ਜਾਣੋ, ਕਿਉਂ ਐਸਜੀਪੀਸੀ ਪ੍ਰਧਾਨ ਦੀ ਚੋਣ ਹਾਰੀ ਬੀਬੀ ਜਗੀਰ ਕੌਰ?

ਐਸਜੀਪੀਸੀ ਪ੍ਰਧਾਨ ਦੀ ਚੋਣ ਵਿਚ ਬੀਤੇ ਦਿਨੀਂ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਪ੍ਰਧਾਨ ਚੁਣੇ ਗਏ, ਜਦਕਿ ਅਕਾਲੀ ਦਲ ਦੀ ਹਾਲਤ ਨੂੰ ਦੇਖਦਿਆਂ ਬੀਬੀ ਜਗੀਰ ਕੌਰ ਦੇ ਜਿੱਤਣ ਦੇ ਕਿਆਸ ਲਗਾਏ ਜਾ ਰਹੇ ਸੀ। ਖ਼ੁਦ ਬੀਬੀ ਵੱਲੋਂ ਆਪਣੇ ਨਾਲ 125 ਮੈਂਬਰ ਹੋਣ ਦਾ ਦਾਅਵਾ ਕੀਤਾ ਗਿਆ ਸੀ;

Update: 2024-11-02 13:21 GMT

ਚੰਡੀਗੜ੍ਹ : ਐਸਜੀਪੀਸੀ ਪ੍ਰਧਾਨ ਦੀ ਚੋਣ ਵਿਚ ਬੀਤੇ ਦਿਨੀਂ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਪ੍ਰਧਾਨ ਚੁਣੇ ਗਏ, ਜਦਕਿ ਅਕਾਲੀ ਦਲ ਦੀ ਹਾਲਤ ਨੂੰ ਦੇਖਦਿਆਂ ਬੀਬੀ ਜਗੀਰ ਕੌਰ ਦੇ ਜਿੱਤਣ ਦੇ ਕਿਆਸ ਲਗਾਏ ਜਾ ਰਹੇ ਸੀ। ਖ਼ੁਦ ਬੀਬੀ ਵੱਲੋਂ ਆਪਣੇ ਨਾਲ 125 ਮੈਂਬਰ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਜਦੋਂ ਚੋਣ ਨਤੀਜਾ ਆਇਆ ਤਾਂ ਬੀਬੀ ਨੂੰ ਪਿਛਲੀ ਵਾਰ ਨਾਲੋਂ ਵੀ ਘੱਟ ਮਹਿਜ਼ 33 ਵੋਟਾਂ ਹੀ ਨਿਕਲੀਆਂ ਜਦਕਿ ਜਦੋਂ ਬੀਬੀ ਬਾਗ਼ੀਆਂ ਦੀ ਸੁਪੋਰਟ ਤੋਂ ਬਿਨਾਂ ਚੋਣ ਲੜੀ ਸੀ ਤਾਂ ਬੀਬੀ ਨੂੰ 45 ਵੋਟਾਂ ਪੈ ਗਈਆਂ ਸੀ। ਹੁਣ ਅਕਾਲੀ ਦਲ ਦਾ ਇਕ ਵੱਡਾ ਧੜਾ ਹੋਣ ਦੇ ਬਾਵਜੂਦ ਆਖ਼ਰਕਾਰ ਕਿਵੇਂ ਘਟ ਗਈਆਂ ਬੀਬੀ ਦੀਆਂ ਵੋਟਾਂ? ਕਿਉਂ ਕਰਨਾ ਪਿਆ ਕਰਾਰੀ ਹਾਰ ਦਾ ਸਾਹਮਣਾ? 

ਸਿੱਖਾਂ ਦੀ ਜਮਾਤ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਪਿਛਲੇ ਕਾਫ਼ੀ ਸਮੇਂ ਕਾਫ਼ੀ ਨਾਜ਼ੁਕ ਬਣੀ ਹੋਈ ਐ, ਜਿਸ ਦੇ ਚਲਦਿਆਂ ਅਕਾਲੀ ਦਲ ਨੂੰ ਲਗਭਗ ਹਰ ਚੋਣਾਂ ਵਿਚ ਕਰਾਰੀ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਏ। ਹੁਣ ਜਦੋਂ ਪਿਛਲੇ ਕਾਫ਼ੀ ਦਿਨਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਾਰਟੀ ਸਰਗਰਮੀਆਂ ਤੋਂ ਲਾਂਭੇ ਹੋ ਕੇ ਬੈਠੇ ਹੋਏ ਨੇ ਤਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਵੀ ਅਕਾਲੀ ਦਲ ਦੇ ਹੱਥੋਂ ਜਾਵੇਗੀ।

