ਪੰਜਾਬ 'ਚ ਸੁਸਤ ਪਿਆ ਮਾਨਸੂਨ, ਮੌਸਮ ਵਿਭਾਗ ਨੇ ਹੁਣ ਇਸ ਤਰੀਕ ਨੂੰ ਜਤਾਈ ਮੀਂਹ ਪੈਣ ਦੀ ਸੰਭਾਵਨਾ
ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਤਾਪਮਾਨ ਵਿੱਚ 2.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਤਾਪਮਾਨ ਆਮ ਵਾਂਗ ਹੋ ਗਿਆ ਹੈ ।;
ਚੰਡੀਗੜ੍ਹ : ਪੰਜਾਬ 'ਚ ਪਹਿਲੇ ਹਫ਼ਤੇ ਵਿੱਚ 3 ਦਿਨਾਂ ਲਈ ਭਾਰੀ ਅਲਰਟ ਦੇ ਬਾਵਜੂਦ, ਮੀਂਹ ਕੁਝ ਜ਼ਿਲ੍ਹਿਆਂ ਵਿੱਚ ਹੀ ਸਰਗਰਮ ਦੇਖਿਆ ਗਿਆ । ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਔਸਤਨ 46.1 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਹੁਣ ਤੱਕ ਪਹਿਲੇ ਸੱਤ ਦਿਨਾਂ ਵਿੱਚ ਸਿਰਫ਼ 32.9 ਮਿਲੀਮੀਟਰ ਮੀਂਹ ਹੀ ਪਿਆ ਹੈ । ਪੰਜਾਬ ਵਿੱਚ ਅਗਸਤ ਮਹੀਨੇ ਵਿੱਚ ਮਾਨਸੂਨ ਦੇ ਸਰਗਰਮ ਹੋਣ ਦੀ ਉਮੀਦ ਸੀ। ਇਸ ਦੇ ਬਾਵਜੂਦ ਪੰਜਾਬ ਵਿੱਚ 29 ਫੀਸਦੀ ਘੱਟ ਬਾਰਿਸ਼ ਹੋਈ ਹੈ। ਪੰਜਾਬ ਦੇ 9 ਜ਼ਿਲ੍ਹੇ ਅਜਿਹੇ ਹਨ ਜਿੱਥੇ ਇੱਕ ਬੂੰਦ ਵੀ ਮੀਂਹ ਨਹੀਂ ਪਿਆ । ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮੀਂਹ ਦੀ ਸੰਭਾਵਨਾ ਸਿਰਫ਼ 5 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਤੱਕ ਹੀ ਸੀਮਤ ਹੈ । ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਜਤਾਈ ਜਾ ਰਹੀ ਹੈ । ਇਸ ਦੇ ਚੱਲਦੇ ਵਿਭਾਗ ਵੱਲੋਂ ਇੱਕ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਗਈ ਜਿਸ ਚ ਦੱਸਿਆ ਗਿਆ ਕਿ ਅੱਜ ਵੀਰਾਵਰ ਅਤੇ ਸ਼ੁੱਕਰਵਾਰ ਨੂੰ ਪੰਜਾਬ 'ਚ ਮੀਂਹ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ । ਪਰ ਵਿਭਾਗ ਨੇ ਕਿਹਾ ਕਿ 10 ਅਗਸਤ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ । ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਬੁੱਧਵਾਰ ਨੂੰ ਹੋਈ ਹਲਕੀ ਬਾਰਿਸ਼ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਤਾਪਮਾਨ ਵਿੱਚ 2.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਤਾਪਮਾਨ ਆਮ ਵਾਂਗ ਹੋ ਗਿਆ ਹੈ ।
ਜਾਣੋ ਪੰਜਾਬ ਦੇ ਕਿਹੜੇ ਜ਼ਿਲ੍ਹੇ ਚ ਰਿਹਾ ਕਿੰਨ੍ਹਾਂ ਤਾਪਮਾਨ
ਲੁਧਿਆਣਾ : ਬੁੱਧਵਾਰ ਨੂੰ ਜ਼ਿਲ੍ਹੇ ਚ ਤਾਪਮਾਨ 33.2 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਅਤੇ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅੱਜ ਘੱਟੋ-ਘੱਟ ਤਾਪਮਾਨ 26 ਡਿਗਰੀ ਰਹਿ ਸਕਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 33 ਡਿਗਰੀ ਰਹਿਣ ਦੀ ਸੰਭਾਵਨਾ ਹੈ ।
ਅੰਮ੍ਰਿਤਸਰ : ਬੀਤੇ ਦਿਨ ਜ਼ਿਲ੍ਹੇ ਚ ਤਾਪਮਾਨ 33.4 ਡਿਗਰੀ ਰਿਕਾਰਡ ਕੀਤਾ ਗਿਆ ਹੈ । ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਜ਼ਿਲ੍ਹੇ 'ਚ ਤਾਪਮਾਨ 28 ਤੋਂ 34 ਡਿਗਰੀ ਦੇ ਵਿਚ ਰਹੇਗਾ ਅਤੇ ਇਸ ਦੇ ਨਾਲ ਹੀ ਹਲਕੇ ਬੱਦਲ ਅਤੇ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ ।
ਪਟਿਆਲਾ : ਜ਼ਿਲ੍ਹੇ 'ਚ ਬੁੱਧਵਾਰ ਨੂੰ 32 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਅਤੇ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪਟਿਆਲਾ ਚ ਤਾਪਮਾਨ 27 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਹੋ ਸਕਦਾ ਹੈ ।
ਜਲੰਧਰ : ਜ਼ਿਲ੍ਹੇ ਚ ਪਿਛਲੇ ਦਿਨ ਤਾਪਮਾਨ 33.8 ਡਿਗਰੀ ਰਿਕਾਰਡ ਕੀਤਾ ਗਿਆ ਅਤੇ ਅੱਜ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜ਼ਿਲ੍ਹੇ ਚ ਤਾਪਮਾਨ 27 ਤੋਂ 34 ਡਿਗਰੀ ਦੇ ਵਿਚਕਾਰ ਰਿਹ ਸਕਦਾ ਹੈ ।
ਮੋਹਾਲੀ : ਬੀਤੇ ਦਿਨ ਮੋਹਾਲੀ ਚ 31.9 ਡਿਗਰੀ ਦੇ ਨੇੜੇ ਤਾਪਮਾਨ ਰਿਕਾਰਡ ਕੀਤਾ ਗਿਆ ਹੈ, ਜਿਸ ਤੋਂ ਬਾਅਦ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅੱਜ ਮੋਹਾਲੀ 'ਚ ਤਾਪਮਾਨ 26 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਰਿਹ ਸਕਦਾ ਹੈ ।