ਮਾਨ ਦਲ ਨੇ ਐਸਜੀਪੀਸੀ ਕੋਲੋਂ 1984 ਸਮੇਤ ਸਿੱਖ ਕਤਲੇਆਮ ਦੀ ਜਾਂਚ ਤੇ ਰਿਕਾਰਡ ਮੰਗਿਆ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਦਾਸ ਤੇ ਪਾਰਟੀ ਦੇ ਜਰਨਲ ਸਕੱਤਰ ਉਪਕਾਰ ਸਿੰਘ ਸੰਧੂ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਹਰਮਨਦੀਪ ਸਿੰਘ ਸੁਲਤਾਨਵਿੰਡ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ।

Update: 2025-08-16 15:31 GMT

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਦਾਸ ਤੇ ਪਾਰਟੀ ਦੇ ਜਰਨਲ ਸਕੱਤਰ ਉਪਕਾਰ ਸਿੰਘ ਸੰਧੂ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਹਰਮਨਦੀਪ ਸਿੰਘ ਸੁਲਤਾਨਵਿੰਡ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੰਗ ਪੱਤਰ ਨਾਲ ਹੀ ਅਮਰੀਕੀ ਸਾਬਕਾ ਵਿਦੇਸ਼ ਮੰਤਰੀ ਮੈਡੇਲੀਨ ਅਲਬ੍ਰਾਈਟ ਦੀ ਲਿਖੀ ਤੇ ਰਾਸ਼ਟਰਪਤੀ ਬਿਲ ਕਲਿੰਟਨ ਵੱਲੋਂ ਜਾਣ-ਪਛਾਣ ਕੀਤੀ ਕਿਤਾਬ ਦ ਮਾਈਟੀ ਐਂਡ ਦ ਆਲਮਾਈਟੀ ਦੀ ਪਹਿਲੀ ਐਡੀਸ਼ਨ ਦੀ ਕਾਪੀ ਸ੍ਰੋਮਣੀ ਕਮੇਟੀ ਨੂੰ ਸੌਂਪ ਕੇ ਗੁਰੂ ਰਾਮਦਾਸ ਸਿੱਖ ਰੈਫਰੈਂਸ ਲਾਇਬ੍ਰੇਰੀ, ਸ੍ਰੀ ਅੰਮ੍ਰਿਤਸਰ ਵਿੱਚ ਦਰਜ ਕਰਨ ਦੀ ਬੇਨਤੀ ਕੀਤੀ ਹੈ।


ਇਮਾਨ ਸਿੰਘ ਮਾਨ ਨੇ ਦੱਸਿਆ ਕਿ ਇਸ ਕਿਤਾਬ ਦੇ ਪਹਿਲੇ ਐਡੀਸ਼ਨ ਵਿੱਚ ਰਾਸ਼ਟਰਪਤੀ ਕਲਿੰਟਨ ਨੇ ਖੁੱਲ੍ਹੇ ਸ਼ਬਦਾਂ ਵਿੱਚ ਦਰਜ ਕੀਤਾ ਸੀ ਕਿ 20 ਮਾਰਚ, 2000 ਨੂੰ ਚਿੱਟੀਸਿੰਘਪੁਰਾ ਵਿੱਚ “ਹਿੰਦੂ ਅੱਤਵਾਦੀਆਂ” ਨੇ 38 ਸਿੱਖਾਂ ਨੂੰ ਕਤਲ ਕਰ ਦਿੱਤਾ ਸੀ। ਹਾਲਾਂਕਿ ਬਾਅਦ ਦੇ ਐਡੀਸ਼ਨਾਂ ਵਿੱਚ ਮੀਰਾਮੈਕਸ ਬੁਕਸ ਵੱਲੋਂ ਇਹ ਪਹਿਰਾ ਹਟਾ ਦਿੱਤਾ ਗਿਆ, ਪਰ ਕਲਿੰਟਨ ਨੇ ਕਦੇ ਵੀ ਆਪਣਾ ਬਿਆਨ ਵਾਪਸ ਨਹੀਂ ਲਿਆ। ਉਨ੍ਹਾਂ ਕਿਹਾ ਇਸ ਕਰਕੇ ਇਹ ਅਸਲੀ ਕਿਤਾਬ ਸਿੱਖ ਇਤਿਹਾਸ ਲਈ ਭਰੋਸੇਮੰਦ ਸਰੋਤ ਹੈ ਤੇ ਆਉਣ ਵਾਲੀਆਂ ਪੀੜੀਆਂ ਲਈ ਸੰਭਾਲੀ ਜਾਣੀ ਚਾਹੀਦੀ ਹੈ।


