ਪੰਜਾਬ 'ਚ ਨੌਜਵਾਨਾਂ ਨੂੰ ਸ਼ਕਤੀਕਰਨ ਲਈ ‘ਮਿਸ਼ਨ ਪ੍ਰਗਤੀ’ ਦੀ ਸ਼ੁਰੂਆਤ

ਸ਼ਹੀਦ ਭਗਤ ਸਿੰਘ ਨਗਰ (ਐਸ.ਬੀ.ਐਸ. ਨਗਰ) ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇਕ ਇਤਿਹਾਸਕ ਪਹਿਲਕਦਮੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ (ਡੀਬੀਈਈ) ਦੇ ਸਹਿਯੋਗ ਨਾਲ ‘ਮਿਸ਼ਨ ਪ੍ਰਗਤੀ’ ਦੀ ਸ਼ੁਰੂਆਤ ਕੀਤੀ।;

Update: 2025-02-04 14:30 GMT

ਐਸ.ਬੀ.ਐਸ. ਨਗਰ (ਨਵਾਂ ਸ਼ਹਿਰ) : ਸ਼ਹੀਦ ਭਗਤ ਸਿੰਘ ਨਗਰ (ਐਸ.ਬੀ.ਐਸ. ਨਗਰ) ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇਕ ਇਤਿਹਾਸਕ ਪਹਿਲਕਦਮੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ (ਡੀਬੀਈਈ) ਦੇ ਸਹਿਯੋਗ ਨਾਲ ‘ਮਿਸ਼ਨ ਪ੍ਰਗਤੀ’ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਦਾ ਉਦਘਾਟਨ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਸੀਨੀਅਰ ਪੁਲਿਸ ਕਪਤਾਨ ਡਾ. ਮਹਿਤਾਬ ਸਿੰਘ ਨੇ ਕੀਤਾ। ਇਸ ਤਹਿਤ ਸਿਖਿਆਰਥੀਆਂ ਨੂੰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲਈਆਂ ਜਾਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਵਿਸ਼ੇਸ਼ ਕੋਚਿੰਗ ਦਿੱਤੀ ਜਾਵੇਗੀ। 

ਇਹ ਪਹਿਲਕਦਮੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੌਜਵਾਨਾਂ ਦੀ ਭਲਾਈ ਅਤੇ ਸਾਰਿਆਂ ਲਈ ਬਰਾਬਰ ਮੌਕੇ ਯਕੀਨੀ ਬਣਾਏ ਜਾਣ ਦੇ ਸੁਪਨੇ ਨਾਲ ਮੇਲ ਖਾਂਦੀ ਹੈ। ਮਿਸ਼ਨ ਪ੍ਰਗਤੀ ਪ੍ਰੀਖਿਆਵਾਂ ਜਿਵੇਂ ਕਿ ਪੁਲਿਸ, ਫੌਜ, ਅਗਨੀਵੀਰ, ਪੰਜਾਬ ਸਿਵਲ ਸਰਵਿਸਿਜ਼, ਬੈਂਕਿੰਗ ਪ੍ਰੀਖਿਆਵਾਂ ਅਤੇ ਹੋਰ ਪ੍ਰੀਖਿਆਵਾਂ ਲਈ ਵਿਆਪਕ ਸਿਖਲਾਈ ਦੀ ਪੇਸ਼ਕਸ਼ ਕਰੇਗਾ। ਇਹ ਪ੍ਰੋਗਰਾਮ ਸਰਕਾਰੀ ਆਈ.ਟੀ.ਆਈ. ਨਵਾਂਸ਼ਹਿਰ ਵਿਖੇ ਕਰਵਾਇਆ ਜਾਵੇਗਾ, ਜਿਸ ਵਿੱਚ ਲਿਖਤੀ ਅਤੇ ਸਰੀਰਕ ਪ੍ਰੀਖਿਆ ਦੀ ਤਿਆਰੀ ਲਈ ਇੱਕੋ ਛੱਤ ਹੇਠ ਵਨ-ਸਟਾਪ ਪਲੇਟਫਾਰਮ ਮੁਹੱਈਆ ਕਰਵਾਇਆ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਚਾਹਵਾਨਾਂ ਲਈ ਸਮੇਂ ਸਿਰ ਮਾਰਗਦਰਸ਼ਨ ਅਤੇ ਸਾਧਨਾਂ ਦੀ ਮਹੱਤਤਾ `ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜ਼ਿਲ੍ਹੇ ਦਾ ਕੋਈ ਵੀ ਚਾਹਵਾਨ ਉਮੀਦਵਾਰ ਸਾਧਨਾਂ ਜਾਂ ਮਾਰਗਦਰਸ਼ਨ ਦੀ ਘਾਟ ਕਾਰਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਮੌਕੇ ਤੋਂ ਵਾਂਝਾ ਨਾ ਰਹੇ। ਇਹ ਪ੍ਰੋਗਰਾਮ ਸਿਰਫ਼ ਪ੍ਰੀਖਿਆ ਦੀ ਤਿਆਰੀ ਬਾਰੇ ਹੀ ਨਹੀਂ ਹੈ, ਸਗੋਂ ਸਿਹਤਯਾਬੀ, ਨੌਜਵਾਨਾਂ ਵਿੱਚ ਉਤਪਾਦਕਤਾ ਅਤੇ ਸਵੈ-ਅਨੁਸ਼ਾਸਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਵੀ ਹੈ।