ਚੋਣ ਤੋਂ ਪਹਿਲਾਂ ਪੰਥਕ ਹਵਾ ਦਾ ਰੁਖ਼ ਕੁੱਝ ਅਜਿਹਾ ਹੀ ਜਾਪ ਰਿਹਾ ਸੀ, ਫਿਰ ਅਕਾਲੀ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਖ਼ਿਲਾਫ਼ ਚੋਣ ਲੜਨ ਵਾਲੀ ਬੀਬੀ ਜਗੀਰ ਕੌਰ ਵੱਲੋਂ ਵੀ ਧੜੱਲੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਸ ਨੂੰ ਇਸ ਵਾਰ 125 ਮੈਂਬਰਾਂ ਦਾ ਸਮਰਥਨ ਹਾਸਲ ਐ, ਜਿਸ ਕਰਕੇ ਇਸ ਵਾਰ ਜਿੱਤ ਉਨ੍ਹਾਂ ਦੀ ਹੀ ਹੋਵੇਗੀ। ਹੋਰ ਤਾਂ ਹੋਰ ਅਕਾਲੀ ਉਮੀਦਵਾਰ ਵੱਲੋਂ ਆਪਣੇ ਵਿਰੋਧੀਆਂ ’ਤੇ ਮੈਂਬਰਾਂ ਦੀ ਖ਼ਰੀਦੋ ਫ਼ਰੋਖ਼ਤ ਤੱਕ ਦੇ ਇਲਜ਼ਾਮ ਲਗਾਏ ਗਏ,, ਪਰ ਇਸ ਸਭ ਦੇ ਬਾਵਜੂਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ 107 ਵੋਟਾਂ ਲੈਕੇ ਚੋਣ ਜਿੱਤ ਗਏ, ਜਦਕਿ ਬੀਬੀ ਨੂੰ ਮਹਿਜ਼ 33 ਵੋਟਾਂ ’ਤੇ ਹੀ ਸਬਰ ਕਰਨਾ ਪਿਆ।

ਚੋਣਾਂ ਨਿਬੜ ਗਈਆਂ, ਸਭ ਕੁੱਝ ਹੋ ਗਿਆ ਪਰ ਇਕ ਸਵਾਲ ਸਾਰਿਆਂ ਦੇ ਜ਼ਿਹਨ ਵਿਚ ਜ਼ਰੂਰ ਗੂੰਜ ਰਿਹਾ ਏ ਕਿ ਆਖ਼ਰਕਾਰ ਅਜਿਹਾ ਕਿਵੇਂ ਹੋ ਗਿਆ ਕਿ ਬੀਬੀ ਪਹਿਲਾਂ ਜਿੰਨੀਆਂ ਵੋਟਾਂ ਵੀ ਨਹੀਂ ਹਾਸਲ ਕਰ ਸਕੀ? ਇਸ ਨੂੰ ਲੈ ਕੇ ਕਈ ਤਰ੍ਹਾਂ ਅੰਦਰੂਨੀ ਖ਼ਬਰਾਂ ਸਾਹਮਣੇ ਆ ਰਹੀਆਂ ਨੇ। ਕੁੱਝ ਲੋਕ ਇਹ ਆਖ ਰਹੇ ਨੇ ਕਿ ਇਹ ਜਿੱਤ ਐਵੇਂ ਨਹੀਂ ਹੋਈ, ਬਲਕਿ ਐਸਜੀਪੀਸੀ ਮੈਂਬਰਾਂ ਨੇ ਅਕਾਲੀ ਦਲ ਕੋਲੋਂ ਕਈ ਤਰ੍ਹਾਂ ਦੀਆਂ ਸ਼ਰਤਾਂ ਮਨਵਾਈਆਂ ਨੇ।

ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਇਸ ਤਰ੍ਹਾਂ ਦੀਆਂ ਚਰਚਾਵਾਂ ਦਾ ਬਜ਼ਾਰ ਜ਼ਰੂਰ ਗਰਮ ਹੋਇਆ ਪਿਆ ਏ। ਚੋਣ ਤੋਂ ਪਹਿਲਾਂ ਅਕਾਲੀ ਉਮੀਦਵਾਰ ਧਾਮੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਵਿਰੋਧੀ ਭਾਜਪਾ ਅਤੇ ਆਰਐਸਐਸ ਦੇ ਧੱਕੇ ਚੜ੍ਹੇ ਹੋਏ ਨੇ ਪਰ ਹੁਣ ਜਦੋਂ ਐਡਵੋਕੇਟ ਧਾਮੀ ਦੀ ਜਿੱਤ ਹੋ ਚੁੱਕੀ ਐ ਤਾਂ ਕੀ ਹੁਣ ਇਹ ਕਿਹਾ ਜਾ ਸਕਦਾ ਏ ਕਿ ਇਸ ਚੋਣ ਵਿਚ ਭਾਜਪਾ ਦਾ ਕੋਈ ਰੋਲ ਨਹੀਂ?