ਉਨ੍ਹਾਂ ਕਿਹਾ ਕਿ ਇਹ ਪਹਿਰਾ ਕੱਟਣ ਵਾਲੇ ਮੀਰਾਮੈਕਸ ਖ਼ਿਲਾਫ਼ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਇਸੇ ਨਾਲ, ਉਨ੍ਹਾਂ ਨੇ ਆਉਣ ਵਾਲੀ ਫ਼ਿਲਮ “ਧੁਰੰਧਰ” 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਕਿਉਂਕਿ ਇਹ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਵਡਿਆਈ ਕਰਦੀ ਹੈ।ਜਿਸਦਾ ਨਾਮ ਕੇਪੀਐਸ ਗਿੱਲ ਦੇ ਘਿਣਾਉਣੇ ਕਾਰਨਾਮਿਆਂ, ਮਨੁੱਖੀ ਅਧਿਕਾਰਾਂ ਦੇ ਉਲੰਘਣਾਂ, ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਅਤੇ 25,000 ਲਾਵਾਰਿਸ ਲਾਸ਼ਾਂ ਦੇ ਸੰਸਕਾਰ ਨਾਲ ਜੁੜਿਆ ਹੋਇਆ ਹੈ। ਇਮਾਨ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਦੇਰੀ 'ਤੇ ਵੀ ਤਿੱਖਾ ਵਿਰੋਧ ਜ਼ਾਹਰ ਕੀਤਾ।


ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜ਼ਾਣ-ਬੁੱਝ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲਟਕਾ ਰਹੀ ਹੈ ਤਾਂ ਜੋ ਸਿੱਖ ਨੌਜਵਾਨ ਪੀੜ੍ਹੀ ਨੂੰ ਇਸ ਲੋਕਤੰਤਰੀ ਪ੍ਰਕਿਰਿਆ ਬਾਰੇ ਕੋਈ ਜਾਣਕਾਰੀ ਨਾ ਹੋਵੇ। ਇਸ ਤੋਂ ਇਲਾਵਾ, ਮਾਨ ਨੇ ਯਾਦ ਦਿਵਾਇਆ ਕਿ ਗੁਰਦੁਆਰਾ ਐਕਟ ਦੀ ਧਾਰਾ 87ਏ ਤਹਿਤ ਗੁਰਦੁਆਰਾ ਚੋਣ 2005 ਤੋਂ ਰੁਕੀ ਹੋਈ ਹੈ, ਜੋ ਕਰਵਾਉਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਪਰ, ਉਨ੍ਹਾਂ ਦੇ ਅਨੁਸਾਰ, ਰਾਜ ਸਰਕਾਰ ਨੇ ਇਸ ਬਾਰੇ ਕੋਈ ਚਿੰਤਾ ਨਹੀਂ ਦਿਖਾਈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਇਤਿਹਾਸਕ ਦਸਤਾਵੇਜ਼ੀ ਸੱਚਾਈਆਂ ਦਰਜ ਕਰਵਾ ਕੇ ਕੌਮ ਨੂੰ ਸੱਚ ਨਾਲ ਜੋੜਨ ਲਈ ਵਚਨਬੱਧ ਹੈ।