ਇਹ ਸਿਖਲਾਈ ਉੱਤਰੀ ਭਾਰਤ ਦੀ ਇਕ ਨਾਮਵਰ ਕੋਚਿੰਗ ਸੰਸਥਾ ਗਿਆਨਮ ਕੋਚਿੰਗ ਸੰਸਥਾ ਵੱਲੋਂ ਦਿੱਤੀ ਜਾਵੇਗੀ। ਪਹਿਲਾ ਬੈਚ ਐਸ.ਬੀ.ਐਸ. ਨਗਰ ਦੇ 35 ਨੌਜਵਾਨ ਵਿਦਿਆਰਥੀਆਂ ਨਾਲ ਸ਼ੁਰੂ ਹੋਵੇਗਾ। ਪ੍ਰਤੀਯੋਗੀ ਪ੍ਰੀਖਿਆਵਾਂ ਲਈ ਸਿਖਿਆਰਥੀਆਂ ਨੂੰ ਜ਼ਰੂਰੀ ਸਰੀਰਕ ਮਾਪਦੰਡਾਂ ਬਾਰੇ ਕਿਤਾਬਾਂ, ਸਿਖਲਾਈ ਸਮੱਗਰੀ ਅਤੇ ਮਾਹਰਾਂ ਰਾਹੀਂ ਮਾਰਗ ਦਰਸ਼ਨ ਮੁਹੱਈਆ ਕੀਤਾ ਜਾਵੇਗਾ। ਸੇਵਾ ਕਰ ਰਹੇ ਅਧਿਕਾਰੀਆਂ ਨੂੰ ਵੀ ਉਮੀਦਵਾਰਾਂ ਨਾਲ ਆਪਣੀ ਮੁਹਾਰਤ ਸਾਂਝੀ ਕਰਨ ਲਈ ਸੱਦਿਆ ਜਾਵੇਗਾ।

ਸਿਖਲਾਈ ਪ੍ਰੋਗਰਾਮ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ, ਬਾਰਾਂਦਰੀ ਬਾਗ ਵਿਖੇ ਪੂਰੀ ਤਰ੍ਹਾਂ ਵਾਤਾਅਨੁਕੂਲਿਤ ਜ਼ਿਲ੍ਹਾ ਲਾਇਬ੍ਰੇਰੀ ਦਾ ਉਦਘਾਟਨ ਕਰਨ ਲਈ ਵੀ ਤਿਆਰ-ਬਰ-ਤਿਆਰ ਹੈ, ਜੋ ਮੁਫ਼ਤ ਵਾਈ-ਫਾਈ, ਅਖਬਾਰਾਂ ਅਤੇ ਨਵੀਨਤਮ ਮੁਕਾਬਲੇ ਵਾਲੀਆਂ ਕਿਤਾਬਾਂ ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਡੀ.ਬੀ.ਈ.ਈ. ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਹੋਰ ਲਾਇਬ੍ਰੇਰੀ ਪਹਿਲਾਂ ਹੀ ਕਾਰਜਸ਼ੀਲ ਹੈ, ਜੋ ਚਾਹਵਾਨਾਂ ਨੂੰ ਉਨ੍ਹਾਂ ਦੀ ਪੜ੍ਹਾਈ ਲਈ ਅਣਮੁੱਲੇ ਸਰੋਤ ਪ੍ਰਦਾਨ ਕਰਦੀ ਹੈ।

ਇਸ ਪਹਿਲਕਦਮੀ ਬਾਰੇ ਬੋਲਦਿਆਂ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਇਹ ਪ੍ਰਸ਼ਾਸਨ ਦੁਆਰਾ ਕੀਤੀ ਗਈ ਸਭ ਤੋਂ ਵਧੀਆ ਪਹਿਲਕਦਮੀ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਉਮੀਦਵਾਰ ਉਨ੍ਹਾਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੇ ਮਾਪਦੰਡਾਂ ਬਾਰੇ ਪੁੱਛਣ ਲਈ ਆਉਂਦੇ ਹਨ। ਇਸ ਲਈ ਇਹ ਪਹਿਲਕਦਮੀ ਬਹੁਤ ਸਾਰੇ ਲੋਕਾਂ ਲਈ ਜੀਵਨ ਬਦਲਣ ਵਾਲਾ ਤਜਰਬਾ ਹੋਵੇਗਾ ਅਤੇ ਜ਼ਿਲ੍ਹੇ ਦੇ ਨੌਜਵਾਨਾਂ ਲਈ ਵਨ ਸਟਾਪ ਮਾਰਗਦਰਸ਼ਨ ਪਲੇਟਫਾਰਮ ਹੋਵੇਗਾ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਡਾ. ਅਕਸ਼ਿਤਾ ਗੁਪਤਾ ਆਈ.ਏ.ਐਸ., ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਦੀਪ ਕੁਮਾਰ ਵੀ ਹਾਜ਼ਰ ਸਨ। ਡਾ. ਅਕਸ਼ਿਤਾ ਗੁਪਤਾ ਮਿਸ਼ਨ ਪ੍ਰਗਤੀ ਲਈ ਨੋਡਲ ਅਫ਼ਸਰ ਹੋਣਗੇ।

Tags:    

Similar News