ਇਹ ਪਹਿਲੀ ਵਾਰ ਹੋਇਆ ਏ ਜਦੋਂ ਬਾਦਲਾਂ ਦੀ ਗ਼ੈਰ ਮੌਜੂਦਗੀ ਵਿਚ ਐਸਜੀਪੀਸੀ ਦਾ ਪ੍ਰਧਾਨ ਚੁਣਿਆ ਗਿਆ ਏ। ਕੁੱਝ ਲੋਕ ਇਹ ਵੀ ਆਖ ਰਹੇ ਨੇ ਕਿ ਇਸ ਜਿੱਤ ਦਾ ਕਾਰਨ ਸੁਖਬੀਰ ਬਾਦਲ ਦਾ ਅਕਾਲੀ ਦਲ ਤੋਂ ਕਿਨਾਰਾ ਕਰਕੇ ਬੈਠੇ ਹੋਣਾ ਐ ਕਿਉਂਕਿ ਸਾਰੇ ਲੋਕਾਂ ਵਿਚ ਇਹੀ ਆਵਾਜ਼ ਉਠ ਰਹੀ ਸੀ ਕਿ ਸੁਖਬੀਰ ਬਾਦਲ ਨੂੰ ਅਕਾਲੀ ਦਲ ਤੋਂ ਲਾਂਭੇ ਹੋ ਜਾਣਾ ਚਾਹੀਦਾ ਏ, ਫਿਰ ਹੀ ਅਕਾਲੀ ਦਲ ਦੀ ਤਰੱਕੀ ਹੋ ਸਕਦੀ ਐ।

ਹੋ ਸਕਦਾ ਏ ਕਿ ਮੈਂਬਰਾਂ ਨੇ ਇਸੇ ਗੱਲ ’ਤੇ ਹੀ ਫੁੱਲ ਚਾੜ੍ਹੇ ਹੋਣ। ਉਂਝ ਇਸ ਜਿੱਤ ਦਾ ਇਕ ਹੋਰ ਕਾਰਨ ਵੀ ਐ, ਉਹ ਐ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਖ਼ਸ਼ੀਅਤ। ਇਸ ਗੱਲ ਵੀ ਕੋਈ ਸ਼ੱਕ ਨਹੀਂ ਕਿ ਐਡਵੋਕੇਟ ਧਾਮੀ ਜ਼ਮੀਨ ਨਾਲ ਜੁੜੇ ਹੋਏ ਸਿੱਖ ਆਗੂ ਨੇ, ਉਹ ਜੋ ਵੀ ਗੱਲ ਕਰਦੇ ਨੇ, ਧੜੱਲੇ ਨਾਲ ਕਰਦੇ ਨੇ। ਉਨ੍ਹਾਂ ਵਿਚ ਵਿਰੋਧੀਆਂ ਨੂੰ ਠੱਲ੍ਹਣ ਦਾ ਵੀ ਮਾਦਾ ਵੀ ਮੌਜੂਦ ਐ। ਇਨ੍ਹਾਂ ਚਰਚਾਵਾਂ ਦੇ ਵਿਚਕਾਰ ਇਕ ਚਰਚਾ ਇਹ ਵੀ ਚੱਲ ਰਹੀ ਐ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਰੀਬ 13 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ, ਜਿਸ ਕਰਕੇ ਇਸ ਵਿਚ ਕਾਫ਼ੀ ਵੱਡੇ ਪੱਧਰ ’ਤੇ ਘਪਲੇ ਘੋਟਾਲੇ ਹੋ ਚੁੱਕੇ ਨੇ।

ਕੁੱਝ ਲੋਕਾਂ ਦਾ ਕਹਿਣਾ ਏ ਕਿ ਜੇਕਰ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਖੜ੍ਹੀ ਕੀਤੀ ਬੀਬੀ ਜਗੀਰ ਕੌਰ ਪ੍ਰਧਾਨ ਬਣ ਜਾਂਦੀ ਤਾਂ ਉਸ ਨੇ ਕਈ ਘਪਲੇ ਘੋਟਾਲਿਆਂ ਤੋਂ ਪਰਦੇ ਚੁੱਕਣੇ ਸੀ, ਜਿਸ ਦੇ ਵਿਚ ਵੱਡੀ ਗਿਣਤੀ ਵਿਚ ਐਸਜੀਪੀਸੀ ਮੈਂਬਰ ਵੀ ਸ਼ਾਮਲ ਨੇ। ਇਨ੍ਹਾਂ ਪਰਦਿਆਂ ਨੂੰ ਬਣਾਏ ਰੱਖਣ ਲਈ ਹੀ ਬੀਬੀ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਏ। ਲੋਕ ਵੀ ਸੋਸ਼ਲ ਮੀਡੀਆ ’ਤੇ ਜੋ ਜੀਅ ਵਿਚ ਆਉਂਦੈ,, ਬੋਲੀ ਜਾਂਦੇ ਨੇ, ਭਾਵੇਂ ਸੱਚ ਹੋਵੇ ਜਾਂ ਝੂਠ।