ਇਸ ਮੋਕੇ ਦਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ। ਮਾਨ ਨੇ ਦੋਸ਼ ਲਗਾਇਆ ਕਿ ਭਾਰਤ ਸਰਕਾਰ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੰਮ ਕਰ ਰਹੀ ਹੈ, ਜਿਸ ਵਿੱਚ ਨਾ ਸਿਰਫ਼ ਸਿੱਖਾਂ ਬਲਕਿ ਮੁਸਲਮਾਨਾਂ ਨੂੰ ਵੀ ਟਾਰਗਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਸ਼ਮੀਰ ਤੇ ਪੰਜਾਬ ਵਿੱਚ ਹੋਏ ਕਈ ਕਤਲੇਆਮਾਂ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਉੱਤੇ ਹੋਈਆਂ ਕਾਰਵਾਈਆਂ ਦੇ ਪਿੱਛੇ ਉਹਦਾ ਹੱਥ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਐਸ. ਜੀ. ਪੀ. ਸੀ. ਨੂੰ ਮੰਗ ਕੀਤੀ ਹੈ ਕਿ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਦਿਹਾੜੇ ਨੂੰ ਸਰਕਾਰੀ ਪੱਧਰ ‘ਤੇ ਮਨਾਇਆ ਜਾਵੇ ਅਤੇ ਜੇਕਰ ਕਮੇਟੀ ਇਹ ਨਾ ਕਰੇ ਤਾਂ ਪਾਰਟੀ ਵੱਲੋਂ ਖੁਦ ਸਾਰੇ ਮੁੱਖ ਤਖ਼ਤ ਸਾਹਿਬਾਂ ਤੇ ਯਾਦਗਾਰੀ ਸਮਾਗਮ ਕਰਵਾਏ ਜਾਣਗੇ।


ਨਾਲ ਹੀ, ਪੰਜਾਬ–95 ਫਿਲਮ ਬਿਨਾਂ ਕਿਸੇ ਐਡੀਟਿੰਗ ਤੋਂ ਰਿਲੀਜ਼ ਕਰਨ ਅਤੇ ਜਸਵੰਤ ਸਿੰਘ ਖਾਲੜਾ ਉੱਤੇ ਬਣ ਰਹੀ ਫਿਲਮ ਦਾ ਬੈਨ ਲਗਾਉਣ ਦੀ ਵੀ ਮੰਗ ਕੀਤੀ ਗਈ ਹੈ। ਇਮਾਨ ਸਿੰਘ ਮਾਨ ਨੇ ਐਸ. ਜੀ. ਪੀ. ਸੀ. ਦੀ ਮੌਜੂਦਾ ਹਾਲਤ ‘ਤੇ ਵੀ ਸਵਾਲ ਉਠਾਇਆ ਤੇ ਕਿਹਾ ਕਿ 2011 ਤੋਂ ਬਾਅਦ ਕੋਈ ਚੋਣ ਨਹੀਂ ਹੋਈ। 2016, 2021 ਅਤੇ ਹੁਣ 2026 ਵਿੱਚ ਹੋਣ ਵਾਲੀਆਂ ਚੋਣਾਂ ਲਗਾਤਾਰ ਟਾਲੀਆਂ ਗਈਆਂ ਹਨ ਜਿਸ ਕਰਕੇ ਕਮੇਟੀ ਆਪਣਾ ਲੋਕਤਾਂਤਰਿਕ ਹੱਕ ਖੋ ਬੈਠੀ ਹੈ। ਉਨ੍ਹਾਂ ਦੇ ਅਨੁਸਾਰ, ਐਸ. ਜੀ. ਪੀ. ਸੀ. ਨੂੰ ਮੁੜ ਜਿਵੰਤ ਕਰਨ ਲਈ ਚੋਣਾਂ ਲਾਜ਼ਮੀ ਹਨ।

Tags:    

Similar News