬ ਦੀ ਸਿਆਸਤ ਨੂੰ ਇਕ ਨਵਾਂ ਮੋੜ ਦੇਵੇਗਾ। ਜਿਸ ਤਰੀਕੇ ਨਾਲ ਨਵੀਂ ਪਾਰਟੀ ਵੱਲੋਂ ਝੂੰਦਾ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਸਮੇਤ ਹੋਰ ਐਲਾਨ ਕੀਤੇ ਗਏ ਨੇ, ਉਹ ਅਕਾਲੀ ਦਲ ਨੂੰ ਮਜ਼ਬੂਤੀ ਵੱਲ ਵਧਾਉਣ ਲਈ ਕਾਰਗਰ ਸਾਬਤ ਹੋਣਗੇ ਜਾਂ ਨਹੀਂ,,, ਇਹ ਆਉਣ ਵਾਲਾ ਸਮਾਂ ਦੱਸੇਗਾ।
ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