ਹੈਰਾਨੀ ਇਸ ਗੱਲ ਦੀ ਵੀ ਹੁੰਦੀ ਐ ਜੋ 125 ਮੈਂਬਰ ਚੋਣ ਤੋਂ ਕੁੱਝ ਘੰਟੇ ਪਹਿਲਾਂ ਤੱਕ ਬੀਬੀ ਜਗੀਰ ਕੌਰ ਨੂੰ ਸਮਰਥਨ ਦੇਣ ਦੇ ਵੱਡੇ ਵੱਡੇ ਭਰੋਸੇ ਦਿੰਦੇ ਰਹੇ,,, ਜਿਸ ਦੇ ਸਿਰ ’ਤੇ ਬੀਬੀ ਦੇ ਹੌਂਸਲੇ ਵੀ ਕਾਫ਼ੀ ਬੁਲੰਦ ਨਜ਼ਰ ਆ ਰਹੇ ਸੀ ਪਰ ਐਨ ਮੌਕੇ ’ਤੇ ਅਜਿਹਾ ਕੀ ਹੋ ਗਿਆ ਕਿ ਪਾਸਾ ਹੀ ਪਲਟ ਗਿਆ? ਬੀਬੀ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਜੋ ਇਲਜ਼ਾਮ ਅਕਾਲੀ ਉਮੀਦਵਾਰ ਵੱਲੋਂ ਉਨ੍ਹਾਂ ’ਤੇ ਲਗਾਏ ਗਏ, ਉਸ ਵਿਚ ਉਹ ਖ਼ੁਦ ਸ਼ਾਮਲ ਸਨ।

ਕਹਿਣ ਦਾ ਭਾਵ ਕਿ ਜਦੋਂ ਧਾਮੀ ਸਾਬ੍ਹ ਚੋਣ ਜਿੱਤ ਗਏ ਨੇ ਤਾਂ ਕੀ ਮੈਂਬਰਾਂ ਦੀ ਖ਼ਰੀਦੋ ਫ਼ਰੋਖ਼ਤ ਅਕਾਲੀ ਦਲ ਵੱਲੋਂ ਕੀਤੀ ਗਈ ਐ? ਬੀਬੀ ਜਗੀਰ ਕੌਰ ਦੀ ਹਾਰ ਤੋਂ ਬਾਅਦ ਇਕ ਗੱਲ ਸਾਫ਼ ਹੋ ਗਈ ਐ ਕਿ ਅਕਾਲੀ ਸੁਧਾਰ ਲਹਿਰ ਵਾਲੇ ਇਕੱਲੇ ਹੀ ਡਫ਼ਲੀ ਵਜਾਉਂਦੇ ਫਿਰ ਰਹੇ ਨੇ, ਕਿਸੇ ਐਸਜੀਪੀਸੀ ਮੈਂਬਰ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਬਲਕਿ ਜਿਹੜੇ ਮੈਂਬਰ ਪਹਿਲੀ ਚੋਣ ਵਿਚ ਇਕੱਲੀ ਬੀਬੀ ਦੇ ਨਾਲ ਖੜ੍ਹੇ ਸੀ, ਉਨ੍ਹਾਂ ਵਿਚੋਂ 12 ਮੈਂਬਰ ਪੱਤੇ ਤੋੜ ਗਏ। ਯਾਨੀ ਕਿ ਅਕਾਲੀ ਦਲ ਸੁਧਾਰ ਲਹਿਰ ਦਾ ਇਸ ਚੋਣ ’ਤੇ ਰੱਤੀ ਭਰ ਵੀ ਅਸਰ ਨਹੀਂ ਦਿਸਿਆ।

ਉਂਝ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਜਿੱਤਣਾ ਅਕਾਲੀ ਦਲ ਦੇ ਲਈ ਕੋਈ ਵੱਡਾ ਮਾਅਰਕਾ ਵੀ ਨਹੀਂ ਕਿਹਾ ਜਾ ਸਕਦਾ,, ਕਿਉਂਕਿ ਅਸਲ ਪਤਾ ਤਾਂ ਉਦੋਂ ਲੱਗੇਗਾ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਹੋਣਗੀਆਂ, ਜਿਸ ਵਿਚ ਪੂਰਾ ਸਿੱਖ ਪੰਥ ਵੋਟਾਂ ਪਾਏਗਾ।

Tags:    

Similar News